5 ਮਹੀਨਿਆਂ ਤੋਂ ਵਿਕਲਾਂਗ ਵਿਅਕਤੀ ਸੜਕ ਹਾਦਸੇ 'ਚ ਜਖਮੀ ਹੋਣ ਤੋਂ ਬਾਅਦ ਇਨਸਾਫ ਲੈਣ ਲਈ ਖਾ ਰਿਹਾ ਦਰ ਦਰ ਦੀਆਂ ਠੋਕਰਾਂ,
ਐਸ ਸੀ ਬੀਸੀ ਮੋਰਚਾ ਆਗੂਆਂ ਵੱਲੋਂ 12 ਜਨਵਰੀ ਨੂੰ ਥਾਣਾ ਫੇਸ 1 ਦੇ ਘਿਰਾਓ ਦਾ ਐਲਾਨ,
ਐਸ.ਐਸ.ਪੀ. ਮੋਹਾਲੀ ਅਤੇ ਥਾਣਾ ਫੇਸ 1 ਨੇ ਦਰਖਾਸਤਾਂ ਦੇਣ ਤੋਂ ਬਾਅਦ ਵੀ ਨਹੀਂ ਕੀਤੀ ਦੋਸ਼ੀ ਵਿਅਕਤੀ ਤੇ ਕੋਈ ਕਾਰਵਾਈ,
ਐਸ.ਏ.ਐਸ.ਨਗਰ 30 ਦਸੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਇੱਕ ਵਿਕਲਾਂਗ ਵਿਅਕਤੀ ਰਿਸ਼ੀਰਾਜ ਮਹਾਰ ਆਪਣੇ ਪਰਿਵਾਰ ਸਮੇਤ ਪਹੁੰਚਿਆ। ਜਿਸਦਾ ਮਿਤੀ 24 ਜੁਲਾਈ 2025 ਨੂੰ ਸ਼ਾਹੀ ਮਾਜਰੇ ਵਿਖੇ ਇੱਕ ਆਟੋ ਨਾਲ ਐਕਸੀਡੈਂਟ ਹੋ ਗਿਆ ਸੀ। ਜਿਸ ਦੌਰਾਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਬਾਰੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਰਿਸ਼ੀਰਾਜ ਵੱਲੋਂ ਮੋਹਾਲੀ ਦੇ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ। ਪਰ ਉਹਨਾਂ ਵੱਲੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਐਕਸੀਡੈਂਟ ਵਿੱਚ ਰਿਸ਼ੀਰਾਜ ਦਾ ਹੰਸ ਟੁੱਟ ਚੁੱਕਾ ਹੈ। ਘਰ ਵਿੱਚ ਗਰੀਬੀ ਜਿਆਦਾ ਹੋਣ ਕਰਕੇ ਉਹ ਆਪਰੇਸ਼ਨ ਕਰਵਾਕੇ ਆਪਣਾ ਹੰਸ ਵੀ ਠੀਕ ਨਹੀਂ ਕਰਵਾ ਸਕਿਆ। ਅਖੀਰ ਕਿਤੇ ਕੋਈ ਸੁਣਵਾਈ ਨਾ ਹੁੰਦੀ ਦੇਖ ਕੇ ਰਿਸ਼ੀ ਰਾਜ ਮਹਾਰ ਨੇ ਐਸ ਸੀ ਬੀਸੀ ਮੋਰਚਾ ਆਗੂਆਂ ਕੋਲੋਂ ਗੁਹਾਰ ਲਗਾਈ ਤੇ ਆਗੂਆਂ ਵੱਲੋਂ 12 ਜਨਵਰੀ 2026 ਨੂੰ ਸਵੇਰੇ 11 ਵਜੇ ਮੋਹਾਲੀ ਦੇ ਥਾਣਾ ਫੇਸ ਇੱਕ ਦੇ ਘਿਰਾਉ ਦਾ ਐਲਾਨ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਵੱਖ-ਵੱਖ ਥਾਣਿਆਂ ਤੋਂ ਪੀੜਿਤ ਪਰਿਵਾਰ ਰੋਜਾਨਾ ਮੋਰਚੇ ਤੇ ਪਹੁੰਚ ਰਹੇ ਹਨ। ਉਹਨਾਂ ਦੀਆਂ ਮੁਸ਼ਕਿਲਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਇਥੋਂ ਤੱਕ ਕਿ ਐਸ ਸੀ ਕਮਿਸ਼ਨ ਵੀ ਉਹਨਾਂ ਦੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕਰ ਰਹੇ। ਮਿਤੀ 11 ਜਨਵਰੀ 2025 ਨੂੰ ਰੱਖੇ ਗਏ ਘਿਰਾਓ ਵਿੱਚ ਵੱਖ-ਵੱਖ ਥਾਣਿਆਂ ਤੋਂ ਪੀੜਿਤ ਪਰਿਵਾਰ ਆਪਣੇ ਦਸਤਾਵੇਜਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਜੋ ਉਹਨਾਂ ਦੀ ਸੁਣਵਾਈ ਕੀਤੀ ਜਾ ਸਕੇ। ਸ. ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਐਸਐਸਪੀ ਮੋਹਾਲੀ ਐਸ ਸੀ ਕਮਿਸ਼ਨਾਂ ਵੱਲੋਂ ਕੀਤੇ ਹੁਕਮਾਂ ਨੂੰ ਵੀ ਟਿੱਚ ਸਮਝ ਰਹੇ ਹਨ। ਕਿਸੇ ਵੀ ਨੋਟਿਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਮੋਰਚਾ ਆਗੂ ਮਾਸਟਰ ਬਨਵਾਰੀ ਲਾਲ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਗਰੀਬ ਵਿਕਲਾਂਗ ਵਿਅਕਤੀ ਦੀ ਸਹਾਇਤਾ ਕੀਤੀ ਜਾਵੇ ਤੇ ਦੋਸ਼ੀ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਰਮ ਸਿੰਘ ਕੁਰੜੀ, ਕਰਮਜੀਤ ਸਿੰਘ, ਦਰਸ਼ਨ ਸਿੰਘ, ਨੰਬਰਦਾਰ ਬਰਜਿੰਦਰ ਸਿੰਘ ਆਦਿ ਹਾਜ਼ਰ ਹੋਏ।

Comments
Post a Comment