ਜੱਥੇਦਾਰ ਵਡਾਲਾ ਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਫਾਜਿਲਕਾ ਵਿਖੇ ਹੋਈ ਮੀਟਿੰਗ ਨੇ ਜ਼ਿਲੇ ਦੇ ਬਦਲੇ ਸਮੀਕਰਣ
ਪਰਿਵਾਰਵਾਦ ਅਤੇ ਨਿੱਜ ਪ੍ਰਸਤ ਸਿਆਸਤ ਨੂੰ ਤਿਆਗਣ ਦਾ ਅਹਿਦ
ਫਾਜ਼ਿਲਕਾ 31 ਮਈ ( ਪੀ ਡੀ ਐਲ ) : ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ ਭਰਤੀ ਕਮੇਟੀ ਲਈ ਅੱਜ ਦਾ ਦਿਨ ਬਹੁਤ ਅਹਿਮ ਅਤੇ ਨਿਰਣਾਇਕ ਸਾਬਿਤ ਹੋਇਆ। ਜਿੱਥੇ ਇੱਕ ਪਾਸੇ ਡੇਢ ਦਹਾਕੇ ਬਾਅਦ ਡੇਰਾਬਸੀ ਹਲਕੇ ਵਿੱਚ ਪੰਥਕ ਰੰਗ ਮੁੜ ਪਰਤਿਆ ਤਾਂ ਦੂਜੇ ਪਾਸੇ ਫਾਜਿਲਕਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ। ਚਰਨਜੀਤ ਸਿੰਘ ਬਰਾੜ, ਜਥੇ: ਚਰਨ ਸਿੰਘ, ਗੁਰਜਿੰਦਰ ਸਿੰਘ ਗਰੇਵਾਲ, ਜਥੇ: ਗੁਰਲਾਲ ਸਿੰਘ ਖਾਲਸਾ ਅਤੇ ਗੁਰਿੰਦਰ ਸਿੰਘ ਲਾਉ ਜਾਖੜ ਤੇ ਬਾਕੀ ਲੀਡਰ ਸਹਿਬਤਨ ਅਤੇ ਵਰਕਰਾਂ ਦੀਆਂ ਕੋਸ਼ਿਸਾਂ ਨੇ ਉਸ ਵਕਤ ਰੰਗ ਲਿਆਂਦਾ ਜਦੋਂ ਅੱਜ ਬਾਦਲ ਪਰਿਵਾਰ ਦੇ ਗੜ ਸਮਝੇ ਜਾਂਦੇ ਹਲਕਾ ਜਲਾਲਾਬਾਦ ਸਮੇਤ ਪੂਰੇ ਫਾਜਿਲਕਾ ਜ਼ਿਲੇ ਦੇ ਅਕਾਲੀ ਵਰਕਰਾਂ ਨੇ ਭਰਤੀ ਕਮੇਟੀ ਮੀਟਿੰਗ ਦਾ ਹਿੱਸਾ ਬਣਕੇ ਜ਼ਿਲੇ ਦੇ ਸਮੀਕਰਨ ਬਦਲੇ ਅਤੇ ਆਉਣ ਵਾਲੇ ਦਿਨਾਂ ਭਰਤੀ ਮੁਹਿੰਮ ਘਰ ਘਰ ਤੱਕ ਜਾਵੇਗੀ।
ਫਾਜ਼ਿਲਕਾ ਵਿਖੇ ਮੀਟਿੰਗ ਦੀ ਅਗਵਾਈ ਕਰਦੇ ਹੋਏ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਨੇ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੱਤਾ। ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਜ਼ਿਲੇ ਦੀ ਸੰਗਤ ਨੇ ਮੋਹਰ ਲਗਾ ਦਿੱਤੀ ਹੈ ਕਿ ਜ਼ਿਲਾ ਫਾਜ਼ਿਲਕਾ ਦੇ ਅਕਾਲੀ ਵਰਕਰ ਵੀ ਪਰਿਵਾਰਵਾਦ ਅਤੇ ਨਿੱਜ ਪ੍ਰਸਤ ਸਿਆਸਤ ਤੋਂ ਅਜ਼ਾਦ ਹੋਣ ਦਾ ਪੱਕਾ ਮਨ ਬਣਾ ਚੁੱਕੇ ਹਨ। ਜੱਥੇਦਾਰ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪੁਨਰ ਸੁਰਜੀਤੀ ਦਾ ਦੌਰ ਪੰਜਾਬ ਅਤੇ ਪੰਥ ਲਈ ਮਜਬੂਤ ਸੇਧ ਦੇ ਰੂਪ ਵਿੱਚ ਬਣਕੇ ਉਭਰੇਗਾ। ਬੀਬੀ ਸਤਵੰਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਲਕੇ ਤੋਂ ਘਲੂਘਾਰਾ ਹਫਤਾ ਸ਼ੁਰੂ ਹੋ ਜਾਵੇਗਾ। ਕਾਂਗਰਸ ਦੇ ਜ਼ਬਰ ਨੂੰ ਇਹ ਹਫਤਾ ਕਦੇ ਵੀ ਨਾ ਭੁਲਾਉਣ ਵਾਲਾ ਵਕਫਾ ਬਣ ਚੁੱਕਾ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕੀਤਾ ਤਾਂ ਸਾਡੀ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੰਕਲਪ ਨੂੰ ਢਹਿ ਢੇਰੀ ਕੀਤਾ। ਕਾਂਗਰਸ ਵੱਲੋਂ ਫਾਹੀ ਇਮਾਰਤ ਨੂੰ ਸਿੱਖ ਭਾਈਚਾਰੇ ਨੇ ਹੋਰ ਖ਼ੂਬਸੂਰਤ ਬਣਾ ਕੇ ਦਿਖਾ ਦਿੱਤਾ ਕਿ ਓਹਨਾ ਲਈ ਸਭ ਤੋਂ ਸਰਵਉਚ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਬੀਬੀ ਸਤਵੰਤ ਕੌਰ ਨੇ ਕਿਹਾ ਕਿ ਅੱਜ ਦੁੱਖ ਇਸ ਗੱਲ ਦਾ ਹੈ ਕਿ 41 ਸਾਲ ਬਾਅਦ ਇੱਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਜ਼ਮਤ ਤੇ ਸਿਧਾਂਤਕ ਰੂਪ ਵਿੱਚ ਹਮਲਾ ਹੋਇਆ ਹੈ, ਇਹ ਹਮਲਾ ਕਰਨ ਵਾਲੇ ਕੋਈ ਹੋਰ ਨਹੀਂ, ਆਪਣੇ ਆਪ ਨੂੰ ਸਿੱਖਾਂ ਦੇ ਨੁਮਾਇਦਾ ਆਗੂ ਕਹਿਣ ਵਾਲੇ ਲੋਕ ਹਨ। ਬੀਬੀ ਸਤਵੰਤ ਕੌਰ ਨੇ ਹਾਜ਼ਰ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਇੱਕਠੇ ਹੋਕੇ ਹੰਬਲਾ ਮਾਰਨਾ ਚਾਹੀਦਾ ਹੈ ਤਾਂ ਜੋ ਅਸੀ ਮਜ਼ਬੂਤ ਲੀਡਰਸ਼ਿਪ ਪੰਥ ਦੀ ਝੋਲੀ ਪਾ ਸਕੀਏ। ਇਸ ਮੀਟਿੰਗ ਵਿੱਚ ਇਕਬਾਲ ਸਿੰਘ ਭੁੱਲਰ, ਜਥੇ: ਰਸਪਾਲ ਸਿੰਘ, ਮਨਮੋਹਨ ਸਿੰਘ ਮੰਮੂਖੇੜਾ, ਬਾਬਾ ਮੋਹਨ ਸਿੰਘ, ਅਮਰੀਕ ਸਿੰਘ ਕਿੱਕਰਖੇੜਾ, ਹਰਮੰਦਰ ਸਿੰਘ ਕੀੜਿਆਂਵਾਲਾ ਉਕਾਰ ਸਿੰਘ ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
Comments
Post a Comment