ਵੜਿੰਗ ਦਾ ਸਵਾਲ, ਕੀ ਨਸ਼ਿਆਂ ਵਿਰੁੱਧ ਜੰਗ ਜਿੱਤ ਲਈ ਗਈ ਹੈ, ਜਾਂ ਫਿਰ ਜੰਗਬੰਦੀ ਹੋਈ ਹੈ
ਚੰਡੀਗੜ੍ਹ 31 ਮਈ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੀ ਸਰਕਾਰ ਦੀ "ਨਸ਼ਿਆਂ ਵਿਰੁੱਧ ਜੰਗ" (ਯੁੱਧ ਨਸ਼ਿਆਂ ਵਿਰੁੱਧ) ਦੀ ਸਥਿਤੀ ਬਾਰੇ ਪੁੱਛਿਆ ਹੈ, ਕਿਉਂਕਿ 31 ਮਈ ਦੀ ਆਖਰੀ ਤਾਰੀਖ ਅੱਜ ਖਤਮ ਹੋ ਗਈ ਹੈ। ਉਨ੍ਹਾਂ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਨਸ਼ਿਆਂ ਵਿਰੁੱਧ ਜੰਗ ਜਿੱਤ ਲਈ ਗਈ ਹੈ, ਜਾਂ ਤੁਸੀਂ ਅੱਜ ਆਖਰੀ ਤਾਰੀਖ ਖਤਮ ਹੋਣ ਤੋਂ ਬਾਅਦ ਇੱਕਪਾਸੜ ਜੰਗਬੰਦੀ ਦਾ ਐਲਾਨ ਕੀਤਾ ਹੈ? ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅੱਜ 'X' (ਟਵਿਟਰ) ਤੇ ਕਿਹਾ ਹੈ ਕਿ ਅੱਜ 31 ਮਈ, 2025 ਹੈ, ਜਿਹੜੀ ਆਖਰੀ ਤਾਰੀਖ ਤੁਸੀਂ ਪੰਜਾਬ ਵਿੱਚ ਨਸ਼ਿਆਂ ਨੂੰ ਹਰਾਉਣ ਲਈ ਨਿਰਧਾਰਤ ਕੀਤੀ ਸੀ। ਅਜਿਹੇ ਵਿਚ, ਕੀ ਤੁਸੀਂ ਕਿਰਪਾ ਕਰਕੇ ਸਾਨੂੰ 'ਯੁੱਧ ਨਸ਼ਿਆਂ ਵਿਰੁੱਧ' ਦੀ ਸਥਿਤੀ ਬਾਰੇ ਦੱਸੋਗੇ? ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਕਿਰਪਾ ਕਰਕੇ ਸਾਨੂੰ ਦੱਸੋ, ਕੀ 'ਜੰਗ' ਸੱਚਮੁੱਚ ਜਿੱਤ ਲਈ ਗਈ ਹੈ? ਜਾਂ, ਫਿਰ ਕੋਈ ਜੰਗਬੰਦੀ ਹੋਈ ਹੈ? ਉਨ੍ਹਾਂ ਨੇ ਪੁੱਛਿਆ ਕਿ ਜੇ 'ਜੰਗ' ਸੱਚਮੁੱਚ ਜਿੱਤ ਗਈ ਹੈ, ਤਾਂ ਪੰਜਾਬ ਦੇ ਲੋਕ ਚਾਹੁਣਗੇ ਕਿ ਤੁਸੀਂ ਖੁਦ ਵੱਡਾ ਐਲਾਨ ਕਰੋ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਲੋਕ ਜਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਮੂੰਹੋਂ ਇਹ ਸੁਣਨਾ ਚਾਹੁੰਦੇ ਹਨ ਅਤੇ ਜੇਕਰ ਤੁਸੀਂ ਜਿੱਤ ਦਾ ਐਲਾਨ ਖੁਦ ਕਰਦੇ ਹੋ, ਤਾਂ ਇਸ ਤੋਂ ਬਾਅਦ 'ਜਿੱਤ ਦੀ ਪਰੇਡ' ਹੋਣੀ ਚਾਹੀਦੀ ਹੈ"। ਬਾਅਦ ਵਿੱਚ ਪੱਤਰਕਾਰਾਂ ਨਾਲ ਇੱਕ ਗੈਰ-ਰਸਮੀ ਗੱਲਬਾਤ ਦੌਰਾਨ ਵੜਿੰਗ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਗੈਰ-ਯਥਾਰਥਵਾਦੀ ਸਮਾਂ-ਸੀਮਾਵਾਂ ਨਿਰਧਾਰਤ ਕਰਨਾ ਮੀਡੀਆ ਸਾਹਮਣੇ ਸਿਰਫ 'ਆਪ' ਦੀ ਆਦਤ ਦਾ ਇਕ ਹਿੱਸਾ ਸੀ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ 'ਯੁੱਧ ਨਸ਼ਿਆਂ ਵਿਰੁੱਧ' ਦੇ ਪ੍ਰਚਾਰ ਮੁਹਿੰਮ 'ਤੇ ਜਿੰਨਾ ਪੈਸਾ ਬਰਬਾਦ ਕੀਤਾ ਹੈ, ਉਸਨੂੰ ਨਸ਼ਾ ਪੀੜਤਾਂ ਲਈ ਹੋਰ ਨਸ਼ਾ ਛੁਡਾਊ ਸਹੂਲਤਾਂ ਸਥਾਪਤ ਕਰਨ ਲਈ ਵਰਤਿਆ ਜਾ ਸਕਦਾ ਸੀ।
Comments
Post a Comment