ਗਮਾਡਾ ਸਭ ਤੋਂ ਵੱਡਾ ਪ੍ਰਾਪਰਟੀ ਟੈਕਸ ਡਿਫਾਲਟਰ, ਨਗਰ ਨਿਗਮ ਦਾ ਗਮਾਡਾ ਵੱਲ ਪੰਜ ਕਰੋੜ ਰੁਪਏ ਬਕਾਇਆ
ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪ੍ਰਾਪਰਟੀ ਟੈਕਸ ਨਗਰ ਨਿਗਮ ਲਈ ਆਮਦਨ ਦੇ ਮੁੱਖ ਸਰੋਤਾਂ ਵਿਚੋਂ ਇੱਕ ਹੈ, ਪਰ ਐਸ.ਏ.ਐਸ.ਨਗਰ (ਮੋਹਾਲੀ) ਨਗਰ ਨਿਗਮ ਸਰਕਾਰੀ ਅਦਾਰਿਆਂ ਵੱਲੋਂ ਲੰਬੇ ਸਮੇਂ ਤੋਂ ਪ੍ਰਾਪਰਟੀ ਟੈਕਸ ਨਾ ਦੇਣ ਕਾਰਨ ਇਸ ਸਮੇਂ ਇੱਕ ਵੱਡੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਐਸ.ਏ.ਐਸ.ਨਗਰ ਦੀਆਂ ਸਰਕਾਰੀ ਇਮਾਰਤਾਂ ਵਿੱਤੀ ਸਾਲ 2013-14 ਤੋਂ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਦੀ ਅਦਾਇਗੀ ਵਿਚ ਡਿਫਾਲਟਰ ਹੁੰਦੀਆਂ ਰਹੀਆਂ ਹਨ।ਆਰਥਿਕ ਤੰਗੀ ਦੀ ਮਾਰ ਝੱਲ ਰਹੇ ਐਸ.ਏ.ਐਸ.ਨਗਰ (ਮੋਹਾਲੀ) ਨਗਰ ਨਿਗਮ ਵੱਲ ਸ਼ਹਿਰ ਵਿਚ ਵੱਖ ਵੱਖ ਵਿਭਾਗਾਂ ਵੱਲ ਕਰੀਬ ਛੇ ਕਰੋੜ ਬਕਾਇਆਂ ਹਨ। ਇਨਾ ਵਿਚੋਂ ਸਰਕਾਰ ਦੇ ਕਮਾਉ ਵਿਭਾਗ ਵਜੋਂ ਜਾਣੇ ਜਾਂਦੇ ਫ਼ੇਜ਼ 8 ਵਿਚ ਗਮਾਡਾ ਵੱਲ ਸਭ ਤੋਂ ਵੱਧ ਪੰਜ ਕਰੋੜ ਦੇ ਕਰੀਬ ਬਕਾਇਆ ਹਨ।ਜਦ ਕਿ ਫ਼ੇਜ਼ 11 ਵਿਚ ਕਮਾਂਡੋ ਕੰਪਲੈਕਸ ਵੱਲ 1 ਕਰੋੜ ਦਾ ਬਕਾਇਆ ਬਕਾਇਆ ਹੈ। ਇਨ੍ਹਾਂ ਤੋਂ ਇਲਾਵਾ, ਫ਼ੇਜ਼ 10 ਵਿਚ ਕਿਰਤ ਵਿਭਾਗ ਨੇ 3 ਲੱਖ ਅਤੇ ਫ਼ੇਜ਼ 5 ਵਿਚ ਕ੍ਰਾਈਮ ਬਰਾਂਚ ਦੀ ਇਮਾਰਤ ਨੇ ਢਾਈ ਲੱਖ ਦਾ ਬਕਾਇਆ ਰਾਸ਼ੀ ਅਦਾ ਕਰਨੀ ਹੈ। ਫ਼ੇਜ਼ 3-ਏ ਵਿਚ ਪੀ ਡਬਲਯੂ ਡੀ ਦੀ ਇਮਾਰਤ ਨੇ 3 ਲੱਖ ਦਾ ਬਕਾਇਆ ਜਾਇਦਾਦ ਟੈਕਸ ਅਦਾ ਕਰਨਾ ਹੈ। ਜਦ ਕਿ ਸੈਕਟਰ 69 ਵਿਚ ਲੇ ਸ਼ਰਾਬ ਤੇ ਕਰ ਵਿਭਾਗ ਨੇ 2 ਲੱਖ ਅਦਾ ਕਰਨਾ ਹੈ। ਐਸ.ਏ.ਐਸ.ਨਗਰ (ਮੋਹਾਲੀ) ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਮੁੱਦਾ ਸਬੰਧਿਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ ਅਤੇ ਇਨ੍ਹਾਂ ਵਿਭਾਗਾਂ ਨੂੰ ਕਈ ਵਾਰ ਯਾਦ ਪੱਤਰ ਭੇਜੇ ਗਏ ਹਨ। ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਗਮਾਡਾ ਇਸ ਸਮੇਂ ਸ਼ਹਿਰ ਵਿਚਲੇ ਪਲਾਟਾਂ ਅਤੇ ਵਪਾਰਿਕ ਇਮਾਰਤਾਂ ਤੇ ਭਾਰੀ ਰਾਸ਼ੀ ਇਕੱਠੀ ਕਰ ਰਿਹਾ ਹੈ। ਪਰ ਨਗਰ ਨਿਗਮ ਜੋ ਕਿ ਇਸ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਾ ਭਰਿਆ ਰੱਖਦਾ ਹੈ ਉਸ ਨੂੰ ਇਕੱਠੀ ਕੀਤੀ ਗਈ ਰਕਮ ਵਿਚੋਂ ਹਿੱਸਾ ਦੇਣ ਦੀ ਥਾਂ ਬਣਦੇ ਪ੍ਰਾਪਰਟੀ ਟੈਕਸ ਨੂੰ ਵੀ ਦੇਣ ਤੋਂ ਗਮਾਡਾ ਟਾਲ਼ਾ ਵਰਤ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਐਸ.ਏ.ਐਸ.ਨਗਰ (ਮੁਹਾਲੀ) ਨਗਰ ਨਿਗਮ ਵੱਲੋਂ ਬੀਤੇ ਸ਼ਹਿਰ ਵਿਚ 14 ਵਪਾਰਕ ਜਾਇਦਾਦਾਂ ਦੇ ਮਾਲਕਾਂ ਨੂੰ ਸੀਲ ਕਰਨ ਦੇ ਨੋਟਿਸ ਜਾਰੀ ਕੀਤੇ। ਇਹ ਸ਼ੋ-ਰੂਮ ਫ਼ੇਜ਼ 1, 2, 3ਬੀ2 ਅਤੇ 6 ਵਿਚ ਹਨ, ਜੋ ਕਿ ਲੰਬੇ ਸਮੇਂ ਤੋਂ ਪ੍ਰਾਪਰਟੀ ਟੈਕਸ ਨਹੀਂ ਭਰ ਰਹੇ ਸਨ। ਜ਼ਿਕਰਯੋਗ ਹੈ ਕਿ ਨਿਗਮ ਵੱਲੋਂ ਇਸ ਤੋਂ ਪਹਿਲਾਂ ਦੋ ਮਹੀਨੇ ਪਹਿਲਾਂ 200 ਤੋਂ ਵੱਧ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਸਨ। ਜਿਸ ਤੋਂ ਬਾਅਦ ਜ਼ਿਆਦਾਤਰ ਨੇ ਭੁਗਤਾਨ ਕਰ ਦਿਤੇ ਸਨ ਪਰ ਨੋਟਿਸ ਮਿਲਣ ਤੋਂ ਬਾਅਦ ਵੀ ਭੁਗਤਾਨ ਨਾ ਕਰਨ ਵਾਲੇ 14 ਮਾਲਕਾਂ ਨੂੰ ਹੁਣ ਦੂਜੇ ਨੋਟਿਸ ਰਾਹੀਂ ਸੀਲਿੰਗ ਨੋਟਿਸ ਭੇਜੇ ਗਏ ਹਨ। ਨਿਗਮ ਦੇ ਅੰਕੜਿਆਂ ਮੁਤਾਬਿਕ ਵਪਾਰਕ ਜਾਇਦਾਤਾਂ ਦੀ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਕਰੋੜਾਂ ਵਿਚ ਹੈ। ਜਾਣਕਾਰੀ ਮੁਤਾਬਿਕ 2024-25 ਦੇ ਆਰਥਿਕ ਵਰ੍ਹੇ ਵਿਚ ਐੱਮ.ਸੀ. ਨੇ 41 ਕਰੋੜ ਦੇ ਟੀਚੇ ਵਿਚੋਂ 37 ਕਰੋੜ ਰੁਪਏ ਵਸੂਲ ਕਰ ਲਏ ਹਨ, ਜਦ ਕਿ ਪਿਛਲੇ ਆਰਥਿਕ ਵਰ੍ਹੇ ਵਿਚ 35 ਕਰੋੜ ਦੇ ਟੀਚੇ ਦੀ ਤੁਲਨਾ ਵਿਚ 36 ਕਰੋੜ ਰੁਪਏ ਇਕੱਠੇ ਹੋਏ ਸਨ। ਟੈਕਸ ਨਾ ਭਰਨ ਤੇ ਕੀਤਾ ਜਾ ਰਿਹਾ ਭਾਰੀ ਜੁਰਮਾਨਾ ਐਸ.ਏ.ਐਸ.ਨਗਰ ਨਗਰ ਨਿਗਮ ਨੇ 2024 ਸਤੰਬਰ ਤੱਕ ਦੇ ਭੁਗਤਾਨ ਉੱਤੇ 10% ਦੀ ਛੂਟ ਦਿੱਤੀ ਸੀ। ਜੋ ਮਾਲਕ ਅਜੇ ਤੱਕ ਭੁਗਤਾਨ ਨਹੀਂ ਕਰ ਸਕੇ, ਉਹ 31 ਮਾਰਚ ਤੱਕ 10% ਪੈਨਲਟੀ ਦੇ ਨਾਲ ਟੈਕਸ ਭਰ ਸਕਣਗੇ। ਪਰ, 31 ਮਾਰਚ ਤੋਂ ਬਾਅਦ, ਉਨ੍ਹਾਂ ਤੇ 20% ਪੈਨਲਟੀ ਅਤੇ 18% ਸਾਲਾਨਾ ਵਿਆਜ ਲਾਗੂ ਹੋਵੇਗਾ।
Comments
Post a Comment