ਅਕਾਲੀ ਦਲ ਵੱਲੋਂ ਮਨਪ੍ਰੀਤ ਇਯਾਲੀ ਨੂੰ ਚੁਣੌਤੀ, ਕਿਹਾ ਕਿ ਇਯਾਲੀ ਇਸ ਗੱਲ ਦਾ ਖੰਡਨ ਕਰਨ ਕਿ ਉਹਨਾਂ ਨੇ ਲੁਧਿਆਣਾ ਵਿਚ ਲੈਂਡ ਪੂਲਿੰਗ ਸਕੀਮ ਵਿਚੋਂ ਆਪਣੀ ਜ਼ਮੀਨ ਨਹੀਂ ਕੱਢਵਾਈ
ਅਕਾਲੀ ਦਲ ਵੱਲੋਂ ਮਨਪ੍ਰੀਤ ਇਯਾਲੀ ਨੂੰ ਚੁਣੌਤੀ, ਕਿਹਾ ਕਿ ਇਯਾਲੀ ਇਸ ਗੱਲ ਦਾ ਖੰਡਨ ਕਰਨ ਕਿ ਉਹਨਾਂ ਨੇ ਲੁਧਿਆਣਾ ਵਿਚ ਲੈਂਡ ਪੂਲਿੰਗ ਸਕੀਮ ਵਿਚੋਂ ਆਪਣੀ ਜ਼ਮੀਨ ਨਹੀਂ ਕੱਢਵਾਈ
ਪਰਮਬੰਸ ਸਿੰਘ ਰੋਮਾਣਾ ਨੇ ਦਸਤਾਵੇਜ਼ ਜਾਰੀ ਕਰ ਕੇ ਸਾਬਤ ਕੀਤਾ ਕਿ ਇਯਾਲੀ ਨੇ ਇਹ ਝੂਠਾ ਦਾਅਵਾ ਕੀਤਾ ਕਿ 28 ਏਕੜ ਵਿਚ ਕਲੌਨੀ 2018 ਤੋਂ ਪਹਿਲਾਂ ਬਣਾਈ ਗਈ ਤਾਂ ਜੋ ਉਹ ਨਾਂ ਮਾਤਰ ਫੀਸ ’ਤੇ ਇਸਨੂੰ ਰੈਗੂਲਰ ਕਰਵਾ ਸਕਣ
ਚੰਡੀਗੜ੍ਹ 30 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਦਾਖਾ ਹਲਕੇ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਗੱਲ ਦਾ ਖੰਡਨ ਕਰਨ ਕਿ ਉਹਨਾਂ ਨੇ ਆਪਣੀ ਜ਼ਮੀਨ ਲੈਂਡ ਪੂਲਿੰਗ ਸਕੀਮ ਵਿਚੋਂ ਨਹੀਂ ਕੱਢਵਾਈ ਜਦੋਂ ਕਿ ਉਹਨਾਂ ਦੀ ਜ਼ਮੀਨ ਦੇ ਨਾਲ ਲੱਗਵੀਂ ਜ਼ਮੀਨ ਗਰੀਬ ਕਿਸਾਨਾਂ ਦੀ ਹੈ ਜਿਸਨੂੰ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਤੇ ਸਰਦਾਰ ਰੋਮਾਣਾ ਨੇ ਦਸਤਾਵੇਜ਼ ਜਾਰੀ ਕਰ ਕੇ ਇਹ ਵੀ ਸਾਬਤ ਕੀਤਾ ਕਿ ਇਯਾਲੀ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਤੋਂ ਆਪਣੀ ਨਜਾਇਜ਼ ਕਲੌਨੀ ਲਈ ਨਜਾਇਜ਼ ਸਰਕਾਰੀ ਰਿਆਇਤਾਂ ਵੀ ਲਈਆਂ ਹਨ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਇਯਾਲੀ ਨੇ ਆਪ ਸਰਕਾਰ ਦੀ ਜ਼ਮੀਨ ਹੜੱਪਣ ਦੀ ਸਕੀਮ ’ਤੇ ਬਿਲਕੁਲ ਚੁੱਪੀ ਵੱਟ ਲਈ ਹੈ ਜਦੋਂ ਕਿ ਸਰਕਾਰ ਇਕੱਲੇ ਲੁਧਿਆਣਾ ਵਿਚ ਹੀ 24000 ਏਕੜ ਜ਼ਮੀਨ ’ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਚੁੱਪੀ ਕਰ ਕੇ ਹੀ ਸਰਕਾਰ ਨੇ ਇਯਾਲੀ ਨੂੰ ’ਐਡਜਸਟ’ ਕੀਤਾ ਹੈ ਤੇ ਉਹਨਾਂ ਦੇ ਕਬਜ਼ੇ ਹੇਠਲੀ ਸਾਰੀ ਜ਼ਮੀਨ ਨੂੰ ਸਕੀਮ ਵਿਚੋਂ ਬਾਹਰ ਕੱਢ ਦਿੱਤਾ ਹੈ। ਅਕਾਲੀ ਆਗੂ ਨੇ ਇਯਾਲੀ ਨੂੰ ਆਖਿਆ ਕਿ ਉਹ ਦੱਸਣ ਕਿ ਉਹਨਾਂ ਦਾ ਆਪ ਲੀਡਰਸ਼ਿਪ ਨਾਲ ਕੀ ਸਮਝੌਤਾ ਹੋਇਆ ਹੈ ਜਿਸਦੇ ਕਾਰਨ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ। ਰੋਮਾਣਾ ਨੇ ਦਸਤਾਵੇਜ਼ ਤੇ ਨਕਸ਼ੇ ਵਿਖਾ ਕੇ ਸਾਬਤ ਕੀਤਾ ਕਿ ਕਿਵੇਂ ਇਯਾਲੀ ਪਰਿਵਾਰ ਦੀ ਮਲਕੀਅਤ ਵਾਲੀ ਅਵਾਂਤਾ ਐਨਕਲੇਵ ਦੇ 28 ਏਕੜ ਰਕਬੇ ਸਮੇਤ ਜ਼ਮੀਨ ਦਾ ਇਕ ਹਿੱਸਾ ਅਤੇ 7.5 ਏਕੜ ਦਾ ਇਕ ਹੋਰ ਹਿੱਸਾ ਲੈਂਡ ਪੂਲਿੰਗ ਸਕੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ ਜਦੋਂ ਕਿ ਨਾਲ ਲੱਗਦੀ ਗਰੀਬ ਕਿਸਾਨਾਂ ਦੀ ਜ਼ਮੀਨ ਸਕੀਮ ਵਿਚ ਸ਼ਾਮਲ ਕਰ ਦਿੱਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ 20 ਏਕੜ ਦੇ ਇਕ ਹੋਰ ਟੋਟੇ ਵਿਚੋਂ 8 ਏਕੜ ਇਯਾਲੀ ਪਰਿਵਾਰ ਦੇ ਹਨ ਪਰ ਉਸਨੂੰ ਵੀ ਲੈਂਡ ਪੂਲਿੰਗ ਸਕੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਜਦੋਂ ਕਿ ਬਾਕੀ ਰਹਿੰਦੇ 12 ਏਕੜ ਐਕਵਾਇਰ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।
ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਇਥੇ ਹੀ ਬੱਸ ਨਹੀਂ, ਆਪ ਸਰਕਾਰ ਨੇ ਕੋਲ ਦਸਤਾਵੇਜ਼ ਮੌਜੂਦ ਹਨ ਜਿਹਨਾਂ ਤੋਂ ਇਯਾਲੀ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਸਾਬਤ ਹੁੰਦੀਆਂ ਹਨ। ਉਹਨਾਂ ਕਿਹਾ ਕਿ ਇਯਾਲੀ ਪਰਿਵਾਰ ਨੇ ਇਕ ਕਲੌਨੀ ਅਵਾਂਤਾ ਐਨਕਲੇਵ 28 ਏਕੜ ਵਿਚ ਵਿਕਸਤ ਕੀਤੀ ਜਿਸ ਵਿਚ ਸਰਕਾਰੀ ਕਾਨੂੰਨ ਮੁਤਾਬਕ ਬਿਲਟ ਅੱਪ ਏਰੀਆ 55 ਫੀਸਦੀ ਦੀ ਥਾਂ 70 ਫੀਸਦੀ ਕਰਨ ਸਮੇਤ ਅਨੇਕਾਂ ਗੈਰ ਕਾਨੂੰਨੀ ਉਲੰਘਣਾਵਾਂ ਕੀਤੀਆਂ ਗਈਆਂ। ਸਰਦਾਰ ਰੋਮਾਣਾ ਨੇ ਕਿਹਾ ਕਿ ਜਦੋਂ ਇਕ ਸਕੀਮ ਸ਼ੁਰੂ ਕੀਤੀ ਗਈ ਕਿ 2018 ਤੋਂ ਪਹਿਲਾਂ ਕੱਟੀਆਂ ਸਾਰੀਆਂ ਗੈਰ ਕਾਨੂੰਨੀ ਕਲੌਨੀਆਂ ਨੂੰ ਸਿਰਫ 3 ਕਰੋੜ ਰੁਪਏ ਦੇ ਕੇ ਰੈਗੂਲਰ ਕਰਵਾਇਆ ਜਾ ਸਕਦਾ ਹੈ ਤਾਂ ਸਰਦਾਰ ਇਯਾਲੀ ਨੇ ਇਹ ਦਾਅਵਾ ਕਰਦਿਆਂ ਦਸਤਾਵੇਜ਼ ਸੌਂਪੇ ਕਿ ਅਵਾਂਤਾ ਗ੍ਰੀਨਜ਼ 2015 ਵਿਚ ਉਸਾਰੀ ਗਈ ਸੀ। ਅਕਾਲੀ ਆਗੂ ਨੇ ਕਿਹਾ ਕਿ ਇਯਾਲੀ ਨੇ 55 ਕਰੋੜ ਰੁਪਏ ਜ਼ੁਰਮਾਨੇ ਤੋਂ ਬਚਣ ਵਾਸਤੇ ਇਹ ਝੂਠ ਬੋਲਿਆ। ਅਕਾਲੀ ਆਗੂ ਨੇ ਗੂਗਲ ਤਸਵੀਰਾਂ ਸਾਂਝੀਆਂ ਕਰਦਿਆਂ ਵਿਖਾਇਆ ਕਿ 2017, 2018 ਅਤੇ 2019 ਵਿਚ ਅਵਾਂਤਾ ਗ੍ਰੀਨਜ਼ ਦੀ ਇਹ ਜ਼ਮੀਨ ਬਿਲਕੁਲ ਬੰਜਰ ਜ਼ਮੀਨ ਦਾ ਟੁਕੜਾ ਸੀ ਅਤੇ 2020 ਤੋਂ ਹੀ ਇਸ ਵਿਚ ਕੱਚੀਆਂ ਸੜਕਾਂ ਦੀ ਉਸਾਰੀ ਸ਼ੁਰੂ ਹੋਈ। ਰੋਮਾਣਾ ਨੇ ਇਹ ਵੇਰਵੇ ਵੀ ਸਾਂਝੇ ਕੀਤੇ ਕਿ ਇਹ ਗੈਰ ਕਾਨੂੰਨੀ ਕੰਮ ਕਿਵੇਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਯਾਲੀ ਨੇ ਆਪਣੇ ਵਾਹਕਾਂ ਨਾਲ ਪਿਛਲੀਆਂ ਤਾਰੀਕਾਂ ਵਿਚ ਇਕਰਾਰਨਾਮੇ ਵਿਖਾਉਣ ਵਾਸਤੇ ਪਿਛਲੀਆਂ ਤਾਰੀਕਾਂ ਵਿਚ ਅਸ਼ਟਾਮ ਪੇਪਰ ਖਰੀਦੇ ਪਰ ਜਦੋਂ ਖਪਤਕਾਰਾਂ ਨੇ ਪਹੁੰਚ ਕੀਤੀ ਤਾਂ ਵਿਜੀਲੈਂਸ ਵਿਭਾਗ ਨੇ ਇਹ ਘੁਟਾਲਾ ਬੇਨਕਾਬ ਕਰ ਦਿੱਤਾ। ਉਹਨਾਂ ਕਿਹਾ ਕਿ ਹੁਣ ਆਪ ਸਰਕਾਰ ਕੋਲ ਸਾਰੇ ਘੁਟਾਲੇ ਦੇ ਵੇਰਵੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ ਇਸ ਗੱਲ ਦਾ ਜ਼ਿਕਰ ਇਯਾਲੀ ਨੂੰ ਚੁੱਪ ਕਰਵਾਉਣ ਵਾਸਤੇ ਕੀਤਾ ਵੀ ਸੀ। ਰੋਮਾਣਾ ਨੇ ਇਯਾਲੀ ਨੂੰ ਚੁਣੌਤੀ ਦਿੱਤੀ ਕਿ ਉਹ ਉਹਨਾਂ ਨੂੰ ਗਲਤ ਸਾਬਤ ਕਰ ਕੇ ਵਿਖਾਉਣ। ਉਹਨਾਂ ਕਿਹਾ ਕਿ ਮੈਂ ਇਯਾਲੀ ਨੂੰ ਚੁਣੌਤੀ ਦਿੰਦਾ ਹਾਂ ਕਿ ਅਵਾਂਤਾ ਐਨਕਲੇਵ ਦੇ 93 ਵਿਚੋਂ ਇਕ ਵੀ ਪਲਾਟ ਦੀ ਰਜਿਸਟਰੀ 2018 ਤੋਂ ਪਹਿਲਾਂ ਹੋਈ ਵਿਖਾ ਦੇਣ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ। ਉਹਨਾਂ ਕਿਹਾ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਯਾਲੀ ਨੇ ਹੰਬੜਾਂ ਰੋਡ ਤੇ ਕੈਲ ਪਿੰਡ ਵਿਚਲੀ ਆਪਣੀ ਜ਼ਮੀਨ ਵੀ ਲੈਂਡ ਪੂਲਿੰਗ ਸਕੀਮ ਵਿਚੋਂ ਕੱਢਵਾ ਲਈ ਹੈ। ਉਹਨਾਂ ਕਿਹਾ ਕਿ ਜਦੋਂ ਵੀ ਇਸਦੇ ਦਸਤਾਵੇਜ਼ ਸਾਡੇ ਕੋਲ ਆ ਗਏ ਤਾਂ ਅਸੀਂ ਇਹ ਵੀ ਜਾਰੀ ਕਰ ਦਿਆਂਗੇ।
Comments
Post a Comment