ਕਲੀਨ ਏਅਰ ਪੰਜਾਬ ਅਤੇ ਏਗ੍ਰੀ2ਪਾਵਰ ਵੱਲੋਂ ਕਿਸਾਨਾਂ ਲਈ ਵਟਸਐਪ ਆਧਾਰਿਤ ਡਿਜ਼ਿਟਲ ਸਹਾਇਕ ‘ਸਾਂਝਾ ਮਿੱਤਰ’ ਸ਼ੁਰੂ
2000 ਤੋਂ ਵੱਧ ਕਿਸਾਨਾਂ ਨਾਲ ਹੋਈ ਪੜਤਾਲ ਵਿੱਚ ਵਟਸਐਪ ਨੂੰ ਜਾਣਕਾਰੀ ਲਈ ਸਭ ਤੋਂ ਪਸੰਦੀਦਾ ਸਾਧਨ ਪਾਇਆ ਗਿਆ
ਚੰਡੀਗੜ੍ਹ 21 ਨਵੰਬਰ ( ਰਣਜੀਤ ਧਾਲੀਵਾਲ ) : ਕਲੀਨ ਏਅਰ ਪੰਜਾਬ ਅਤੇ ਏਗ੍ਰੀ2ਪਾਵਰ ਨੇ ਮਿਲ ਕੇ ‘ਸਾਂਝਾ ਮਿੱਤਰ’ ਨਾਮ ਦਾ ਵਟਸਐਪ ਆਧਾਰਿਤ ਡਿਜ਼ਿਟਲ ਸਹਾਇਕ ਸ਼ੁਰੂ ਕੀਤਾ ਹੈ, ਜੋ ਪਹਿਲਾਂ ਹੀ ਪੰਜਾਬ ਭਰ ਦੇ ਕਿਸਾਨਾਂ ਲਈ ਖੇਤੀਬਾੜੀ ਸਹਾਇਤਾ ਤੱਕ ਪਹੁੰਚ ਆਸਾਨ ਬਣਾ ਰਿਹਾ ਹੈ। ਇਹ ਮੰਚ 2,000 ਤੋਂ ਵੱਧ ਕਿਸਾਨਾਂ ਨਾਲ ਕੀਤੀ ਗਈ ਵਿਸਤ੍ਰਿਤ ਗੱਲਬਾਤ ਅਤੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ, ਜਿਸ ਤੋਂ ਇਹ ਸਾਹਮਣੇ ਆਇਆ ਕਿ ਕਿਸਾਨਾਂ ਲਈ ਖੇਤੀਬਾੜੀ ਸਬੰਧੀ ਜਾਣਕਾਰੀ ਲੈਣ ਲਈ ਵਟਸਐਪ ਸਭ ਤੋਂ ਭਰੋਸੇਯੋਗ ਅਤੇ ਮਨਪਸੰਦ ਸਾਧਨ ਹੈ। ਇਨ੍ਹਾਂ ਗੱਲਾਂ ਦੇ ਆਧਾਰ ’ਤੇ ਤਿਆਰ ਕੀਤਾ ਗਿਆ ‘ਸਾਂਝਾ ਮਿੱਤਰ’ ਕਿਸਾਨਾਂ ਨੂੰ ਇੱਕ ਹੀ ਜਾਣ-ਪਛਾਣ ਵਾਲੇ ਮੰਚ ਰਾਹੀਂ ਮਸ਼ੀਨ ਬੁੱਕ ਕਰਨ, ਤਾਜ਼ਾ ਮੌਸਮ ਦੀ ਜਾਣਕਾਰੀ ਲੈਣ, ਤਕਨੀਕੀ ਮਦਦ ਲੈਣ, ਮਿੱਟੀ ਦੀ ਜਾਂਚ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਸਿਖਲਾਈ ਦੇ ਮੌਕਿਆਂ ਬਾਰੇ ਜਾਣਨ ਦੀ ਸਹੂਲਤ ਦਿੰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਸੇਵਾ ਸਿਰਫ਼ ਆਟੋਮੈਟਿਕ ਨਹੀਂ ਹੈ, ਸਗੋਂ ਚੈਟਬੌਟ ’ਤੇ ਆਉਣ ਵਾਲੇ ਹਰ ਸੁਨੇਹੇ ਨੂੰ ਤਰਬੀਤਯਾਫ਼ਤਾ ਸਾਥੀਆਂ ਵੱਲੋਂ ਪੜ੍ਹਿਆ ਤੇ ਸਮਝਿਆ ਜਾਂਦਾ ਹੈ, ਤਾਂ ਜੋ ਕਿਸਾਨਾਂ ਨੂੰ ਸਹੀ, ਨਿੱਜੀ ਅਤੇ ਖੇਤਾਂ ਦੀ ਹਾਲਤ ਮੁਤਾਬਕ ਸਲਾਹ ਮਿਲ ਸਕੇ। ਤਕਨਾਲੋਜੀ ਅਤੇ ਮਨੁੱਖੀ ਤਜਰਬੇ ਦਾ ਇਹ ਮਿਲਾਪ ਇਸ ਸੇਵਾ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉਭਰ ਰਿਹਾ ਹੈ। ਟੈਸਟ ਪੜਾਅ ਵਿੱਚ ਹੋਣ ਦੇ ਬਾਵਜੂਦ, ਇਹ ਸੇਵਾ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋ ਰਹੀ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਹੁਣ ਜ਼ਿਆਦਾ ਤੇਜ਼ ਮਦਦ ਮਿਲ ਰਹੀ ਹੈ ਅਤੇ ਸੇਵਾਵਾਂ ਤੱਕ ਪਹੁੰਚ ਆਸਾਨ ਹੋਈ ਹੈ। ਇੱਕ ਮਿਸਾਲ ਵਿੱਚ, ਇੱਕ ਕਿਸਾਨ ਨੂੰ ਚੈਟਬੌਟ ਰਾਹੀਂ ਅਰਜ਼ੀ ਦੇਣ ਤੋਂ ਕੇਵਲ 2 ਘੰਟਿਆਂ ਦੇ ਅੰਦਰ ਮਸ਼ੀਨ ਮੁਹੱਈਆ ਕਰਵਾਈ ਗਈ, ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਮਿਲੀ-ਝੁਲੀ ਡਿਜ਼ਿਟਲ ਸਹਾਇਤਾ ਖੇਤੀਬਾੜੀ ਦੇ ਤੁਰੰਤ ਕੰਮਾਂ ਵਿੱਚ ਹੋਣ ਵਾਲੀ ਦੇਰੀ ਨੂੰ ਘਟਾ ਸਕਦੀ ਹੈ।
ਇਸ ਮੌਕੇ ’ਤੇ ਗੱਲ ਕਰਦਿਆਂ, ਅਸਰ ਦੀ ਸਟੇਟ ਕਲਾਇਮੇਟ ਐਕਸ਼ਨ ਡਾਇਰੈਕਟਰ ਸਨਮ ਨੇ ਕਿਹਾ ਕਿ ‘ਸਾਂਝਾ ਮਿੱਤਰ’ ਪੂਰੀ ਤਰ੍ਹਾਂ ਕਿਸਾਨਾਂ ਦੀ ਸੋਚ ਅਤੇ ਲੋੜਾਂ ’ਤੇ ਤਿਆਰ ਕੀਤਾ ਗਿਆ ਹੈ। ਜਦੋਂ ਤਕਨਾਲੋਜੀ ਕਿਸਾਨਾਂ ਦੀ ਅਸਲ ਪਸੰਦ ਦੇ ਅਨੁਸਾਰ ਬਣਾਈ ਜਾਂਦੀ ਹੈ, ਤਾਂ ਉਸਦਾ ਅਸਰ ਤੁਰੰਤ ਅਤੇ ਅਰਥਪੂਰਨ ਹੁੰਦਾ ਹੈ। ਇਹ ਸੇਵਾ ਸਮੇਂ ਸਿਰ ਵਿਗਿਆਨਕ ਜਾਣਕਾਰੀ ਸਿੱਧੀ ਉਨ੍ਹਾਂ ਦੇ ਮੋਬਾਈਲ ਫੋਨਾਂ ਤੱਕ ਪਹੁੰਚਾਉਂਦੀ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਫੈਸਲਾ ਲੈਣ ਦੀ ਸਮਰੱਥਾ ਅਤੇ ਮੌਸਮੀ ਬਦਲਾਅ ਅੱਗੇ ਟਿਕਾਊ ਬਣਨ ਦੀ ਤਾਕਤ ਵਧਦੀ ਹੈ। ਏਗ੍ਰੀ2ਪਾਵਰ ਦੇ ਸੀਈਓ ਸੁਖਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਬਿਲਕੁਲ ਸਾਫ਼ ਹੈ — ਕੋਈ ਵੀ ਕਿਸਾਨ ਆਪਣੇ ਆਪ ਨੂੰ ਇਕੱਲਾ ਜਾਂ ਬੇਸਹਾਰਾ ਮਹਿਸੂਸ ਨਾ ਕਰੇ। ਚਾਹੇ ਕਿਸੇ ਨੂੰ ਮਸ਼ੀਨ ਦੀ ਲੋੜ ਹੋਵੇ, ਤਕਨੀਕੀ ਮਦਦ ਚਾਹੀਦੀ ਹੋਵੇ ਜਾਂ ਮੌਸਮ ਬਾਰੇ ਜਾਣਕਾਰੀ, ‘ਸਾਂਝਾ ਮਿੱਤਰ’ ਤੇਜ਼ੀ ਅਤੇ ਭਰੋਸੇ ਨਾਲ ਜਵਾਬ ਦਿੰਦਾ ਹੈ। ਸ਼ੁਰੂਆਤੀ ਪ੍ਰਤੀਕਿਰਿਆ ਤੋਂ ਇਹ ਸਪਸ਼ਟ ਹੈ ਕਿ ਅਜਿਹੀ ਤੁਰੰਤ ਮਦਦ ਕਿੰਨੀ ਵੱਡਾ ਬਦਲਾਅ ਲਿਆ ਸਕਦੀ ਹੈ। ਜਿਵੇਂ ਜਿਵੇਂ ਇਹ ਪਾਇਲਟ ਪ੍ਰੋਜੈਕਟ ਅੱਗੇ ਵਧੇਗਾ, ਕਲੀਨ ਏਅਰ ਪੰਜਾਬ ਅਤੇ ਏਗ੍ਰੀ2ਪਾਵਰ ਅਗਲੇ ਸਾਲ ਇਸ ਚੈਟਬੌਟ ਨੂੰ ਪੂਰੇ ਸੂਬੇ ਵਿੱਚ ਫੈਲਾਉਣ ਦੀ ਯੋਜਨਾ ਬਣਾਉਂ ਰਹੇ ਹਨ। ਅਗਲੇ ਪੜਾਅ ਵਿੱਚ ਹੋਰ ਕਿਸਾਨ ਪਲੇਟਫਾਰਮ ਨਾਲ ਜੋੜੇ ਜਾਣਗੇ, ਮਸ਼ੀਨ ਬੁੱਕਿੰਗ ਪ੍ਰਣਾਲੀ ਹੋਰ ਮਜ਼ਬੂਤ ਕੀਤੀ ਜਾਵੇਗੀ, ਫਸਲ ਸਲਾਹ ਸੇਵਾਵਾਂ ਨੂੰ ਬਿਹਤਰ ਬਣਾਇਆ ਜਾਵੇਗਾ ਅਤੇ ਕਿਸਾਨਾਂ ਦੀ ਰਾਏ ਦੇ ਆਧਾਰ ’ਤੇ ਨਵੇਂ ਇੰਟਰਐਕਟਿਵ ਫੀਚਰ ਜੋੜੇ ਜਾਣਗੇ। ਸੰਸਥਾਵਾਂ ਦਾ ਮਕਸਦ ਇੱਕ ਅਜਿਹਾ ਡਿਜ਼ਿਟਲ ਮਾਹੌਲ ਤਿਆਰ ਕਰਨਾ ਹੈ, ਜਿੱਥੇ ਹਰ ਕਿਸਾਨ ਸਿਰਫ਼ ਇੱਕ ਸੁਨੇਹਾ ਭੇਜ ਕੇ ਭਰੋਸੇਯੋਗ ਮਾਰਗਦਰਸ਼ਨ ਹਾਸਲ ਕਰ ਸਕੇ।

Comments
Post a Comment