ਗਮਾਡਾ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਅਲਸ਼ਾਜੀ ‘ਤੇ ਪਰਦਾ ਪਾਉਣ ਲਈ ਕੀਤੀ ਗਈ TDI ਪ੍ਰਜੈਕਟ ਦੀ ਫਾਈਲ ਗੁੰਮ
ਐਸ.ਏ.ਐਸ. ਨਗਰ 14 ਅਕਤੂਬਰ ( ਰਣਜੀਤ ਧਾਲੀਵਾਲ ) : ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ-110 ਦੇ ਆਗੂਆਂ ਰਾਜਵਿੰਦਰ ਸਿੰਘ ਸਰਾਓ, ਜਸਵੀਰ ਸਿੰਘ ਗੜਾਂਗ, ਐੱਮ.ਐੱਲ. ਸ਼ਰਮਾ, ਹਰਮਿੰਦਰ ਸਿੰਘ ਸੋਹੀ, ਮਾਸਟਰ ਗੁਰਮੁੱਖ ਸਿੰਘ, ਸੰਜੇਵੀਰ, ਮੋਹਿਤ ਮਦਾਨ, ਅਮਰਜੀਤ ਸਿੰਘ ਸੇਂਖੋਂ ਨੇ ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਰੈਜੀਡੈਂਸ ਵੈਲਫੇਅਰ ਸੋਸਾਇਟੀ ਨੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਦੇ ਸਾਲ 2022 ਵਿੱਚ ਲਿਖਤੀ ਤੌਰ ਤੇ ਧਿਆਨ ਵਿੱਚ ਲਿਆਂਦਾ ਸੀ ਕਿ ਤੁਹਾਡੇ ਕੁੱਝ ਕਰਮਚਾਰੀਆਂ ਵੱਲੋਂ ਟੀ.ਡੀ.ਆਈ. ਬਿਲਡਰ ਨੂੰ ਸਾਲ 2015 ਵਿੱਚ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਵੇਲੇ ਸਬੰਧਿਤ ਨਕਸ਼ੇ ਵਿੱਚ ਜਾਅਲਸ਼ਾਜੀ ਕੀਤੀ ਗਈ ਹੈ। ਪਰ ਇੰਨਾ ਲੰਮਾ ਸਮਾਂ ਬੀਤ ਜਾਣ ਤੇ ਵੀ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ। ਆਗੂਆਂ ਨੇ ਇਹ ਵੀ ਦੱਸਿਆ ਕਿ ਗਮਾਡਾ ਵੱਲੋਂ ਜੋ ਪਾਰਸ਼ੀਅਲ ਕੰਪਲੀਸ਼ਨ ਟੀ.ਡੀ.ਆਈ ਬਿਲਡਰ ਨੂੰ ਜਾਰੀ ਕੀਤਾ ਗਿਆ ਹੈ। ਉਸ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਵਿਰੁੱਧ ਸਾਲ 2019 ਵਿੱਚ ਇਤਰਾਜ਼ ਕੀਤੇ ਗਏ ਸਨ, ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਸਮੇਂ ਜ਼ਮੀਨੀ ਸਥਿਤੀ ਨੂੰ ਅੱਖੋਂ-ਪਰੋਖੇ ਕਰਕੇ ਬਹੁਤ ਸਾਰੇ ਗਲਤ ਤੱਥ ਪੇਸ਼ ਕੀਤੇ ਗਏ ਸਨ। ਜਿਸ ਵਿੱਚ ਨਕਸ਼ੇ ਸਬੰਧੀ ਜਾਅਲਸ਼ਾਜੀ ਵਾਲੀ ਮੱਦ ਵੀ ਸ਼ਾਮਿਲ ਸੀ। ਹੁਣ ਕੁੱਝ ਸਮਾਂ ਪਹਿਲਾਂ ਸੋਸਾਇਟੀ ਦੇ ਧਿਆਨ ਵਿੱਚ ਆਇਆ ਹੈ ਕਿ ਗਮਾਡਾ ਦੇ ਕਰਮਚਾਰੀਆਂ ਨੇ ਆਪਣੇ ਵਿਰੁੱਧ ਕਾਰਵਾਈ ਦੇ ਡਰ ਤੋਂ ਇਸ ਕੇਸ ਨਾਲ ਸਬੰਧਿਤ ਮੁੱਖ ਮਿਸਲ ਹੀ ਰਿਕਾਰਡ ਵਿੱਚੋਂ ਗਾਇਬ ਕਰ ਦਿੱਤੀ ਗਈ ਹੈ। ਫਾਇਲ ਗੁੰਮ ਹੋਣ ਦੀ ਪੁਸ਼ਟੀ ਗਮਾਡਾ ਨੇ ਆਪਣੇ ਮੀਮੋ ਨੰ: ਗਮਾਡਾ/ਡੀ.ਟੀ.ਪੀ/ਅ-2/22857 ਰਾਹੀ ਮਿਤੀ 4/8/25 ਨੂੰ ਸੀਨੀਅਰ ਪੁਲਿਸ ਕਪਤਾਨ ਐੱਸ.ਏ.ਐੱਸ ਨਗਰ ਨੂੰ ਪੱਤਰ ਲਿੱਖ ਕੇ ਕਰ ਦਿੱਤੀ ਹੈ। ਪਰ ਦੋ ਮਹੀਨੇ ਦਾ ਸਮਾਂ ਬੀਤ ਜਾਣ ਤੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਅਤੇ ਕਰਮਚਾਰੀਆਂ/ਅਧਿਕਾਰੀਆਂ ਵਿਰੁੱਧ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗਮਾਡਾ ਦੇ ਅਧਿਕਾਰੀ ਫਾਇਲ ਗੁੰਮ ਹੋਣ ਦੇ ਬਾਵਜੂਦ ਵੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਤੋਂ ਨਿੱਜੀ ਪੇਸ਼ ਹੋ ਕੇ ਸੁਣਵਾਈ ਵੀ ਕਰਦੇ ਰਹੇ। ਇਸ ਲਈ ਫਾਇਲ ਗੁੰਮ ਹੋਣ ‘ਤੇ ਪਰਦਾ ਪਾਉਣ ਵਾਲੇ ਕਰਮਚਾਰੀਆਂ ‘ਤੇ ਵੀ ਕਾਰਵਾਈ ਹੋਣੀ ਬਣਦੀ ਹੈ। ਆਗੂਆਂ ਨੂੰ ਸ਼ੰਕਾ ਹੈ ਕਿ ਇਸ ਬਿਲਡਰ ਨਾਲ ਸਬੰਧਿਤ ਹੋਰ ਫਾਈਲਾਂ ਵੀ ਗਾਇਬ ਹੋ ਸਕਦੀਆਂ ਹਨ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜਾਅਲਸ਼ਾਜੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਅਤੇ ਮੁੱਖ ਮਿਸਲ ਗਾਇਬ ਕਰਨ ਵਾਲੇ ਕਰਮਚਾਰੀਆਂ/ਅਧਿਕਾਰੀਆਂ ਵਿਰੁੱਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਥੋਂ ਦੇ ਵਸਨੀਕਾਂ ਨੂੰ ਇਨਸਾਫ ਮਿਲ ਸਕੇ।
Comments
Post a Comment