ਫੋਰਟਿਸ ਮੋਹਾਲੀ ਨੇ ਉੱਚ-ਜੋਖਮ ਵਾਲੇ ਦਿਲ ਦੇ ਮਰੀਜ਼ ਬਜ਼ੁਰਗਾਂ ਲਈ ਐਡਵਾਂਸਡ ਐਂਜੀਓਪਲਾਸਟੀ ਵਿੱਚ ਹਾਸਿਲ ਕੀਤੀ ਵਿਸ਼ੇਸ ਸਫ਼ਲਤਾ
ਚੰਡੀਗੜ੍ਹ 30 ਜੂਨ ( ਰਣਜੀਤ ਧਾਲੀਵਾਲ ) : ਫੋਰਟਿਸ ਹਸਪਤਾਲ, ਮੋਹਾਲੀ ਦਿਲ ਦੀ ਦੇਖਭਾਲ ਵਿੱਚ ਉੱਤਮਤਾ ਦਾ ਇੱਕ ਮੋਹਰੀ ਕੇਂਦਰ ਹੈ। ਹਸਪਤਾਲ ਉੱਚ-ਜੋਖਮ ਵਾਲੇ ਮਰੀਜ਼ਾਂ ਨੂੰ ਅਤਿ-ਆਧੁਨਿਕ ਇੰਟਰਵੇਂਸ਼ਨਲ ਕਾਰਡੀਓਲੋਜੀ ਇਲਾਜ ਪ੍ਰਦਾਨ ਕਰ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਬਾਈਪਾਸ ਸਰਜਰੀ ਜਾਂ ਐਂਜੀਓਪਲਾਸਟੀ ਲਈ ਅਯੋਗ ਮੰਨਿਆ ਜਾਂਦਾ ਸੀ। ਗੁੰਝਲਦਾਰ ਦਿਲ ਦੀ ਬਿਮਾਰੀ ਅਤੇ ਸਰੀਰਕ ਕਮਜ਼ੋਰੀ ਵਾਲੇ ਇੱਕ 93 ਸਾਲਾ ਬਜ਼ੁਰਗ ਮਰੀਜ਼ ਦਾ ਇੱਕ ਵੱਡੀ ਦਿਲ ਦੀ ਨਾੜੀ ਵਿੱਚ ਰੁਕਾਵਟ ਲਈ ਐਡਵਾਂਸਡ ਐਂਜੀਓਪਲਾਸਟੀ ਨਾਲ ਸਫਲਤਾਪੂਰਵਕ ਇਲਾਜ ਕੀਤਾ ਗਿਆ। ਇੱਕ ਹੋਰ ਮਾਮਲੇ ਵਿੱਚ, ਸ਼ੂਗਰ, ਹਾਰਟ ਫੇਲੀਅਰ, ਗੁਰਦੇ ਦੀਆਂ ਸਮੱਸਿਆਵਾਂ ਅਤੇ ਤਿੰਨ ਦਿਲ ਦੀਆਂ ਨਾੜੀਆਂ ਵਿੱਚ ਰੁਕਾਵਟ ਤੋਂ ਪੀੜਤ ਇੱਕ 70 ਸਾਲਾ ਮਰੀਜ਼ ਦੀ ਵੀ ਗੁੰਝਲਦਾਰ ਅਤੇ ਜੋਖਮ ਭਰੀ ਐਂਜੀਓਪਲਾਸਟੀ ਕੀਤੀ ਗਈ। ਦੋਵੇਂ ਮਰੀਜ਼ ਸਰਜਰੀ ਲਈ ਢੁਕਵੇਂ ਨਹੀਂ ਸਨ, ਪਰ ਹੁਣ ਉੱਨਤ ਤਕਨੀਕ ਅਤੇ ਮਾਹਰ ਡਾਕਟਰੀ ਦੇਖਭਾਲ ਦੇ ਕਾਰਨ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਫੋਰਟਿਸ ਹਸਪਤਾਲ, ਮੋਹਾਲੀ ਦੇ ਕਾਰਡੀਓਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਸੁਧਾਂਸ਼ੂ ਬੁਡਾਕੋਟੀ ਨੇ ਕਿਹਾ, ‘‘93 ਸਾਲਾ ਮਰੀਜ਼, ਜਿਸਨੂੰ ਹਾਈਪਰਟਰੋਫਿਕ ਕਾਰਡੀਓਮਾਇਓਪੈਥੀ (ਦਿਲ ਦੀਆਂ ਮਾਸਪੇਸ਼ੀਆਂ ਦਾ ਮੋਟਾ ਹੋਣਾ, ਖਾਸ ਕਰਕੇ ਖੱਬੇ ਪਾਸੇ) ਅਤੇ ਕੋਰੋਨਰੀ ਆਰਟਰੀ ਬਿਮਾਰੀ ਸੀ, ਛਾਤੀ ਵਿੱਚ ਦਰਦ ਦੀ ਸ਼ਿਕਾਇਤ ਲੈਕੇ ਹਸਪਤਾਲ ਆਏ ਸਨ। 2022 ਵਿੱਚ, ਉਨ੍ਹਾਂ ਦੀ ਕੋਰੋਨਰੀ ਐਂਜੀਓਗ੍ਰਾਫੀ ਹੋਈ ਅਤੇ ਉਨ੍ਹਾਂ ਨੂੰ ਸੀਏਬੀਜੀ (ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟ) ਦੀ ਸਲਾਹ ਦਿੱਤੀ ਗਈ, ਪਰ ਉਨ੍ਹਾਂ ਦੀ ਉਮਰ ਅਤੇ ਕਮਜ਼ੋਰੀ ਨੂੰ ਦੇਖਦੇ ਹੋਏ, ਉੱਚ-ਜੋਖਮ ਵਾਲੀ ਸਰਜਰੀ ਤੋਂ ਬਚਿਆ ਗਿਆ ਅਤੇ ਉਨ੍ਹਾਂ ਦਾ ਦਵਾਈਆਂ ਨਾਲ ਇਲਾਜ ਕੀਤਾ ਗਿਆ। ਹਰ ਤਰ੍ਹਾਂ ਦੀਆਂ ਦਵਾਈਆਂ ਅਤੇ ਅਨੁਕੂਲਿਤ ਡਾਕਟਰੀ ਇਲਾਜ ਦੇ ਬਾਵਜੂਦ, ਮਰੀਜ਼ ਨੂੰ ਆਰਾਮ ਕਰਨ ’ਤੇ ਵੀ ਛਾਤੀ ਵਿੱਚ ਦਰਦ ਹੁੰਦਾ ਰਿਹਾ। ਅਜਿਹੀ ਸਥਿਤੀ ਵਿੱਚ, ਡਾਕਟਰ ਨੇ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਭਾਵੀ ਇਲਾਜ ਵਿਕਲਪਾਂ ’ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਦੁਬਾਰਾ ਐਂਜੀਓਗ੍ਰਾਫੀ ਦੀ ਜ਼ਰੂਰਤ ਬਾਰੇ ਵਿਸਥਾਰ ਵਿੱਚ ਦੱਸਿਆ। ਸ਼ੁਰੂ ਵਿੱਚ, ਮਰੀਜ਼ ਅਤੇ ਉਨ੍ਹਾਂ ਦਾ ਪਰਿਵਾਰ ਝਿਜਕ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਨਾ ਤਾਂ ਸਰਜਰੀ ਅਤੇ ਨਾ ਹੀ ਸਟੈਂਟਿੰਗ ਸੰਭਵ ਹੈ। ਪਰ ਡਾ. ਸੁਧਾਂਸ਼ੂ ਨੇ ਉਨ੍ਹਾਂ ਨੂੰ ਸਮਝਾਇਆ ਕਿ ਹੁਣ ਇਹ ਬੇਹੱਦ ਜ਼ਰੂਰੀ ਹੈ ਅਤੇ ਜੇਕਰ ਲੋੜ ਪਈ ਤਾਂ ਸਟੈਂਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਮਰੀਜ਼ ਦੀ ਕੋਰੋਨਰੀ ਐਂਜੀਓਗ੍ਰਾਫੀ (ਸੀਏਜੀ) ਕੀਤੀ ਗਈ, ਜਿਸ ਵਿੱਚ ਕੈਲਸੀਫਾਈਡ ਟ੍ਰਿਪਲ ਵੈਸਲ ਡਿਜ਼ੀਜ਼ (ਤਿੰਨੋਂ ਵੱਡੀਆਂ ਦਿਲ ਦੀਆਂ ਨਾੜੀਆਂ ਵਿੱਚ ਕੈਲਸ਼ੀਅਮ ਜਮ੍ਹਾਂ) ਦਾ ਖੁਲਾਸਾ ਹੋਇਆ। ਕਿਉਂਕਿ ਪਲੇਕ ਮੌਡੀਫਿਕੇਸ਼ਨ ਤੋਂ ਬਿਨਾਂ ਕੈਲਸੀਫਾਈਡ ਨਾੜੀਆਂ ਵਿੱਚ ਸਟੈਂਟ ਪਾਉਣਾ ਸੰਭਵ ਨਹੀਂ ਸੀ, ਇਸ ਲਈ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉੱਨਤ ਇਲਾਜ ਵਿਕਲਪਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿੱਚ ਰੋਟੈਬਲੇਸ਼ਨ, ਇੰਟਰਾਵੈਸਕੁਲਰ ਲਿਥੋਟ੍ਰਿਪਸੀ (ਆਈਵੀਐਲ) ਅਤੇ ਲੇਜ਼ਰ ਵਰਗੀਆਂ ਵਿਸ਼ੇਸ਼ ਤਕਨੀਕਾਂ ਸ਼ਾਮਿਲ ਸਨ, ਜਿਨ੍ਹਾਂ ਰਾਹੀਂ ਨਾੜੀਆਂ ਵਿੱਚ ਜਮ੍ਹਾਂ ਹੋਏ ਸਖ਼ਤ ਕੈਲਸ਼ੀਅਮ ਨੂੰ ਤੋੜਿਆ ਜਾਂਦਾ ਹੈ ਅਤੇ ਫਿਰ ਇੱਕ ਸਟੈਂਟ ਪਾਇਆ ਜਾਂਦਾ ਹੈ। ਪਰਿਵਾਰ ਦੁਆਰਾ ਸਾਰੀ ਜਾਣਕਾਰੀ ਸਮਝਣ ਅਤੇ ਲਿਖਤੀ ਇਜਾਜ਼ਤ ਦੇਣ ਤੋਂ ਬਾਅਦ, ਆਈਵੀਐਲ ਤਕਨੀਕ ਦੀ ਵਰਤੋਂ ਕਰਕੇ ਮਰੀਜ਼ ਦੀ ਗੁੰਝਲਦਾਰ ਐਂਜੀਓਪਲਾਸਟੀ ਕੀਤੀ ਗਈ, ਜਿਸ ਵਿੱਚ ਨਾੜੀਆਂ ਵਿੱਚ ਜਮ੍ਹਾਂ ਹੋਏ ਕੈਲਸ਼ੀਅਮ ਨੂੰ ਤੋੜਨ ਅਤੇ ਨਰਮ ਕਰਨ ਅਤੇ ਖੂਨ ਦੇ ਪ੍ਰਵਾਹ ਨੂੰ ਬਹਾਲ ਕਰਨ ਲਈ ਇੱਕ ਗੁਬਾਰੇ ਰਾਹੀਂ ਸ਼ੌਫਟ ਸ਼ੌਕਵੇਵਸ ਦੀਆਂ ਤਰੰਗਾਂ ਭੇਜੀਆਂ ਜਾਂਦੀਆਂ ਹਨ। ਡਾ. ਸੁਧਾਂਸ਼ੂ ਬੁਡਾਕੋਟੀ ਨੇ ਅੱਗੇ ਕਿਹਾ, ‘‘ਕਿ ਸਾਡੇ ਕੋਲ ਇੱਕ ਹੋਰ ਅਜਿਹਾ ਹੀ ਮਾਮਲਾ ਆਇਆ, ਜਿਸ ਵਿੱਚ ਇੱਕ 70 ਸਾਲਾ ਸ਼ੂਗਰ ਤੋਂ ਪੀੜ੍ਹਿਤ ਵਿਅਕਤੀ ਏਨਲ ਫਿਸਟੁਲਾ ਦੀ ਸਰਜਰੀ ਤੋਂ ਪਹਿਲਾਂ ਕਾਰਡੀਅਕ ਕਲੀਅਰੈਂਸ ਲਈ ਆਏ ਸਨ। ਰੁਟੀਨ ਜਾਂਚ ਦੌਰਾਨ, ਇਹ ਖੁਲਾਸਾ ਹੋਇਆ ਕਿ ਉਨ੍ਹਾਂ ਨੂੰ ਪਹਿਲਾਂ ਸਾਈਲੈਂਟ ਹਾਰਟ ਅਟੈਕ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਦਿਲ ਦੀ ਪੰਪਿੰਗ ਸਮਰੱਥਾ ਸਿਰਫ 30 ਪ੍ਰਤੀਸ਼ਤ ਰਹਿ ਗਈ ਸੀ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਗੁਰਦੇ ਦੀ ਪੁਰਾਣੀ ਬਿਮਾਰੀ ਹੋਣ ਦਾ ਸ਼ੱਕ ਸੀ।’’ ਉਨ੍ਹਾਂ ਦੀ ਉੱਚ-ਜੋਖਮ ਵਾਲੀ ਸਿਹਤ ਸਥਿਤੀ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਪਹਿਲਾਂ ਕੋਰੋਨਰੀ ਐਂਜੀਓਗ੍ਰਾਫੀ (ਸੀਏਜੀ) ਲਈ ਲਿਜਾਇਆ ਗਿਆ, ਜਿਸ ਵਿੱਚ ਤਿੰਨੋਂ ਦਿਲ ਦੀਆਂ ਨਾੜੀਆਂ ਵਿੱਚ ਕੈਲਸੀਫਿਕੇਸ਼ਨ ਦੇ ਨਾਲ ਵਿਆਪਕ ਬਲੌਕੇਜ (ਡਿਫਿਊਜ਼ ਟ੍ਰਿਪਲ ਵੈਸਲ ਡਿਜ਼ੀਜ਼) ਅਤੇ ਦੂਰ ਦੀਆਂ ਨਾੜੀਆਂ ਵਿੱਚ ਬਹੁਤ ਘੱਟ ਖੂਨ ਦਾ ਪ੍ਰਵਾਹ ਹੋਣ ਦਾ ਖੁਲਾਸਾ ਹੋਇਆ, ਜਿਸ ਨਾਲ ਬਾਈਪਾਸ ਸਰਜਰੀ ਇੱਕ ਮੁਸ਼ਕਿਲ ਵਿਕਲਪ ਬਣ ਗਈ। ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਬਿਮਾਰੀ ਦੀ ਪ੍ਰਕਿਰਤੀ ਅਤੇ ਰੀਵੈਸਕੁਲਰਾਈਜ਼ੇਸ਼ਨ (ਨਾੜੀਆਂ ਨੂੰ ਦੁਬਾਰਾ ਖੋਲਣ) ਦੀ ਉੱਚ-ਜੋਖਮ ਵਾਲੀ ਪ੍ਰਕਿਰਿਆ ਬਾਰੇ ਸਮਝਾਇਆ ਗਿਆ, ਜਿਸ ਵਿੱਚ ਕਈ ਕਾਰਕ ਸ਼ਾਮਿਲ ਸਨ ਜਿਵੇਂ ਕਿ ਉਨ੍ਹਾਂ ਦਾ ਘੱਟ ਇਜੈਕਸ਼ਨ ਫਰੈਕਸ਼ਨ (ਘੱਟ ਪੰਪਿੰਗ ਸਮਰੱਥਾ), ਸ਼ੂਗਰ, ਗੁਰਦੇ ਦੀ ਬਿਮਾਰੀ ਅਤੇ ਕੈਲਸੀਫਾਈਡ ਨਾੜੀਆਂ। ਕਿਉਂਕਿ ਉਹ ਉਨ੍ਹਾਂ ਦੀ ਉਮਰ ਵਿੱਚ ਬਾਈਪਾਸ ਸਰਜਰੀ ਕਰਵਾਉਣ ਲਈ ਤਿਆਰ ਨਹੀਂ ਸਨ, ਇਸ ਲਈ ਕੈਲਸ਼ੀਅਮ ਮੌਡੀਫਿਕੇਸ਼ਨ ਲਈ ਆਈਵੀਐਲ ਤਕਨੀਕ ਦੀ ਮਦਦ ਨਾਲ ਉੱਚ-ਜੋਖਮ ਵਾਲੀ ਐਂਜੀਓਪਲਾਸਟੀ ਕਰਨ ਦਾ ਫੈਸਲਾ ਕੀਤਾ ਗਿਆ। ਡਾ. ਸੁਧਾਂਸ਼ੂ ਨੇ ਕਿਹਾ ਕਿ ਆਈਵੀਐਲ ਤਕਨੀਕ ਦੀ ਵਰਤੋਂ ਮਰੀਜ਼ ਦੇ ਲੈਫਟ ਮੇਨ ਅਤੇ ਐਲਏਡੀ (ਦਿਲ ਦੀ ਇੱਕ ਵੱਡੀ ਨਾੜੀ) ਵਿੱਚ ਰੁਕਾਵਟ ਨੂੰ ਦੂਰ ਕਰਨ ਲਈ ਕੀਤੀ ਗਈ। ਨਾੜੀਆਂ ਨੂੰ ਖੁੱਲ੍ਹਾ ਰੱਖਣ ਲਈ ਲੈਫਟ ਮੇਨ ਤੋਂ ਐਲਏਡੀ ਵਿੱਚ ਦੋ ਸਟੈਂਟ ਪਾਏ ਗਏ ਸਨ। ਮਰੀਜ਼ ਦੇ ਗੁਰਦਿਆਂ ਦੀ ਰੱਖਿਆ ਲਈ ਪ੍ਰਕਿਰਿਆ ਦੌਰਾਨ ਬਹੁਤ ਘੱਟ ਮਾਤਰਾ ਵਿੱਚ ਡਾਈ ਦੀ ਵਰਤੋਂ ਕੀਤੀ ਗਈ ਸੀ। ਮਰੀਜ਼ ਪੂਰੀ ਪ੍ਰਕਿਰਿਆ ਦੌਰਾਨ ਸਥਿਰ ਰਿਹਾ ਅਤੇ ਅਗਲੇ ਹੀ ਦਿਨ ਉਨ੍ਹਾਂ ਨੂੰ ਹਸਪਤਾਲ ਤੋਂ ਸੁਰੱਖਿਅਤ ਛੁੱਟੀ ਦੇ ਦਿੱਤੀ ਗਈ।
Comments
Post a Comment