ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਹੀ ਹਲਵਾਰਾ ਹਵਾਈ ਅੱਡਾ ਮਨਜ਼ੂਰ ਕਰਵਾਇਆ
ਜ਼ੋਰ ਦੇ ਕੇ ਕਿਹਾ ਕਿ ਲੁਧਿਆਣਾ ਵਿਚ ਸਾਰੇ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ, ਕਿਹਾ ਕਿ ਪਿਛਲੇ ਅੱਠ ਸਾਲਾਂ ਵਿਚ ਸ਼ਹਿਰ ਦਾ ਭੱਠਾ ਹੀ ਬੈਠਿਆ
ਚੰਡੀਗੜ੍ਹ 29 ਅਪ੍ਰੈਲ ( ਰਣਜੀਤ ਧਾਲੀਵਾਲ ) : ਲੁਧਿਆਣਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੂੰ ਝੂਠ ਤੇ ਧੋਖੇ ਦੀ ਸਿਆਸਤ ਬੰਦ ਕਰ ਦੇਣੀ ਚਾਹੀਦੀ ਹੈ ਤੇ ਹਲਵਾਰਾ ਕੌਮਾਂਤਰੀ ਹਵਾਈ ਅੱਡੇ ਦੀ ਪ੍ਰਵਾਨਗੀ ਵਾਸਤੇ ਸਰਦਾਰਨੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ। ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਤੇ ਕਾਂਗਰਸ ਦੋਵੇਂ ਪਾਰਟੀਆਂ ਇਹ ਦਾਅਵੇ ਕਰ ਕੇ ਹਲਵਾਰਾ ਹਵਾਈ ਅੱਡੇ ਦਾ ਸਿਹਰਾ ਆਪਣੇ ਸਿਰ ਬੰਨਣਾ ਚਾਹ ਰਹੀਆਂ ਹਨ ਜਦੋਂ ਕਿ ਇਸਦੀ ਪ੍ਰਵਾਨਗੀ ਸ਼੍ਰੋਮਣੀ ਅਕਾਲੀ ਦਲ ਨੇ ਕਰਵਾਈ ਸੀ। ਉਹਨਾਂ ਕਿਹਾ ਕਿ 2019 ਤੋਂ ਇਹ ਤਜਵੀਜ਼ ਠੰਢੇ ਬਸਤੇ ਵਿਚ ਪਈ ਸੀ ਤੇ ਇਕ ਸਾਲ ਵਿਚ ਕੋਈ ਪ੍ਰਗਤੀ ਨਹੀਂ ਹੋਈ ਸੀ ਕਿਉਂਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਪ੍ਰਾਜੈਕਟ ਵਾਸਤੇ ਜ਼ਮੀਨ ਐਕਵਾਇਰ ਕਰਨ ਵਾਸਤੇ ਕਿਸਾਨਾਂ ਨੂੰ ਬਹੁਤ ਘੱਟ ਮੁਆਵਜ਼ਾ ਦੇ ਰਹੀ ਸੀ। ਉਹਨਾਂ ਕਿਹਾ ਕਿ ਇਸ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਦੋ ਵਾਰ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤਾਂ ਜੋ ਪ੍ਰਾਜੈਕਟ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਸਕੇ ਜਿਸ ਮਗਰੋਂ ਪ੍ਰਾਜੈਕਟ ਵਾਸਤੇ 161 ਏਕੜ ਜ਼ਮੀਨ ਐਕਵਾਇਰ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਪ੍ਰਾਜੈਕਟ ਕੇਂਦਰ ਸਰਕਾਰ ਤੋਂ ਮਨਜ਼ੂਰ ਕਰਵਾਉਣ ਵਾਸਤੇ ਦਖਲਅੰਦਾਜ਼ੀ ਕੀਤੀ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਨਾ ਕਰਦੇ ਅਤੇ ਪ੍ਰਾਜੈਕਟ ਦੀ ਮਨਜ਼ੂਰੀ ਨਾ ਕਰਵਾਉਂਦੇ ਤਾਂ ਇਹ ਪ੍ਰਾਜੈਕਟ ਸਿਰੇ ਹੀ ਨਾ ਚੜ੍ਹਦਾ। ਅਕਾਲੀ ਦਲ ਦੇ ਆਗੂ ਨੇ ਪ੍ਰਾਜੈਕਟ ਵਿਚ ਦੇਰੀ ਕਰਵਾਉਣ ਲਈ ਆਪ ਸਰਕਾਰ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹਵਾਈ ਅੱਡੇ ਦੇ ਵਿਕਾਸ ਵਾਸਤੇ 45 ਕਰੋੜ ਰੁਪਏ ਜਾਰੀ ਨਹੀਂ ਕੀਤੇ ਜਿਸ ਕਾਰਨ ਪ੍ਰਾਜੈਕਟ ਵਿਚ ਦੇਰੀ ਹੋ ਗਈ। ਉਹਨਾਂ ਕਿਹਾ ਕਿ ਬਜਾਏ ਹਵਾਈ ਅੱਡੇ ਦੀ ਸਥਾਪਨਾ ਦਾ ਸਿਹਰਾ ਆਪਣਾ ਸਿਰ ਬੰਨਣ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਪ੍ਰਾਜੈਕਟ ਵਿਚ ਦੇਰੀ ਕਿਉਂ ਹੋਈ। ਘੁੰਮਣ ਨੇ ਕਿਹਾ ਕਿ ਸਿਰਫ ਅਕਾਲੀ ਦਲ ਇਕੱਠਾ ਹੀ ਲੁਧਿਆਣਾ ਦੇ ਵਪਾਰੀ ਵਰਗ ਦੀਆਂ ਲੋੜਾਂ ਨੂੰ ਸਮਝਦਾ ਹੈ ਅਤੇ ਉਸਨੇ ਬਰਾਮਦਕਾਰਾਂ ਤੇ ਸਪਲਾਇਰਾਂ ਦਾ ਸ਼ਹਿਰ ਵਿਚ ਪਹੁੰਚਣਾ ਸੁਖਾਲਾ ਬਣਾਇਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਸਾਹਨੇਵਾਲ ਹਵਾਈ ਅੱਡੇ ਦੇ ਰਨਵੇਅ ਦੇ ਵਿਸਥਾਰ ਦੀ ਹਮਾਇਤ ਕੀਤੀ ਸੀ ਜਿਸਨੂੰ ਕਿ ਫਲਾਇੰਗ ਕਲੱਬ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਉਹਨਾਂ ਨੇ ਹੀ ਵਪਾਰੀ ਵਰਗ ਦੀ ਸਹੂਲਤ ਵਾਸਤੇ ਹਵਾਈ ਅੱਡੇ ਤੋਂ ਫਲਾਈਟ ਸੇਵਾਵਾਂ ਸ਼ੁਰੂ ਕਰਵਾਈਆਂ। ਉਹਨਾਂ ਕਿਹਾ ਕਿ ਤਕਨੀਕੀ ਕਾਰਨਾਂ ਕਰ ਕੇ ਸਾਹਨੇਵਾਲ ਹਵਾਈ ਅੱਡੇ ਦਾ ਵਿਸਥਾਰ ਨਹੀਂ ਕੀਤਾ ਜਾ ਸਕਿਆ ਤਾਂ ਹਲਵਾਰਾ ਹਵਾਈ ਅੱਡੇ ਦਾ ਵਿਸਥਾਰ ਕਰਵਾਇਆ ਗਿਆ। ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਲੁਧਿਆਣਾ ਵਿਚ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ। ਉਹਨਾਂ ਕਿਹਾ ਕਿ ਐਲੀਵੇਟਡ ਸੜਕਾਂ ਤੋਂ ਲੈ ਕੇ ਲੁਧਿਆਣਾ-ਚੰਡੀਗੜ੍ਹ ਐਕਸਪ੍ਰੈਸਵੇਅ ਦੇ ਕੰਮ ਤੋਂ ਲੈ ਕੇ ਲੁਧਿਆਣਾ ਸਮਾਰਟ ਸਿਟੀ ਪ੍ਰਾਜੈਕਟ, ਸੜਕਾਂ ਦੀ ਮਸ਼ੀਨਾਂ ਨਾਲ ਸਾਫ ਸਫਾਈ ਅਤੇ ਸ਼ਹਿਰ ਵਿਚ ਲੋਕਲ ਬੱਸ ਸੇਵਾ ਦੀ ਸ਼ੁਰੂਆਤ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਈ। ਉਹਨਾਂ ਕਿਹਾ ਕਿ ਪਿਛਲੇ 8 ਸਾਲਾਂ ਵਿਚ ਲੁਧਿਆਣਾ ਦਾ ਭੱਠਾ ਬੈਠ ਗਿਆ ਹੈ। ਉਹਨਾਂ ਕਿਹਾ ਕਿ ਨਵੇਂ ਬੁਨਿਆਦੀ ਢਾਂਚੇ ਦੀ ਸਿਰਜਣਾ ਤੇ ਵਿਕਾਸ ਦੀ ਤਾਂ ਗੱਲ ਛੱਡੋ ਮੌਜੂਦਾ ਬੁਨਿਆਦੀ ਢਾਂਚੇ ਦੀ ਵੀ ਸੰਭਾਲ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ। ਉਹਨਾਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿਚ ਅਕਾਲੀ ਦਲ ਦੀ ਹਮਾਇਤ ਕਰਨ ਤਾਂ ਜੋ 2027 ਵਿਚ ਅਗਲੀ ਅਕਾਲੀ ਸਰਕਾਰ ਸਥਾਪਿਤ ਕੀਤੀ ਜਾ ਸਕੇ ਅਤੇ ਲੁਧਿਆਣਾ ਦਾ ਸਰਵ ਪੱਖੀ ਵਿਕਾਸ ਹੋ ਸਕੇ।
Comments
Post a Comment