ਸਿੱਖਿਆ ਮੰਤਰੀ ਨੂੰ ਦਿੱਤੀ ਚੇਤਾਵਨੀ, ਕਿਹਾ- ਤੁਹਾਡੇ ਕੋਲ ਸਿਰਫ਼ 48 ਘੰਟਿਆਂ ਦਾ ਸਮਾਂ
ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਲਾਰਿਆਂ ਤੋਂ ਤੰਗ ਆ ਕੇ ਦੋ ਬੇਰੁਜ਼ਗਾਰ ਅਧਿਆਪਕ ਮਨਪ੍ਰੀਤ ਜਲਾਲਾਬਾਦ ਅਤੇ ਨਾਲ ਇਕ ਹੋਰ ਅਧਿਆਪਕ ਭਾਵੁਕ ਹੋ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਦੇ ਨਾਲ ਲਗਦੇ ਪਿੰਡ ਮਾਂਗੇਵਾਲ ਟੈਂਕੀ ਉਪਰ ਚੜ ਗਏ ਅਤੇ ਨਾਲ ਹੀ ਸਿੱਖਿਆ ਮੰਤਰੀ ਨੂੰ ਚੇਤਾਵਨੀ ਦੇ ਮਾਰੀ ਕਿ ਤੁਹਾਡੇ ਕੋਲ ਅੱਜ ਅਤੇ ਕੱਲ੍ਹ (48 ਘੰਟੇ) ਦਾ ਸਮਾਂ ਹੈ, ਸਾਡਾ ਮਸਲਾ ਹੱਲ ਕਰਕੇ ਸਾਨੂੰ ਸਕੂਲਾਂ ਵਿੱਚ ਜੁਆਇੰਨ ਕਰਵਾ ਦਿਓ, ਨਹੀਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਵਾਂਗੇ। ਪਾਣੀ ਵਾਲੀ ਟੈਂਕੀ ਤੇ ਚੜੇ ਬੇਰੁਜਗਾਰ ਅਧਿਆਪਕ ਨੇ ਵੀਡੀਓ ਜਾਰੀ ਕਰਦਿਆਂ ਈਟੀਟੀ 5994 ਅਤੇ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ, ਸਾਥੀਓ ਅਸੀਂ ਸਰਕਾਰ ਦੀ ਨੀਤੀਆਂ ਤੋਂ ਤੰਗ ਆ ਕੇ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਦੇ ਨਿਤ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ ਸ਼੍ਰੀ ਆਨੰਦਪੁਰ ਹਲਕਾ ਜੋ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਹੈ। ਇਸ ਹਲਕੇ ਦੇ ਪਿੰਡ ਮਾਂਗੇਵਾਲ ਦੀ ਟੈਂਕੀ ‘ਤੇ ਅਸੀਂ ਚੜ ਚੁੱਕੇ ਹਾਂ। ਉਨ੍ਹਾਂ ਸਰਕਾਰ ਨੂੰ ਚਤਾਵਨੀ ਦਿੰਦੇ ਹੋਏ ਕਿਹਾ ਕਿ, ਜੇਕਰ ਸਾਡਾ ਅੱਜ ਦਿਨ ਵੀਰਵਾਰ ਅਤੇ ਸ਼ੁਕਰਵਾਰ ਨੂੰ ਹੱਲ ਕਰਕੇ ਅਲਾਟਮੈਂਟਾਂ ਨਾ ਕੀਤੀਆਂ ਗਈਆਂ ਤਾਂ ਅਸੀਂ ਇਸ ਤੋਂ ਵੀ ਗੁਪਤ ਐਕਸ਼ਨ ਕਰਾਂਗੇ। ਵੀਡੀਓ ਵਿੱਚ ਬੇਰੁਜ਼ਗਾਰਾਂ ਨੇ ਕਿਹਾ ਕਿ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਧੱਕਾ ਨਾ ਕੀਤਾ ਜਾਵੇ, ਅਸੀਂ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜੇ ਹਾਂ। ਜੇਕਰ ਪ੍ਰਸਾਸ਼ਨ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਅਸੀਂ ਆਪਣੇ ਆਪ ਤੇ ਪੈਟਰੋਲ ਪਾ ਕੇ ਅੱਗ ਲਾ ਕੇ ਆਪਣੀ ਜੀਵਨ ਲੀਲਾ ਨੂੰ ਸਮਰਪਿਤ ਕਰ ਲਵਾਂਗੇ। ਉਨ੍ਹਾਂ ਨੇ ਪ੍ਰਸ਼ਾਸਨ, ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਅੱਗੇ ਬੇਨਤੀ ਕੀਤੀ ਕਿ ਅੱਜ ਸ਼ਾਮ ਤੱਕ ਅਲਾਟਮੈਂਟਾਂ ਕਰਕੇ ਸਾਨੂੰ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਭੇਜਿਆ ਜਾਵੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ, ਅਸੀਂ ਤੁਹਾਡੇ (ਸਰਕਾਰ) ਫੰਕਸ਼ਨ ਤੋਂ ਕੁਝ ਨਹੀਂ ਲੈਣਾ, ਸਾਨੂੰ ਕੋਈ ਤੁਹਾਡੇ ਫੰਕਸ਼ਨ ਦਾ ਚਾਅ ਨਹੀਂ, ਸਾਨੂੰ ਸਿਰਫ ਤੇ ਸਿਰਫ ਜੁਆਇਨਿੰਗ ਦਿਓ ਤਾਂ ਜ਼ੋ, ਅਸੀਂ ਆਪਣੇ ਆਪਣੇ ਸਕੂਲਾਂ ਦੇ ਵਿੱਚ ਜਾਈਏ।
Comments
Post a Comment