ਪੰਜ ਮੈਂਬਰੀ ਭਰਤੀ ਕਮੇਟੀ ਦੀ ਸੰਗਰੂਰ ਮੀਟਿੰਗ ਨੇ ਧਾਰਿਆ ਵੱਡੀ ਸਿਆਸੀ ਕਾਨਫਰੰਸ ਦਾ ਰੂਪ
ਵਿਅਕਤੀ ਵਿਸ਼ੇਸ਼ ਲਈ ਭਰਤੀ ਕਰਨ ਵਾਲਾ ਧੜਾ ਅਕਾਲੀ ਵਰਕਰਾਂ ਨੂੰ ਕਰ ਰਿਹਾ ਗੁੰਮਰਾਹ, ਸਾਡੀ ਮੁੜ ਅਪੀਲ ਆਓ, ਨਿੱਜੀ ਸਵਾਰਥ ਛੱਡ ਕੇ ਭਰਤੀ ਮੁਹਿੰਮ ਦਾ ਹਿੱਸਾ ਬਣੋ
ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਆਉਣ ਨਾਲ ਭਰਤੀ ਕਮੇਟੀ ਨੂੰ ਵੱਡਾ ਬਲ ਮਿਲਿਆ ਤੇ ਸਮੁੱਚੇ ਸੰਗਰੂਰ ਜਿਲੇ ਲੀਡਰਸਿੱਪ ਇਕਜੁੱਟ ਹੋਈ
ਸੰਗਰੂਰ/ਚੰਡੀਗੜ੍ਹ 29 ਮਾਰਚ ( ਰਣਜੀਤ ਧਾਲੀਵਾਲ ) : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਭਰਤੀ ਕਮੇਟੀ ਦੀ ਤੀਜੀ ਮੀਟਿੰਗ ਅੱਜ ਸੰਗਰੂਰ ਵਿਖੇ ਹੋਈ। ਵੱਡੀ ਸਿਆਸੀ ਕਾਨਫਰੰਸ ਦਾ ਰੂਪ ਧਾਰਨ ਤੇ ਅੱਜ ਦੇ ਇਕੱਠ ਨੂੰ "ਪੰਥ ਦਾ ਧੜਕਦਾ ਦਿਲ" ਕਰਾਰ ਦਿੱਤਾ ਗਿਆ। ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਗਰੂਰ ਦੀ ਧਰਤੀ ਤੇ ਹਮੇਸ਼ਾ ਇਨਕਲਾਬ ਦੀ ਚਿਣਗ ਬਲਦੀ ਰਹੀ ਹੈ। ਏਥੋਂ ਦੀ ਧਰਤੀ ਤੇ ਵੱਡੀਆਂ ਵੱਡੀਆਂ ਲਹਿਰਾਂ ਉੱਠੀਆਂ, ਦੇਸ਼ ਦੀ ਆਜ਼ਾਦੀ ਲਈ ਉੱਠੀ ਲਹਿਰ ਹੋਵੇ ਜਾਂ ਖੇਤੀ ਕਾਨੂੰਨਾਂ ਖਿਲਾਫ਼ ਉੱਠੀ ਲਹਿਰ ਹੋਵੇ, ਇਹਨਾ ਲਹਿਰਾਂ ਨੇ ਵੱਡੀਆਂ ਵੱਡੀਆਂ ਹਕੂਮਤਾਂ ਨੂੰ ਝੁਕਣ ਲਈ ਮਜਬੂਰ ਕੀਤਾ। ਇਯਾਲੀ ਨੇ ਕਿਹਾ ਕਿ ਨਿਜ਼ਾਮ ਬਦਲਣ ਵਿੱਚ ਮੋਹਰੀ ਰਹੀ ਇਨਕਲਾਬੀ ਧਰਤੀ ਤੇ ਹੋਏ ਪੰਥਕ ਇਕੱਠ ਨੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਲਹਿਰ ਦਾ ਅੱਜ ਮੁੱਢ ਬੰਨ੍ਹਿਆ ਹੈ। ਇਸ ਦੇ ਨਾਲ ਹੀ ਇਯਾਲੀ ਨੇ ਸੋਸ਼ਲ ਮੀਡੀਆ ਉਪਰ ਭਰਤੀ ਕਮੇਟੀ ਮੈਬਰਾਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਦਾ ਮੁੱਦਾ ਖਾਸ ਤੌਰ ਤੇ ਚੁੱਕਿਆ। ਸਰਦਾਰ ਇਯਾਲੀ ਨੇ ਕਿਹਾ ਕਿ ਕੁਝ ਲੋਕ, ਜਿੰਨਾ ਨੇ ਵਿਅਕਤੀ ਵਿਸ਼ੇਸ਼ ਦੇ ਧੜੇ ਹੇਠ ਵਿਅਕਤੀ ਵਿਸ਼ੇਸ਼ ਲਈ ਅਤੇ ਉਸ ਦੀ ਸਿਆਸਤ ਨੂੰ ਬਚਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾਂ ਨੂੰ ਪਿੱਠ ਦਿਖਾ ਕੇ ਪੰਥਕ ਭਾਵਨਾਵਾਂ ਦੇ ਉਲਟ ਜਾਕੇ ਭਰਤੀ ਕੀਤੀ, ਅੱਜ ਓਹ ਪੁਨਰ ਸੁਰਜੀਤੀ ਲਈ ਉੱਠੀ ਲਹਿਰ ਤੇ ਤਰਾਂ-ਤਰਾਂ ਦੇ ਇਲਜਾਮ ਲਗਾਕੇ ਦਬਾਉਣ ਦੀ ਸਾਜਿਸ਼ ਰਚ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਏ ਕੁਝ ਕੁ ਲੋਕ ਅਕਾਲੀ ਵਰਕਰਾਂ ਨੂੰ ਗੁੰਮਰਾਹ ਕਰ ਰਹੇ ਹਨ। ਇਯਾਲੀ ਨੇ ਕਿਹਾ ਕਿ ਪਹਿਲਾਂ ਝੂੰਦਾ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਦਾ ਗਲਾ ਘੁੱਟਿਆ ਗਿਆ ਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ ਲੋਕ,ਸਾਜਿਸ਼ਾਂ ਰਚਣ ਤੋਂ ਬਾਜ ਨਹੀਂ ਆ ਰਹੇ। ਇਯਾਲੀ ਨੇ ਬੀਤੇ ਦਿਨ ਐਸਜੀਪੀਸੀ ਦੇ ਜਨਰਲ ਇਜਲਾਸ ਵਿੱਚ ਹੋਏ ਪੰਥਕ ਘਾਣ ਦੀ ਗੱਲ ਕਰਦਿਆਂ ਕਿਹਾ ਕਿ, ਸਮਾਂ ਆ ਗਿਆ ਹੈ ਕਿ ਅਸੀਂ ਪੰਥ ਅਤੇ ਗੁਰੂ ਗ੍ਰੰਥ ਨੂੰ ਸਮਰਪਿਤ ਲੋਕਾਂ ਨੂੰ ਸੇਵਾ ਦਾ ਮੌਕਾ ਦੇਈਏ, ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸੱਤਾ ਬਹਾਲੀ ਹੋ ਸਕੇ ਅਤੇ ਸਾਡੀਆਂ ਸੰਸਥਾਵਾਂ ਦੀ ਰਾਖੀ ਹੋ ਸਕੇ। ਇਯਾਲੀ ਨੇ ਸਿੱਖ ਸੰਗਤ ਨੂੰ ਸੱਦਾ ਦਿੱਤਾ ਕਿ ਅਗਾਮੀ ਐਸਜੀਪੀਸੀ ਚੋਣਾਂ ਵਿੱਚ ਪੰਥ ਪ੍ਰਸਤ ਲੋਕਾਂ ਲਈ ਅਵਾਜ ਬਣੋ, ਪੰਥ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਦੀ ਇਸ ਵੇਲੇ ਸਖ਼ਤ ਲੋੜ ਹੈ। ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਮਿਲ ਰਹੇ ਜਨ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ, ਅੱਜ ਦੇ ਇਕੱਠ ਤੋ ਮਹਿਸੂਸ ਵੀ ਹੁੰਦਾ ਹੈ ਅਤੇ ਆਸ ਵੀ ਬੱਝੀ ਹੈ ਕਿ ਪੰਜਾਬ ਦੇ ਵਾਸੀ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਥਾਹ ਪਿਆਰ ਕਰਦੇ ਹਨ। ਇਸ ਦੀ ਮਜ਼ਬੂਤੀ ਅਤੇ ਪੁਨਰ ਸੁਰਜੀਤੀ ਲਈ ਜਿਹੜੀ ਸੇਵਾ ਓਹਨਾਂ ਦੇ ਹਿੱਸੇ ਆਈ ਹੈ, ਉਸ ਨੂੰ ਹਰ ਹੀਲੇ ਇਮਾਨਦਾਰੀ, ਬਿਨਾ ਕਿਸੇ ਸਿਆਸੀ ਭੇਦ ਭਾਵ ਪੂਰਾ ਕੀਤਾ ਜਾਵੇਗਾ। ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ, ਸਾਡਾ ਨਾ ਤਾਂ ਕੋਈ ਨਿੱਜੀ ਸਵਾਰਥ ਹੈ ਅਤੇ ਨਾ ਹੀ ਨਿੱਜੀ ਹਿੱਤ, ਅਸੀ ਸਮਰਪਣ ਭਾਵਨਾ ਹੇਠ ਅੱਗੇ ਵਧ ਰਹੇ ਹਾਂ, ਇਸ ਕਰਕੇ ਸੰਗਤ ਵਲੋ ਵੀ ਸਾਨੂੰ ਭਰੋਸਾ ਦਿੱਤਾ ਜਾ ਰਿਹਾ ਹੈ। ਸਰਦਾਰ ਝੂੰਦਾਂ ਨੇ ਕਿਹਾ ਕਿ, ਸਾਡੇ ਲਈ ਪਰਖ ਦੀ ਘੜੀ ਸੀ ਦੋ ਦਸੰਬਰ ਨੂੰ ਸੁਣਾਏ ਹੁਕਮਨਾਮੇ ਸਾਹਿਬ। ਅਸੀ ਜਾਂ ਤਾਂ ਆਪਣੇ ਇਸ਼ਟ ਨੂੰ ਸਮਰਪਿਤ ਹੁੰਦੇ ਜਾਂ ਫਿਰ ਦੁਨਿਆਵੀ ਸਿਆਸਤ ਨੂੰ। ਅਸੀ ਬਤੌਰ ਸਿੱਖ ਆਪਣੇ ਫਰਜ ਨੂੰ ਪੂਰਾ ਕਰਨ ਦਾ ਸੰਕਲਪ ਕੀਤਾ,ਇਸ ਸੰਕਲਪ ਦੇ ਪਹਿਲੇ ਦਿਨ ਤੋ ਅੱਜ ਦੇ ਦਿਨ ਤੱਕ ਸਾਡੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਨਿੱਜੀ ਗੱਲਬਾਤ ਨੂੰ ਸਾਂਝਾ ਕਰਦਿਆਂ ਝੂੰਦਾਂ ਨੇ ਕਿਹਾ ਕਿ, ਓਹਨਾ ਪਾਰਟੀ ਦੇ ਇੱਕ ਵੱਡੇ ਆਗੂ ਨੂੰ ਨਿੱਜੀ ਤੌਰ ਤੇ ਬੇਨਤੀ ਕੀਤੀ ਸੀ ਕਿ, ਤੁਸੀ ਸਾਡੇ ਤੋਂ ਹਲਫ਼ਨਾਮਾ ਲੈ ਸਕਦੇ ਹੋ, ਸਾਡਾ ਕੋਈ ਨਿੱਜੀ ਸਵਾਰਥ ਨਹੀਂ, ਪਰ ਪਾਰਟੀ ਨੂੰ ਬਚਾਉਣ ਲਈ ਵੱਡਾ ਦਿਲ ਤੁਸੀ ਵੀ ਦਿਖਾਓ, ਪਰ ਬਦਕਿਸਮਤੀ ਹੈ ਕਿ ਅੱਜ ਪੰਥ ਦੀ ਨੁਮਾਇਦਾ ਜਮਾਤ ਨੂੰ ਕਮਜ਼ੋਰ ਕਰਨ ਲਈ ਓਹੀ ਲੋਕ ਸਾਜਿਸ਼ਾਂ ਰਚ ਰਹੇ ਹਨ। ਭਰਤੀ ਕਮੇਟੀ ਦੇ ਮੈਬਰ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ, ਅੱਜ ਲੋੜ ਹੈ ਪੰਥ ਅਤੇ ਪੰਜਾਬ ਦੀ ਨੁਮਾਇਦਾ ਜਮਾਤ ਨੂੰ ਬਚਾਉਣ ਲਈ ਆਪਸੀ ਮਤਭੇਦ ਅਤੇ ਵਖਰੇਵੇਂ ਭੁਲਾ ਕੇ ਇਕੱਠੇ ਹੋਈਏ। ਜਿਹੜੀਆਂ ਗਲਤੀਆਂ ਕਰਕੇ ਪਾਰਟੀ ਦਾ ਗ੍ਰਾਫ ਆਪਣੇ ਸਾਸ਼ਨ ਕਾਲ ਵਿੱਚ ਡਿੱਗਿਆ, ਉਸ ਨੂੰ ਮੁੜ ਉਭਰਦੇ ਹੋਏ ਮੁੜ ਸੁਰਜੀਤੀ ਲਈ ਉੱਠੀ ਭਰਤੀ ਮੁਹਿੰਮ ਦਾ ਹਿੱਸਾ ਬਣੀਏ। ਜੱਥੇਦਾਰ ਉਮੈਦਪੁਰੀ ਨੇ ਵੱਖਰੀ ਪਾਰਟੀ ਲਈ ਭਰਤੀ ਕਹਿ ਕੇ ਬਦਨਾਮ ਕਰਨ ਵਾਲੇ ਲੋਕਾਂ ਨੂੰ ਸਖ਼ਤ ਲਹਿਜੇ ਵਿੱਚ ਕਿਹਾ ਕਿ, ਨਾ ਤਾਂ ਸਾਡੀ ਸੋਚ ਵੱਖ ਹੈ ਅਤੇ ਨਾ ਹੀ ਸਾਡਾ ਕਾਰਜ ਵੱਖਰਾ ਹੈ, ਅਜਿਹੀਆਂ ਸਾਜਿਸ਼ਾਂ ਰਚਣ ਵਾਲੇ ਲੋਕਾਂ ਨੇ ਪਹਿਲਾਂ ਹੀ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਹੈ, ਜਿਹੜਾ ਕਿ ਮੌਜੂਦਾ ਸਮੇਂ ਵੀ ਜਾਰੀ ਹੈ, ਪਾਰਟੀ ਨੂੰ ਆਪਣੇ ਨਿੱਜੀ ਹਿੱਤਾਂ ਲਈ ਕਮਜੋਰ ਕਰਨ ਵਾਲੇ ਲੋਕ ਬਾਜ ਆਉਣ। ਪੰਜ ਮੈਂਬਰੀ ਭਰਤੀ ਕਮੇਟੀ ਨੂੰ ਅੱਜ ਦੇ ਭਰਵੇਂ ਇਕੱਠ ਵਿੱਚ ਉਸ ਵਕਤ ਹੋਰ ਵੀ ਵੱਡਾ ਬਲ ਮਿਲਿਆ ਜਦੋਂ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨਾਲ ਆ ਗਏ। ਲੌਂਗੋਵਾਲ ਨੇ ਕਿਹਾ ਕਿ ਅੱਜ ਹਰ ਸਿੱਖ ਦੀ ਜ਼ਿਮੇਵਾਰੀ ਬਣਦੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਤੇ ਪਹਿਰਾ ਦੇਵੇ। ਸਰਦਾਰ ਲੌਂਗੋਵਾਲ ਨੇ ਸਾਫ ਕੀਤਾ ਕਿ ਇੱਕ ਸਮਰਪਿਤ ਸਿੱਖ ਕਦੇ ਵੀ ਡੋਲਦਾ ਨਹੀਂ, ਹਮੇਸ਼ਾ ਹੁਕਮਨਾਮਾ ਸਾਹਿਬ ਨੂੰ ਆਪਣੇ ਲਈ ਰੌਸ਼ਨੀ ਦਾ ਰੂਪ ਸਮਝਦਾ ਹੈ, ਇਸ ਲਈ ਜਿਹੜੇ ਲੋਕ ਹੁਕਮਨਾਮਾ ਸਾਹਿਬ ਤੋਂ ਆਕੀ ਹਨ, ਓਹਨਾ ਨੂੰ ਖਾਸ ਅਪੀਲ ਕੀਤੀ ਕਿ ਅਕਾਲੀ ਸੋਚ ਸਾਨੂੰ ਸ੍ਰੀ ਅਕਾਲ ਤਖ਼ਤ ਤੋ ਲੈਣ ਦੀ ਪ੍ਰੇਰਣਾ ਦਿੰਦੀ ਹੈ, ਇਸ ਕਰਕੇ ਆਓ ਅਕਾਲੀ ਸੋਚ ਤੇ ਪਹਿਰਾ ਦੇਕੇ ਆਪਣੀ ਸਿਆਸੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰੀਏ। ਅੱਜ ਦੇ ਇਤਿਹਾਸਿਕ ਇਕੱਠ ਲਈ ਧੰਨਵਾਦ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਜਿਹੜਾ ਸੁਪਨਾ ਲੈਕੇ ਸੁਖਦੇਵ ਸਿੰਘ ਢੀਂਡਸਾ ਚੱਲੇ ਸਨ, ਅੱਜ ਉਸ ਸੁਪਨੇ ਨੂੰ ਪੂਰਾ ਕਰਨ ਦੀ ਨੀਂਹ ਵੀ ਓਹਨਾ ਦੇ ਜਿਲ੍ਹੇ ਤੋਂ ਰੱਖੀ ਗਈ ਹੈ। ਢੀਂਡਸਾ ਨੇ ਅੱਜ ਦੇ ਇਕੱਠ ਲਈ ਸਾਬਕਾ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦਾ ਖਾਸ ਧੰਨਵਾਦ ਕਰਦਿਆਂ ਕਿਹਾ ਕਿ, ਅੱਜ ਓਹਨਾਂ ਦੀ ਸ਼ਮੂਲੀਅਤ ਨੇ ਮੋਹਰ ਲਗਾ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਅੰਦਰ ਬਹੁਤ ਸਾਰੇ ਹੋਰ ਪੰਥ ਪ੍ਰਸਤ ਅਤੇ ਪੰਜਾਬ ਦੀ ਨੁਮਾਇਦਾ ਜਮਾਤ ਨੂੰ ਸੱਚੇ ਦਿਲੋਂ ਚਾਹੁਣ ਵਾਲੇ ਆਗੂ ਇਸ ਭਰਤੀ ਮੁਹਿਮ ਦਾ ਲਾਜ਼ਮੀ ਹਿੱਸਾ ਬਣਨਗੇ। ਅੱਜ ਦੇ ਇਤਿਹਾਸਕ ਇਕੱਤਰਤਾ ਮੌਕੇ ਸਾਬਕਾ ਮੈਬਰ ਪਾਰਲੀਮੈਟ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਤੇਜਾ ਸਿੰਘ ਕਮਾਲਪੁਰ ਐਸਜੀਪੀਸੀ ਮੈਬਰ ਨੇ ਵੀ ਸੰਬੋਧਨ ਕੀਤਾ।
Comments
Post a Comment