ਬਿਜਲੀ ਮੀਟਰ ਰੀਡਰਾਂ ਦੀ ਲੰਮੀ ਚੱਲ ਰਹੀ ਹੜਤਾਲ ਨੇ ਖਪਤਕਾਰਾਂ ਦੀ ਮੁਸ਼ਕਲ ਵਧਾ ਦਿੱਤੀ
ਐਸ.ਏ.ਐਸ.ਨਗਰ 31 ਦਸੰਬਰ ( ਰਣਜੀਤ ਧਾਲੀਵਾਲ ) : ਬਿਜਲੀ ਮੀਟਰ ਰੀਡਰਾਂ ਦੀ ਲੰਮੀ ਚੱਲ ਰਹੀ ਹੜਤਾਲ ਨੇ ਖਪਤਕਾਰਾਂ ਦੀ ਮੁਸ਼ਕਲ ਵਧਾ ਦਿੱਤੀ ਹੈ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਮੀਟਰ ਰੀਡਿੰਗ ਨਾ ਲੈ ਕਾਰਨ ਖਪਤਕਾਰਾਂ ਨੂੰ ਅਸਲ ਖਪਤ ਦੀ ਥਾਂ ਔਸਤ ਆਧਾਰਤ ਬਿੱਲ ਭੇਜੇ ਜਾ ਰਹੇ ਹਨ, ਜਿਸ ਨਾਲ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਬੁਧਵਾਰ ਤੱਕ ਮੀਟਰ ਰੀਡਰਾਂ ਦੀ ਹੜਤਾਲ ਨੂੰ 45 ਦਿਨ ਪੂਰੇ ਹੋ ਚੁੱਕੇ ਹਨ, ਪਰ ਅਜੇ ਤੱਕ ਮਸਲੇ ਦਾ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ ਅਤੇ ਨਾ ਹੀ ਜਲਦ ਆਉਣ ਵਾਲੇ ਦਿਨਾਂ ਵਿਚ ਇਸ ਸਮੱਸਿਆ ਦਾ ਹੱਲ ਹੋਣ ਦੀ ਆਸ ਹੈ। ਆਲ ਪੰਜਾਬੀ ਮੀਟਰ ਰੀਡਰ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਪਿਛਲੇ 12 ਸਾਲਾ ਤੋਂ ਪਾਵਰਕਾਮ ਲਈ ਬਿਜਲੀ ਬਿੱਲਾਂ ਦੀ ਰੀਡਿੰਗ ਦਾ ਕੰਮ ਕਰਨ ਵਾਲੇ ਮੀਟਰ ਰੀਡਰ ਨਿੱਜੀ ਕੰਪਨੀਆਂ ਦੇ ਲਗਾਤਾਰ ਸੋਸ਼ਣ ਦਾ ਸ਼ਿਕਾਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਵੱਲੋਂ ਦਿੱਤੇ ਗਏ ਵਰਕ ਆਰਡਰ ਅਨੁਸਾਰ ਉਨ੍ਹਾਂ ਨੂੰ ਨਾ ਤਾਂ ਪੂਰਾ ਭੁਗਤਾਨ ਮਿਲ ਰਿਹਾ ਹੈ ਅਤੇ ਨਾ ਹੀ ਸਮੇਂ ਸਿਰ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਮੀਟਰ ਰੀਡਰ ਆਰਥਿਕ ਤੰਗੀ ਦੇ ਕਿਨਾਰੇ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਤਨਖਾਹ ਲਈ ਉਨ੍ਹਾਂ ਨੂੰ ਕਰੀਬ ਦੋ ਤੋਂ ਤਿੰਨ ਮਹੀਨੇ ਇੰਤਜ਼ਾਰ ਕਰਨ ਪੈਂਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ ਅਤੇ ਕਿਰਤ ਵਿਭਾਗ ਦੇ ਘੱਟੋ ਘੱਟ ਨਿਰਧਾਰਿਤ ਨਿਯਮਾਂ ਦੇ ਅਨੁਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ। ਭੰਗੂ ਨੇ ਦੱਸਿਆ ਕਿ ਯੂਨੀਅਨ ਵੱਲੋਂ ਪਾਵਰਕਾਮ ਪ੍ਰਬੰਧਨ ਨਾਲ ਕਈ ਵਾਰ ਸ਼ਾਂਤੀਪੂਰਨ ਢੰਗ ਨਾਲ ਗੱਲਬਾਤ ਕੀਤੀ ਗਈ, ਪਰ ਕਿਸੇ ਵੀ ਅਧਿਕਾਰੀ ਨੇ ਮੀਟਰ ਰੀਡਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨ ਜਾਂ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਕਾਰਨ ਮਜ਼ਬੂਰਨ ਮੀਟਰ ਰੀਡਰਾਂ ਨੂੰ ਹੜਤਾਲ ਦਾ ਰਸਤਾ ਅਪਣਾਉਣਾ ਪਿਆ। ਉਨ੍ਹਾਂ ਸਾਫ਼ ਕਿਹਾ ਕਿ ਜਦ ਤੱਕ ਪਾਵਰਕਾਮ ਮੈਨੇਜਮੈਂਟ ਵੱਲੋਂ ਫਿਕਸ ਤਨਖਾਹ ਅਤੇ ਤਨਖਾਹ ਮਿਲਣ ਦੀ ਤਾਰੀਕ ਬਾਰੇ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ, ਤਦ ਤੱਕ ਹੜਤਾਲ ਜਾਰੀ ਰਹੇਗੀ। ਜਤਿੰਦਰ ਸਿੰਘ ਭੰਗੂ ਨੇ ਦੋਸ਼ ਲਗਾਇਆ ਕਿ ਨਿੱਜੀ ਕੰਪਨੀਆਂ ਵੱਲੋਂ ਕਰਮਚਾਰੀਆਂ 'ਤੇ ਦਬਾਅ ਬਣਾਉਣ ਲਈ ਉਨ੍ਹਾਂ ਦੀਆਂ ਆਈਡੀਜ਼ ਬਲਾਕ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਥਾਂ ਨਵੇਂ ਕਰਮਚਾਰੀ ਰੱਖਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਮੀਟਰ ਰੀਡਰਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਖਪਤਕਾਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਔਸਤ ਆਧਾਰਤ ਬਿਜਲੀ ਬਿੱਲ ਮਿਲ ਰਹੇ ਹਨ, ਜਿਸ ਨਾਲ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਿਆਲਾਂ ਦੇ ਮੌਸਮ ਕਾਰਨ ਘਰੇਲੂ ਖਰਚ ਪਹਿਲਾਂ ਹੀ ਵਧੇ ਹੋਏ ਹਨ ਅਤੇ ਦੂਜੇ ਪਾਸੇ ਭਾਰੀ ਬਿਜਲੀ ਬਿੱਲਾਂ ਨੇ ਉਨ੍ਹਾਂ ਦਾ ਬਜਟ ਡਗਮਗਾ ਦਿੱਤਾ ਹੈ। ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਔਸਤ ਦੀ ਥਾਂ ਅਸਲ ਮੀਟਰ ਰੀਡਿੰਗ ਦੇ ਆਧਾਰ 'ਤੇ ਬਿੱਲ ਭੇਜੇ ਜਾਣ ਤਾਂ ਜੋ ਬਾਅਦ ਵਿਚ ਕੋਈ ਵਾਧੂ ਬਕਾਇਆ ਨਾ ਆਵੇ। ਖਪਤਕਾਰਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸਹੀ ਰੀਡਿੰਗ ਆਧਾਰਤ ਬਿੱਲ ਜਾਰੀ ਨਾ ਕੀਤੇ ਗਏ ਤਾਂ ਉਹ ਬਿੱਲ ਨਾ ਭਰਨ ਲਈ ਮਜ਼ਬੂਰ ਹੋਣਗੇ। ਮਾਮਲੇ ਸਬੰਧੀ ਸੰਪਰਕ ਕਰਨ ’ਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਮਨਦੀਪ ਕੁਮਾਰ ਨੇ ਦੱਸਿਆ ਕਿ ਮੀਟਰ ਰੀਡਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਹੜਤਾਲ ਕੀਤੀ ਗਈ ਹੈ, ਜਿਸ ਸਬੰਧੀ ਮੁਲਾਜ਼ਮ ਆਗੂਆਂ ਅਤੇ ਮੈਨੇਜਮੈਂਟ ਵਿਚਕਾਰ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਇਸ ਦਾ ਹੱਲ ਨਿਕਲਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਨੂੰ ਔਸਤ ਬਿੱਲਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਮੀਟਰ ਰੀਡਰਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਵਰਤੋਂ ਕੀਤੀ ਬਿਜਲੀ ਦੀ ਨਿਰਧਾਰਤ ਰੀਡਿੰਗ ਦੇ ਹਿਸਾਬ ਨਾਲ ਹੀ ਬਿੱਲ ਵਸੂਲਿਆ ਜਾਵੇਗਾ।

Comments
Post a Comment