ਯੂਥ ਅਕਾਲੀ ਦਲ ਪ੍ਰਧਾਨ ਨੇ ਆਪ ਵਿਧਾਇਕ ਬਲਕਾਰ ਸਿੰਘ ‘ਤੇ ਮਹਿਲਾਵਾਂ ਖਿਲਾਫ਼ ਅਪਮਾਨਜਨਕ ਟਿੱਪਣੀਆਂ ਲਈ ਤੀਖ਼ਾ ਹਮਲਾ ਕੀਤਾ
ਯੂਥ ਅਕਾਲੀ ਦਲ ਪ੍ਰਧਾਨ ਨੇ ਆਪ ਵਿਧਾਇਕ ਬਲਕਾਰ ਸਿੰਘ ‘ਤੇ ਮਹਿਲਾਵਾਂ ਖਿਲਾਫ਼ ਅਪਮਾਨਜਨਕ ਟਿੱਪਣੀਆਂ ਲਈ ਤੀਖ਼ਾ ਹਮਲਾ ਕੀਤਾ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਚੁੱਪੀ ‘ਤੇ ਵੀ ਉਠਾਏ ਸਵਾਲ
ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਿਆ ਨਿਸ਼ਾਨੇ, ਕਿਹਾ – ਮੁੱਖ ਮੰਤਰੀ ਖੁਦ ਮਹਿਲਾਵਾਂ ਨਾਲ ਬਦਸਲੂਕੀ ਕਰਨ ਦੀ ਮਿਸਾਲ ਸੈੱਟ ਕਰ ਰਹੇ ਹਨ
ਚੰਡੀਗੜ੍ਹ 27 ਫ਼ਰਵਰੀ ( ਰਣਜੀਤ ਧਾਲੀਵਾਲ ) : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਅੱਜ ਆਮ ਆਦਮੀ ਪਾਰਟੀ ਦੇ ਰਾਮਪੁਰਾ ਫੂਲ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਮਹਿਲਾਵਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਚੁੱਪੀ ‘ਤੇ ਵੀ ਸਵਾਲ ਉਠਾਏ। ਝਿੰਜਰ ਨੇ ਇਕ ਵਾਇਰਲ ਆਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਵਿੱਚ ਵਿਧਾਇਕ ਬਲਕਾਰ ਸਿੰਘ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪਾਰਟੀ ਵਰਕਰ ਆਪਣੀਆਂ ਪਤਨੀਆਂ ਉਨ੍ਹਾਂ ਕੋਲ ਛੱਡ ਜਾਂਦੇ ਹਨ, ਜਿਸਨੂੰ ਉਹ “ਵਰਤਣ” ਅਤੇ ਰਾਤ ਬਿਤਾਉਣ ਲਈ ਵਰਤ ਸਕਦੇ ਹਨ। ਇਸ ਆਡੀਓ ਵਿੱਚ ਵਿਧਾਇਕ ਵੱਲੋਂ ਗੰਦੀ ਗਾਲਾਂ ਕੱਢਣੀਆਂ ਵੀ ਸੁਣੀਆਂ ਜਾ ਸਕਦੀਆਂ ਹਨ। ਫੇਸਬੁੱਕ ਲਾਈਵ ‘ਚ ਗੱਲਬਾਤ ਕਰਦਿਆਂ, ਸਰਬਜੀਤ ਝਿੰਝਰ ਨੇ ਕਿਹਾ, “ਇਹ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਵਿਧਾਇਕਾਂ ਦੀ ਅਸਲੀ ਸੋਚ ਹੈ। ਇਨ੍ਹਾਂ ਲਈ ਮਹਿਲਾਵਾਂ ਇੱਕ ਵਸਤੂ ਵਾਂਗ ਹਨ, ਜਿਨ੍ਹਾਂ ਦਾ ਲੈਣ-ਦੇਣ ਹੋ ਸਕਦਾ ਹੈ। ਉਹ ਆਪਣੇ ਪਾਰਟੀ ਵਰਕਰਾਂ ਦੀ ਪਤਨੀਆਂ ਬਾਰੇ ਵੀ ਅਪਮਾਨਜਨਕ ਟਿੱਪਣੀਆਂ ਕਰ ਰਹੇ ਹਨ। ਵਿਧਾਇਕ ਬਲਕਾਰ ਸਿੰਘ ਵਲੋਂ ਕੀਤੀਆਂ ਗੱਲਾਂ ਪੂਰੀ ਤਰ੍ਹਾਂ ਅਸਵੀਕਾਰਯੋਗ ਹਨ, ਅਤੇ ਉਨ੍ਹਾਂ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ। ਪਰ, ਕਾਰਵਾਈ ਕਰਨ ਦੀ ਬਜਾਏ, ਆਪ ਸਰਕਾਰ ਨੇ ਉਸ ਪੱਤਰਕਾਰ ਮਨਿੰਦਰਜੀਤ ਸਿੰਘ ‘ਤੇ ਝੂਠਾ ਮੁਕੱਦਮਾ ਦਾਇਰ ਕਰ ਦਿੱਤਾ, ਜਿਸ ਨੇ ਆਪ ਵਿਧਾਇਕ ਦਾ ਅਸਲੀ ਚਿਹਰਾ ਬੇਨਕਾਬ ਕੀਤਾ। ਮੈਂ ਇਸ ਦੀ ਕੜੀ ਨਿੰਦਾ ਕਰਦਾ ਹਾਂ।” ਉਨ੍ਹਾਂ ਨੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਚੁੱਪੀ ‘ਤੇ ਵੀ ਸਵਾਲ ਖੜ੍ਹੇ ਕਰਦੇ ਹੋਏ ਕਿਹਾ, “ਇਹ ਬਹੁਤ ਹੈਰਾਨੀਜਨਕ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਪੂਰੀ ਤਰ੍ਹਾਂ ਚੁੱਪ ਬੈਠੇ ਹਨ। ਆਮ ਤੌਰ ‘ਤੇ ਉਹ ਬਹੁਤ ਸਰਗਰਮ ਰਹਿੰਦੇ ਹੈ ਜਦੋਂ ਗੱਲ ਕਿਸੇ ਹੋਰ ਪਾਰਟੀ ਦੇ ਨੇਤਾ ਦੀ ਆਉਂਦੀ ਹੈ, ਪਰ ਹੁਣ, ਜਦੋਂ ਆਪ ਦਾ ਮੌਜੂਦਾ ਵਿਧਾਇਕ ਮਹਿਲਾਵਾਂ ਬਾਰੇ ਇੰਨੀ ਅਪਮਾਨਜਨਕ ਗੱਲਾਂ ਕਰ ਰਿਹਾ ਹੈ, ਉਹ ਚੁੱਪ ਹਨ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਵਿਧਾਇਕ ‘ਤੇ ਕਾਰਵਾਈ ਕਰਨ। ਨਹੀਂ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਉਹ ਵੀ ਆਮ ਆਦਮੀ ਪਾਰਟੀ ਦੀ ਇਕ ਕਠਪੁਤਲੀ ਹੀ ਹਨ।” ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਬੋਲਦਿਆਂ, ਝਿੰਜਰ ਨੇ ਕਿਹਾ, “ਇਸ ਮੁੱਦੇ ਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਚੁੱਪੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਸ਼ਰਾਬ ਪੀ ਕੇ ਮਹਿਲਾਵਾਂ ਨਾਲ ਗਲਤ ਵਤੀਰਾ ਰੱਖਣ ਲਈ ਮਸ਼ਹੂਰ ਹਨ। ਕੁੱਝ ਦਿਨ ਪਹਿਲਾਂ ਹੀ ਚੋਹਲ ਡੈਮ ਦੌਰੇ ਦੌਰਾਨ, ਸ਼ਰਾਬ ਦੇ ਨਸ਼ੇ ਵਿੱਚ ਉਨ੍ਹਾਂ ਵਲੋਂ ਇੱਕ ਔਰਤ ਐਸਐਚਓ ਨਾਲ ਬਦਸਲੂਕੀ ਕਰਨ ਦੀ ਖ਼ਬਰ ਆਈ ਸੀ। ਜੇਕਰ ਮੁੱਖ ਮੰਤਰੀ ਖੁਦ ਇੰਝ ਕਰੇਗਾ, ਤਾਂ ਫਿਰ ਹੋਰ ਆਗੂਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਪਹਿਲਾਂ ਵੀ, ਮਹਿਲਾ ਸੰਸਦ ਮੈਂਬਰਾਂ ਨੇ ਲੋਕ ਸਭਾ ਵਿੱਚ ਸ਼ਿਕਾਇਤ ਕੀਤੀ ਸੀ ਕਿ ਭਗਵੰਤ ਮਾਨ ਨਸ਼ੇ ਦੀ ਹਾਲਤ ‘ਚ ਆਉਂਦੇ ਹਨ। ਇਹ ਸੋਚ ਕੇ ਵੀ ਹੈਰਾਨੀ ਹੁੰਦੀ ਹੈ ਕਿ ਪੰਜਾਬੀਆਂ ਨੇ ਇਕ ਨਸ਼ਈ ਨੂੰ ਆਪਣਾ ਮੁੱਖ ਮੰਤਰੀ ਕਿਵੇਂ ਚੁਣ ਲਿਆ।” ਉਨ੍ਹਾਂ ਨੇ ਹੋਰ ਕਿਹਾ, “ਮੈਂ ਪੂਰਾ ਯਕੀਨ ਰੱਖਦਾ ਹਾਂ ਕਿ ਵਿਧਾਇਕ ਬਲਕਾਰ ਸਿੰਘ ‘ਤੇ ਕਾਰਵਾਈ ਕਰਨ ਦੀ ਬਜਾਏ, ਆਪ ਸਰਕਾਰ ਉਸ ਦੀ ਰੱਖਿਆ ਕਰੇਗੀ ਅਤੇ ਬਾਅਦ ‘ਚ ਉਸ ਨੂੰ ਇਨਾਮ ਦੇਵੇਗੀ, ਜਿਵੇਂ ਕਿ ਦਿੱਲੀ ‘ਚ ਹੋਇਆ। ਉਥੇ, ਆਮ ਆਦਮੀ ਪਾਰਟੀ ਦੀ ਆਪਣੇ ਹੀ ਰਾਜ ਸਭਾ ਸਾਂਸਦ ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਹੋਇਆ। ਉਹ ਮੁੱਖ ਮੰਤਰੀ ਹਾਊਸ ‘ਚ ਅਰਵਿੰਦ ਕੇਜਰੀਵਾਲ ਦੇ ਨਜ਼ਦੀਕੀ ਸਹਿਯੋਗੀ ਬਿਭਵ ਕੁਮਾਰ ਵਲੋਂ ਬਦਸਲੂਕੀ ਦਾ ਸ਼ਿਕਾਰ ਹੋਈ। ਪਰ ਉਥੇ ਵੀ ਉਲਟ ਹੀ ਹੋਇਆ, ਭੇਹਵ ਕੁਮਾਰ ਨੂੰ ਸਜ਼ਾ ਦੇਣ ਦੀ ਬਜਾਏ, ਉਸ ਨੂੰ ਪੰਜਾਬ ਮੁੱਖ ਮੰਤਰੀ ਹਾਊਸ ਵਿੱਚ ਲਿਆਂਦਾ ਗਿਆ, ਤਾਂ ਕਿ ਉਹ ਇਥੋਂ ਸਰਕਾਰ ਚਲਾਵੇ।” ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਝਰ ਨੇ ਆਪ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਐਮ ਐਲ ਏ ਬਲਕਾਰ ਸਿੰਘ ਸਿੱਧੂ ਨੂੰ ਤੁਰੰਤ ਬਰਖਾਸਤ ਨਾ ਕੀਤਾ ਗਿਆ, ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਆਪ ਸਰਕਾਰ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕਰੇਗਾ।
Comments
Post a Comment