ਪੰਜਾਬ ਸਰਕਾਰ ਵੱਲੋਂ ਸਾਰੇ ਸਿੱਖਿਆ ਬੋਰਡਾਂ ਲਈ ਪੰਜਾਬੀ ਭਾਸ਼ਾ ਲਾਜ਼ਮੀ ਕਰਨ ਦਾ ਜਾਰੀ ਕੀਤਾ ਗਿਆ ਹੁਕਮ ਗਲਤ : ਹਰਜੀਤ ਸਿੰਘ ਗਰੇਵਾਲ
ਪੰਜਾਬ ਸਰਕਾਰ ਵੱਲੋਂ ਸਾਰੇ ਸਿੱਖਿਆ ਬੋਰਡਾਂ ਲਈ ਪੰਜਾਬੀ ਭਾਸ਼ਾ ਲਾਜ਼ਮੀ ਕਰਨ ਦਾ ਜਾਰੀ ਕੀਤਾ ਗਿਆ ਹੁਕਮ ਗਲਤ : ਹਰਜੀਤ ਸਿੰਘ ਗਰੇਵਾਲ
ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਮ ਆਦਮੀ ਪਾਰਟੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਹਰ ਬੋਰਡ ਪ੍ਰੀਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ਾ ਐਲਾਨਣਾ ਅਤੇ ਪਾਸ ਹੋਣ ਤੇ ਪੰਜਾਬ ਵਿੱਚ ਨੌਕਰੀ ਮਿਲਣ ਦਾ ਆਦੇਸ਼ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸ ਦਾ ਹਰ ਕਿਸੇ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪੰਜਾਬੀ ਪੜ੍ਹਨੀ ਚਾਹੀਦੀ ਹੈ ਅਤੇ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਹਨ। ਪਰ ਦੱਖਣੀ ਰਾਜਾਂ ਵਾਂਗ ਦੂਜੇ ਰਾਜਾਂ ਦੇ ਵਿਦਿਆਰਥੀ ਨਾ ਤਾਂ ਪੰਜਾਬੀ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਉਥੇ ਪੜ੍ਹਾਇਆ ਜਾਂਦਾ ਹੈ ਅਤੇ ਨਾ ਹੀ ਉਹ ਸਮਝ ਸਕਦੇ ਹਨ, ਇਸ ਲਈ ਇਹ ਹੁਕਮ ਉਨ੍ਹਾਂ ਲਈ ਵੱਡੀ ਸਮੱਸਿਆ ਪੈਦਾ ਕਰੇਗਾ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਸਰਕਾਰ ਚਲਾਉਣ ਨੂੰ ਕਾਮੇਡੀ ਸਮਝਦੇ ਹਨ। ਉਨ੍ਹਾਂ ਨੂੰ ਇਸ ਹੁਕਮ ਦਾ ਮਤਲਬ ਵੀ ਨਹੀਂ ਪਤਾ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਗੁਆਂਢੀ ਸੂਬੇ ਵੀ ਆਪਣੀ ਮਾਂ-ਬੋਲੀ ਬਾਰੇ ਇਸੇ ਤਰ੍ਹਾਂ ਦੇ ਹੁਕਮ ਜਾਰੀ ਕਰਨਗੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਨੌਕਰੀਆਂ ਨਹੀਂ ਮਿਲਣਗੀਆਂ। ਕੀ ਇਹ ਹੁਕਮ ਪਾਸ ਕਰਨ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਬਾਰੇ ਸੋਚਿਆ ਹੈ ਜਾਂ ਇਸ ਦੇ ਹੱਲ ਬਾਰੇ ਸੋਚਿਆ ਹੈ? ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਇਸ ਦੇ ਉੱਪਰ ਹੀ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੇ ਅਜਿਹੇ ਹੁਕਮ ਅੱਗ 'ਚ ਤੇਲ ਵਾਲਾ ਕੰਮ ਕਰਨਗੇ। ਕਿਉਂਕਿ ਕੋਈ ਵੀ ਰਾਜ ਕਿਸੇ ਹੋਰ ਰਾਜ ਦੇ ਸਿੱਖਿਆ ਬੋਰਡ ਨੂੰ ਆਪਣੀ ਭਾਸ਼ਾ ਲਾਜ਼ਮੀ ਬਣਾਉਣ ਦਾ ਹੁਕਮ ਨਹੀਂ ਦੇ ਸਕਦਾ।
Comments
Post a Comment