ਲੈਂਸ ਦੀ ਰੌਸ਼ਨੀ ‘ਚ ਚਮਕਿਆ ਚੰਡੀਗੜ੍ਹ: ਫੋਟੋ 2025 ‘ਚ ਤਸਵੀਰਾਂ ਦੀ ਅਨੋਖੀ ਦੁਨੀਆ
27 ਫੋਟੋਗ੍ਰਾਫਰ, 120 ਫਰੇਮ ਅਤੇ ਇੱਕ ਵਿਜ਼ਨ — ਫੋਟੋ 2025 ‘ਚ ਕੈਦ ਹੋਈ ਚੰਡੀਗੜ੍ਹ ਦੀ ਰਚਨਾਤਮਕ ਪਹਿਚਾਣ
ਚੰਡੀਗੜ੍ਹ 31 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਫੋਟੋਗ੍ਰਾਫਿਕ ਸੋਸਾਇਟੀ ਆਫ ਚੰਡੀਗੜ੍ਹ (ਪੀਐਸਸੀ) ਦੀ ਸਾਲਾਨਾ ਗਰੁੱਪ ਪ੍ਰਦਰਸ਼ਨੀ "ਫੋਟੋ 2025" ਦਾ ਉਦਘਾਟਨ ਪੰਜਾਬ ਕਲਾ ਭਵਨ, ਸੈਕਟਰ 16 ‘ਵਿੱਚ ਕੀਤਾ। ਇਸ ਪ੍ਰਦਰਸ਼ਨੀ ‘ਚ ਸੋਸਾਇਟੀ ਦੇ ਮੈਂਬਰਾਂ ਦੀ ਰਚਨਾਤਮਕ ਸੋਚ ਅਤੇ ਫੋਟੋਗ੍ਰਾਫੀ ਦੇ ਉਤਕ੍ਰਿਸ਼ਟ ਹੁਨਰ ਨੂੰ ਦਰਸਾਇਆ ਗਿਆ ਹੈ। 33 ਸਾਲਾਂ ਤੋਂ ਵੱਧ ਦੀ ਰਚਨਾਤਮਕ ਪਰੰਪਰਾ ਨੂੰ ਅੱਗੇ ਵਧਾਉਂਦਿਆਂ, ਇਸ ਸਾਲ ਦੀ ਪ੍ਰਦਰਸ਼ਨੀ ‘ਚ 27 ਹੋਣਹਾਰ ਫੋਟੋਗ੍ਰਾਫਰਾਂ ਦੀਆਂ ਲਗਭਗ 120 ਮਨਮੋਹਕ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਨ੍ਹਾਂ ‘ਚ ਲੈਂਡਸਕੇਪ, ਪੋਰਟਰੇਟ, ਸਟ੍ਰੀਟ ਅਤੇ ਫਾਈਨ ਆਰਟ ਫੋਟੋਗ੍ਰਾਫੀ ਵਰਗੀਆਂ ਵੱਖ-ਵੱਖ ਸ਼ੈਲੀਆਂ ਸ਼ਾਮਲ ਹਨ। ਹਰ ਤਸਵੀਰ ਆਪਣੇ ਰਚਨਹਾਰ ਦੀ ਵਿਲੱਖਣ ਦ੍ਰਿਸ਼ਟੀ ਅਤੇ ਜਜ਼ਬਾਤੀ ਅਭਿਵਿਆਕਤੀ ਨੂੰ ਦਰਸਾਉਂਦੀ ਹੈ, ਜੋ ਉੱਚ ਗੁਣਵੱਤਾ ਵਾਲੇ ਪ੍ਰਿੰਟਾਂ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਫੋਟੋਗ੍ਰਾਫੀ ਇੱਕ ਕਲਾ ਹੈ ਜੋ ਪਲਕ ਝਪਕਦੇ ਹੀ ਗੁਜ਼ਰਦੇ ਪਲਾਂ ਨੂੰ ਸੰਜੋਦੀ ਹੈ, ਭਾਵਨਾਵਾਂ ਨੂੰ ਪ੍ਰਗਟ ਕਰਦੀ ਹੈ ਅਤੇ ਆਮ ਚੀਜ਼ਾਂ ‘ਚ ਅਸਾਧਾਰਣ ਸੁੰਦਰਤਾ ਦਿਖਾਉਣ ਦੀ ਵਿਲੱਖਣ ਸਮਰੱਥਾ ਰੱਖਦੀ ਹੈ। ਲੈਂਡਸਕੇਪ, ਵਾਇਲਡਲਾਈਫ, ਪੋਰਟਰੇਟ ਅਤੇ ਮੈਕਰੋ ਫੋਟੋਗ੍ਰਾਫੀ ਵਰਗੇ ਵਿਸ਼ਿਆਂ ਰਾਹੀਂ ਫੋਟੋਗ੍ਰਾਫਰ ਆਪਣੀ ਪ੍ਰਤਿਭਾ, ਸੰਵੇਦਨਸ਼ੀਲਤਾ ਅਤੇ ਵਿਲੱਖਣ ਦ੍ਰਿਸ਼ਟੀ ਨੂੰ ਸਾਂਝਾ ਕਰਦੇ ਹਨ। ਐਹੋ ਜਿਹੀਆਂ ਪ੍ਰਦਰਸ਼ਨੀਆਂ ਸਿਰਫ਼ ਰਚਨਾਤਮਕਤਾ ਦਾ ਮੰਚ ਹੀ ਨਹੀਂ ਦਿੰਦੀਆਂ, ਸਗੋਂ ਹੋਰਨਾਂ ਨੂੰ ਵੀ ਦੁਨੀਆ ਨੂੰ ਨਵੀਂ ਦ੍ਰਿਸ਼ਟੀ ਅਤੇ ਜਿਗਿਆਸਾ ਨਾਲ ਦੇਖਣ ਲਈ ਪ੍ਰੇਰਿਤ ਕਰਦੀਆਂ ਹਨ। ਪੀ.ਐਸ.ਸੀ. ਦੇ ਪ੍ਰੈਸੀਡੈਂਟ ਕੈਲਾਸ਼ ਸ਼ਰਮਾ ਨੇ ਕਿਹਾ ਕਿ ਇੱਕ ਵਾਰ ਫਿਰ, ਫੋਟੋਗ੍ਰਾਫਿਕ ਸੋਸਾਇਟੀ ਆਫ ਚੰਡੀਗੜ੍ਹ ਦੇ ਸਾਰੇ ਮੈਂਬਰ ਆਪਣੇ ਸਭ ਤੋਂ ਵਧੀਆ ਰਚਨਾਤਮਕ ਕੰਮਾਂ ਨੂੰ ਫੋਟੋਗ੍ਰਾਫੀ ਪ੍ਰੇਮੀਆਂ ਨਾਲ ਸਾਂਝਾ ਕਰਨ ਲਈ ਤਿਆਰ ਹਨ। ਅਨੁਭਵ ਨੂੰ ਹੋਰ ਰੰਗਤ ਭਰਣ ਲਈ, ਡਾ. ਸੁਧੀਰ ਸੈਕਸੇਨਾ, ਅਮਰਬੀਰ ਸਿੰਘ ਅਤੇ ਪ੍ਰਸਿੱਧ ਸੈਲੀਬ੍ਰਿਟੀ ਫੋਟੋਗ੍ਰਾਫਰ ਧੀਰਜ ਪਾਲ (ਸੋਨੀ ਦੇ ਸਹਿਯੋਗ ਨਾਲ) ਵੱਲੋਂ ਤਿੰਨ ਮੁਫ਼ਤ ਫੋਟੋਗ੍ਰਾਫੀ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ। ਇਹ ਸੈਸ਼ਨ ਫੋਟੋਗ੍ਰਾਫੀ ਪ੍ਰੇਮੀਆਂ ਅਤੇ ਉਭਰਦੇ ਪੇਸ਼ੇਵਰਾਂ ਲਈ ਕੀਮਤੀ ਜਾਣਕਾਰੀਆਂ ਅਤੇ ਲਾਈਵ ਡੈਮੋ ਪੇਸ਼ ਕਰਨਗੇ। ਇਸ ਤੋਂ ਇਲਾਵਾ, ਹਰ ਮੈਂਬਰ ਦੇ 20 ਡਿਜ਼ਿਟਲ ਕੰਮਾਂ ਨੂੰ ਵਿਸ਼ੇਸ਼ ਪ੍ਰੋਜੈਕਸ਼ਨ ਡਿਸਪਲੇ ਰਾਹੀਂ ਦਿਖਾਇਆ ਜਾਵੇਗਾ, ਜਿਸ ਨਾਲ ਦਰਸ਼ਕਾਂ ਨੂੰ ਇੱਕ ਜੀਵੰਤ ਅਤੇ ਗਤੀਸ਼ੀਲ ਤਜਰਬਾ ਪ੍ਰਾਪਤ ਹੋਵੇਗਾ। ਫੋਟੋਗ੍ਰਾਫਿਕ ਸੋਸਾਇਟੀ ਆਫ ਚੰਡੀਗੜ੍ਹ ਨੇ ਸਾਰੇ ਕਲਾ ਅਤੇ ਫੋਟੋਗ੍ਰਾਫੀ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਰਚਨਾਤਮਕ ਯਾਤਰਾ ਦਾ ਹਿੱਸਾ ਬਣਨ ਅਤੇ 31 ਅਕਤੂਬਰ ਤੋਂ 2 ਨਵੰਬਰ 2025 ਤੱਕ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਪੰਜਾਬ ਕਲਾ ਭਵਨ, ਚੰਡੀਗੜ੍ਹ ‘ਚ ਇਸ ਸ਼ਾਨਦਾਰ ਪ੍ਰਦਰਸ਼ਨੀ ਦਾ ਆਨੰਦ ਲੈਣ।
Comments
Post a Comment