ਡੇਰਾਬੱਸੀ ਹਲਕੇ ਵਿੱਚ ਡੇਢ ਦਹਾਕੇ ਬਾਅਦ ਦਿਖਿਆ ਪੰਥਕ ਰੰਗ, ਇਯਾਲੀ ਬੋਲੇ,ਪੰਥ ਅਤੇ ਪੰਜਾਬ ਪ੍ਰਸਤ ਲੀਡਰਸ਼ਿਪ ਦੇਣ ਲਈ ਵਚਨਬੱਧ ਹਾਂ
ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਹੋ ਰਹੀ ਸਾਜਿਸ਼ ਤੋਂ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੋਵੇਗਾ : ਗਿਆਨੀ ਹਰਪ੍ਰੀਤ ਸਿੰਘ
ਡੇਰਾਬੱਸੀ/ਚੰਡੀਗੜ੍ਹ 31 ਮਈ ( ਰਣਜੀਤ ਧਾਲੀਵਾਲ ) : ਮੁਹਾਲੀ ਦੇ ਹਲਕਾ ਡੇਰਾਬੱਸੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋ ਬਣੀ ਭਰਤੀ ਕਮੇਟੀ ਦੀ ਮੀਟਿੰਗ ਦੌਰਾਨ ਕਰੀਬ ਡੇਢ ਦਹਾਕੇ ਬਾਅਦ ਪੰਥਕ ਰੰਗ ਵੇਖਣ ਨੂੰ ਮਿਲਿਆ। ਹਲਕੇ ਦੀ ਪੰਥਕ ਛਾਪ ਨੂੰ ਸਿਆਸੀ ਤੌਰ ਤੇ ਪ੍ਰਭਾਵਹੀਣ ਕੀਤੇ ਜਾਣ ਤੋਂ ਬਾਅਦ ਅੱਜ ਇੱਕ ਵਾਰ ਮੁੜ ਮਰਹੂਮ ਸਿਆਸਤਦਾਨ ਕੈਪਟਨ ਕੰਵਲਜੀਤ ਸਿੰਘ ਦੀ ਸਿਆਸੀ ਗੋਦ ਦਾ ਨਿੱਘ ਮਾਨਣ ਵਾਲੇ ਹਲਕੇ ਨੇ ਆਪਣੀ ਪੰਥਕ ਸੋਚ ਨੂੰ ਉਭਾਰਿਆ । ਪੰਥਕ ਹਲਕੇ ਤੋ ਕਮਰਸ਼ੀਅਲ ਹਲਕੇ ਦੇ ਪ੍ਰਭਾਵ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਅੱਜ ਹਲਕੇ ਦੀ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਸੋਚ ਅਤੇ ਸਮਰਪਿਤ ਭਾਵਨਾ ਨੂੰ ਪੇਸ਼ ਕੀਤਾ।ਐਸਜੀਪੀਸੀ ਮੈਬਰ ਨਿਰਮੈਲ ਸਿੰਘ ਜੌਲਾ ਦੀ ਅਣਥਕ ਕੋਸ਼ਿਸ਼ ਨੂੰ ਬੂਰ ਪਾਉਂਦੇ ਹੋਏ ਹਲਕੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ।
ਵੱਡੇ ਪੰਥਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਇਯਾਲੀ ਨੇ ਮੁੜ ਦੁਹਰਾਇਆ ਕਿ ਪੰਜਾਬ ਅਤੇ ਪੰਥ ਪ੍ਰਸਤ ਲੀਡਰਸ਼ਿਪ ਦੇਣ ਲਈ ਭਰਤੀ ਕਮੇਟੀ ਪੂਰੀ ਤਰਾਂ ਵਚਨਬੱਧ ਹੈ। ਆਖਰੀ ਪੜਾਅ ਵੱਲ ਵਧਣ ਦਾ ਜਿਕਰ ਕਰਦੇ ਹੋਏ ਸਰਦਾਰ ਇਯਾਲੀ ਨੇ ਕਿਹਾ ਕਿ ਭਰਤੀ ਦੇ ਸਮਾਪਤ ਹੁੰਦੇ ਹੀ ਜੱਥੇਬੰਧਕ ਢਾਂਚੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਯਾਲੀ ਨੇ ਮੁੜ ਭਰੋਸਾ ਦਿੱਤਾ ਕਿ ਓਹਨਾਂ ਨੂੰ ਪੂਰਨ ਆਸ ਹੈ ਕਿ ਇਸ ਭਰਤੀ ਮੁਹਿੰਮ ਵਿੱਚੋ ਮਿਲਣ ਵਾਲੀ ਲੀਡਰਸ਼ਿਪ ਨਿੱਜ ਪ੍ਰਸਤ ਅਤੇ ਸਵਾਰਥੀ ਹਿੱਤਾਂ ਤੋਂ ਉਪਰ ਉਠ ਕੇ ਪੰਥ ਅਤੇ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦੇਵੇਗੀ। ਇਯਾਲੀ ਨੇ ਕਿਹਾ ਕਿ ਭਰਤੀ ਕਮੇਟੀ ਸਾਹਮਣੇ ਦੋ ਵੱਡੀਆਂ ਜ਼ਿੰਮੇਵਾਰੀਆਂ ਹਨ, ਪੰਥਕ ਪ੍ਰੰਪਰਾਵਾਂ ਦੀ ਬਹਾਲੀ ਅਤੇ ਸਰਵਉਚਤਾ ਕਾਇਮ ਰੱਖਣਾ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਜਰੀਏ ਮਜ਼ਬੂਤ ਲੀਡਰਸ਼ਿਪ ਪੰਜਾਬ ਅਤੇ ਪੰਥ ਦੀ ਝੋਲੀ ਪਾਉਣਾ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦੇ ਹੋਏ ਤਖ਼ਤ ਸ੍ਰੀ ਦਮਦਮਾ ਸਹਿਬ ਜੀ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਤਾਜ਼ਾ ਹਾਲਤਾਂ ਤੇ ਚਿੰਤਾ ਜਾਹਿਰ ਕਰਦੇ ਹੋਏ ਪੰਜਾਬੀਆਂ ਨੂੰ ਇੱਕਠੇ ਹੋਣ ਦੀ ਅਪੀਲ ਕੀਤੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋ ਪੁਲਿਸ ਹਿਰਾਸਤ ਵਿੱਚ ਕਤਲ ਕੀਤੇ ਗਏ ਸਿੱਖ ਨੌਜਵਾਨ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਨੂੰ ਮੁੜ ਕਾਲੇ ਦੌਰ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਯੂਨੀਰਸਿਟੀ ਦੇ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਵਲੋਂ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਣ ਲਈ ਲਿਖੀ ਚਿੱਠੀ ਨੂੰ ਵੱਡੀ ਸਾਜ਼ਿਸ਼ ਕਰਾਰ ਦਿੱਤਾ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਸੂਬੇ ਨਾਲ ਜੁੜੇ ਮੁੱਦਿਆਂ ਚਾਹੇ ਓਹ ਬੋਲੀ ਦਾ ਹੋਵੇ, ਚਾਹੇ ਓਹ ਰਾਜਧਾਨੀ ਦਾ ਹੋਵੇ, ਪਾਣੀਆਂ ਦਾ ਹੋਵੇ ਜਾਂ ਫਿਰ ਕਿਸਾਨੀ ਨਾਲ ਜੁੜਿਆ ਹੋਵੇ, ਓਹਨਾਂ ਮੁੱਦਿਆਂ ਨੂੰ ਜਾਣ ਬੁੱਝ ਕੇ ਸਿੱਖਾਂ ਦੇ ਮੁੱਦੇ ਪੇਸ਼ ਕਰਕੇ ਹਿੰਦੂ ਸਿੱਖ ਵਿਚਕਾਰ ਪਾੜਾ ਪਵਾਉਣ ਦੀ ਕੋਸ਼ਿਸ਼ ਕਰਦੇ ਹਨ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਇੱਕ ਪਲੇਟਫਾਰਮ ਤੇ ਆਉਣਾ ਹੋਵੇਗਾ। ਜੱਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਇਕੱਠੇ ਹੋਣ ਦੀ। ਜੱਥੇਦਾਰ ਝੂੰਦਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਕੀ ਹੋਏ ਲੀਡਰਸ਼ਿਪ ਨੂੰ ਅਖੌਤੀ ਲੀਡਰਸ਼ਿਪ ਗਿਰਦਾਨ ਦੇ ਹੋਏ, ਸਵਾਲ ਕੀਤਾ ਕਿ ਅੱਜ ਅਖੌਤੀ ਲੀਡਰਸ਼ਿਪ ਖ਼ੈਰ ਗਵਾਹ ਬਣਨ ਦਾ ਡਰਾਮਾਂ ਕਰ ਰਹੀ ਹੈ ਜਦੋਂ ਸੱਤਾ ਵਿੱਚ ਸਨ ਤਾਂ ਉਸ ਵੇਲੇ ਸੂਬੇ ਦੇ ਅਧਿਕਾਰ ਖੇਤਰ ਵਾਲੇ ਕਾਨੂੰਨ ਬਣਾਉਣ ਤੋਂ ਕਿਉ ਭੱਜਦੇ ਰਹੇ। ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਸੰਬੋਧਨ ਵਿੱਚ ਸੂਬੇ ਦੇ ਵਢੇਰੇ ਹਿੱਤਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ,ਸਾਡੀ ਲੀਡਰਸ਼ਿਪ ਸੂਬੇ ਦੇ ਹੱਕਾਂ ਤੇ ਪਹਿਰਾ ਨਹੀਂ ਦੇ ਸਕੀ। ਪਾਰਟੀ ਦੇ ਕਾਬਜ ਲੀਡਰਸ਼ਿਪ ਨੇ ਆਪਣੇ ਨਿੱਜ ਸਵਾਰਥ ਕਰਕੇ ਵੱਡੇ ਮੁੱਦਿਆਂ ਤੇ ਕੀਤੀ ਸੌਦੇਬਾਜੀ ਨੇ ਵੱਡਾ ਨੁਕਸਾਨ ਕੀਤਾ। ਖੇਤੀ ਕਾਨੂੰਨਾਂ ਤੇ ਕਿਸਾਨਾਂ ਨਾਲ ਖੜਨ ਦੀ ਬਜਾਏ ਕੇਂਦਰੀ ਵਜਾਰਤ ਦੇ ਫੈਸਲੇ ਨੂੰ ਸਹੀ ਠਹਿਰਾਉਣ ਦੀ ਕੀਤੀ ਪੈਰਵੀ ਨੇ ਸਾਨੂੰ ਕਿਸਾਨਾਂ ਦੇ ਦੋਖੀ ਬਣਾਇਆ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪੰਥਕ ਅਤੇ ਪੰਜਾਬ ਦੀ ਨੁਮਾਇਦਾ ਜਮਾਤ ਤੇ ਇੱਕ ਪਰਿਵਾਰ ਅਤੇ ਇੱਕ ਵਿਅਕਤੀ ਵਿਸ਼ੇਸ਼ ਦਾ ਕਾਬਜ ਹੋ ਜਾਣਾ ਪੰਥ ਅਤੇ ਪੰਜਾਬ ਦੋਹਾਂ ਲਈ ਖਤਰਨਾਕ ਸਾਬਿਤ ਹੋਇਆ। ਬਹੁਤ ਸਾਰੇ ਵੱਡੇ ਮੁੱਦਿਆਂ ਤੇ ਸਹੀ ਅਗਵਾਈ ਨਾ ਕਰ ਸਕਣ ਸਾਡੀ ਲੀਡਰਸ਼ਿਪ ਨੇ ਭਰੋਸਾ ਗੁਆ ਦਿੱਤਾ। ਸਰਦਾਰ ਰੱਖੜਾ ਨੇ ਸਮੁੱਚੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਓਹ ਇਕੱਠੇ ਹੋ ਕੇ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਕਰਨ ਲਈ ਅੱਗੇ ਆਉਣ। ਮੰਚ ਸੰਚਾਲਨ ਕਰਦੇ ਹੋਏ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਜਿਥੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ ਉਥੇ ਹੀ ਵੱਡੀ ਗਿਣਤੀ ਵਿੱਚ ਆਈ ਸੰਗਤ ਤੋ ਮਿਲੇ ਸਮਰਥਨ ਤੇ ਭਰੋਸਾ ਜਤਾਇਆ ਕਿ ਇਸ ਹਲਕੇ ਦੀ ਪੰਥਕ ਸੋਚ ਮੁੜ ਉਭਰੀ ਹੈ। ਇਸ ਮੀਟਿੰਗ ਵਿੱਚ ਸੁਰਿੰਦਰ ਸਿੰਘ ਧਰਮਗੜ,ਹਰਵਿੰਦਰ ਸਿੰਘ ਕਸੌਲੀ, ਜਸਵਿੰਦਰ ਸਿੰਘ ਧੀਰੇ ਮਾਜਰਾ, ਸੁਰਜੀਤ ਸਿੰਘ ਤੱਸਿਬਲੀ, ਦਵਿੰਦਰ ਸਿੰਘ, ਨੰਬਰਦਾਰ,ਮਹਿੰਦਰ ਸਿੰਘ ਜਲਾਲਪੁਰ, ਨਾਇਬ ਸਿੰਘ ਬਾਜਵਾ, ਤਰਲੋਚਨ ਸਿੰਘ, ਜਸਵਿੰਦਰ ਸਿੰਘ ਮਲਕਪੁਰ, ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਪ੍ਰੀਤ ਸਿੰਘ ਅਮਲਾਲਾ, ਅਰਵਿੰਦਰ ਸਿੰਘ ਬਾਵਾ, ਅਵਤਾਰ ਸਿੰਘ ਜਵਾਹਰਪੁਰ, ਮਨਜੀਤ ਸਿੰਘ ਜੰਡਲੀ, ਕੁਲਦੀਪ ਸਿੰਘ ਮਾਲਣ, ਦਵਿੰਦਰ ਸਿੰਘ ਚਡਿਆਲਾ, ਰਣਜੀਤ ਸਿੰਘ ਧੀਰੇਮਾਜਰਾ, ਸਮੂਹ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ, ਮੈਬਰ, ਪੰਚ ਸਰਪੰਚ ਤੇ ਇਲਾਕੇ ਦੇ ਹੋਰ ਮੋਹਤਬਰ ਸੱਜਣ ਹਾਜ਼ਰ ਰਹੇ।
Comments
Post a Comment