ਟਰੱਕ ਯੂਨੀਅਨ ਆਗੂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਨਰਿੰਦਰ ਭਰਾਜ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਹੋਵੇ : ਅਕਾਲੀ ਦਲ
ਟਰੱਕ ਯੂਨੀਅਨ ਆਗੂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ’ਤੇ ਨਰਿੰਦਰ ਭਰਾਜ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਹੋਵੇ : ਅਕਾਲੀ ਦਲ
ਭਰਾਜ ਨੇ ਮਨਜੀਤ ਸਿੰਘ ਕਾਕਾ ਦੇ ਦਾਅਵੇ ਨੂੰ ਦਰਕਿਨਾਰ ਕਰ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਟਰੱਕ ਯੂਨੀਅਨ ਪ੍ਰਧਾਨ ਦਾ ਅਹੁਦਾ ਵੇਚਿਆ : ਵਿਨਰਜੀਤ ਸਿੰਘ ਗੋਲਡੀ
ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਭਵਾਨੀਗੜ੍ਹ ਦੇ ਟਰੱਕ ਯੂਨੀਅਨ ਆਗੂ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਉਸ ਖਿਲਾਫ ਫੌਜਦਾਰੀ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ ਕਿਉਂਕਿ ਭਰਾਜ ਨੇ ਮਨਜੀਤ ਦਾ ਦਾਅਵਾ ਦਰਕਿਨਾਰ ਕਰ 55 ਲੱਖ ਰੁਪਏ ਦੀ ਬੋਲੀ ਲਗਾਉਣ ਵਾਲੇ ਨੂੰ ਟਰੱਕ ਯੂਨੀਅਨ ਪ੍ਰਧਾਨ ਦਾ ਅਹੁਦਾ ਵੇਚ ਦਿੱਤਾ ਹੈ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ 2022 ਵਿਚ ਜਦੋਂ ਆਮ ਆਦਮੀ ਪਾਰਟੀ (ਆਪ) ਸਰਕਾਰ ਸੱਤਾ ਵਿਚ ਆਈ ਸੀ ਤਾਂ ਉਸ ਵੇਲੇ ਭਵਾਨੀਗੜ੍ਹ ਦੇ ਟਰੱਕ ਅਪਰੇਟਰਾਂ ਨੇ ਯੂਨੀਅਨ ਦੇ ਅਹੁਦੇ ਵੇਚੇ ਜਾਣ ਖਿਲਾਫ ਵਿਆਪਕ ਰੋਸ ਪ੍ਰਦਰਸ਼ਨ ਕੀਤੇ ਸਨ। ਉਹਨਾਂ ਕਿਹਾ ਕਿ ਉਦੋਂ ਇਹ ਫੈਸਲਾ ਹੋਇਆ ਸੀ ਕਿ ਪੰਜ ਸਾਲ ਦੀ ਮਿਆਦ ਵਾਸਤੇ ਪੰਜ ਪ੍ਰਧਾਨ ਚੁਣ ਲਏ ਜਾਣ ਜੋ ਇਕ-ਇਕ ਸਾਲ ਪ੍ਰਧਾਨ ਰਹਿਣਗੇ। ਉਹਨਾਂ ਕਿਹਾ ਕਿ ਤੀਜੇ ਸਾਲ ਯਾਨੀ 2025 ਵਿਚ ਮਨਜੀਤ ਸਿੰਘ ਕਾਕਾ ਫੱਗੂਵਾਲ ਦੇ ਪ੍ਰਧਾਨ ਬਣਨ ਦੀ ਵਾਰੀ ਸੀ ਤੇ ਇਸ ਵਾਸਤੇ ਉਸਨੇ ਭਰਾਜ ਨੂੰ 30 ਲੱਖ ਰੁਪਏ ਵੀ ਦਿੱਤੇ ਸਨ। ਉਹਨਾਂ ਕਿਹਾ ਕਿ ਐਨ ਮੌਕੇ ’ਤੇ ਇਕ ਹੋਰ ਦਾਅਵੇਦਾਰ ਨੇ ਭਰਾਜ ਨੂੰ ਪ੍ਰਧਾਨ ਦੇ ਅਹੁਦੇ ਵਾਸਤੇ 55 ਲੱਖ ਰੁਪਏ ਦੇ ਦਿੱਤੇ ਤਾਂ ਭਰਾਜ ਨੇ ਉਸਨੂੰ ਪ੍ਰਧਾਨ ਬਣਾ ਦਿੱਤਾ। ਉਹਨਾਂ ਕਿਹਾ ਕਿ ਭਰਾਜ ਦੀ ਇਸ ਕਾਰਵਾਈ ਤੋਂ ਪ੍ਰੇਸ਼ਾਨ ਹੋਏ ਮਨਜੀਤ ਸਿੰਘ ਕਾਕਾ ਫੱਗੂਵਾਲਾ ਨੇ ਜ਼ਹਿਰ ਨਿਗਲ ਲਿਆ ਤੇ ਹੁਣ ਉਹ ਪਟਿਆਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਭਰਾਜ ਵੱਲੋਂ ਮਨਜੀਤ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਤੇ ਅਹੁਦੇ ਵੇਚ ਕੇ ਭ੍ਰਿਸ਼ਟਾਚਾਰ ਵਿਚ ਲਿਪਤ ਹੋਣ ਲਈ ਉਸਦੇ ਖਿਲਾਫ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।
Comments
Post a Comment