ਇੰਡੀਅਨ ਆਇਲ ਨੇ ਭਾਰੀ ਚੁਣੌਤੀਆਂ ਹੁੰਦੇ ਲੱਦਾਖ ਲਈ ਰਿਕਾਰਡ ਸਰਦੀਆਂ ਦਾ ਭੰਡਾਰਨ ਪੂਰਾ ਕੀਤਾ
ਚੰਡੀਗੜ੍ਹ 27 ਦਸੰਬਰ ( ਰਣਜੀਤ ਧਾਲੀਵਾਲ ) : ਇੰਡੀਅਨ ਆਇਲ ਕਾਰਪੋਰੇਸ਼ਨ ਦੇ ਪੰਜਾਬ ਰਾਜ ਦਫ਼ਤਰ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਉੱਚਾ ਸਰਦੀਆਂ ਦਾ ਭੰਡਾਰਨ ਕਾਰਜ ਪੂਰਾ ਕਰ ਲਿਆ ਹੈ, ਜਿਸ ਨਾਲ ਲੱਦਾਖ ਨੂੰ ਲਗਭਗ 1 ਲੱਖ ਕਿਲੋਲੀਟਰ ਪੈਟਰੋਲੀਅਮ ਉਤਪਾਦ ਪਹੁੰਚਾਏ ਗਏ ਹਨ। ਕਾਰਜਕਾਰੀ ਨਿਰਦੇਸ਼ਕ ਅਤੇ ਰਾਜ ਮੁਖੀ ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਜ਼ੋਜਿਲਾ ਅਤੇ ਰੋਹਤਾਂਗ ਪਾਸ ਦੇ ਬੰਦ ਹੋਣ ਤੋਂ ਪਹਿਲਾਂ ਸਪਲਾਈ ਸੁਰੱਖਿਅਤ ਕਰ ਲਈ ਗਈ ਸੀ।
ਛੇ ਮਹੀਨਿਆਂ ਲਈ ਬਰਫ਼ ਕਾਰਨ ਪ੍ਰਾਇਮਰੀ ਰੂਟ ਬੰਦ ਹੋ ਜਾਣ ਨਾਲ, ਇੰਡੀਅਨ ਆਇਲ ਨੂੰ ਭਾਰਤੀ ਫੌਜ ਅਤੇ ਸਥਾਨਕ ਨਾਗਰਿਕਾਂ ਦੀ ਸਹਾਇਤਾ ਲਈ ਘੱਟ ਸਮੇਂ ਵੱਿਚ ਅੱਧੇ ਸਾਲ ਦੀ ਸਪਲਾਈ ਪਹੁੰਚਾਉਣੀ ਹੁੰਦੀ ਹੈ। ਟੈਂਕਰ ਡਰਾਈਵਰ ਅੱਠ ਦਿਨਾਂ ਵਿੱਚ ਮਨਫ਼ੀ 20 ਡਿਗਰੀ ਤਾਪਮਾਨ, ਘੱਟ ਆਕਸੀਜਨ ਅਤੇ ਬਰਫ਼ ਨਾਲ ਢਕੀਆਂ ਸੜਕਾਂ ਰਾਹੀਂ 2,000 ਕਿੱਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ।
ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਲ 2025 ਦਾ ਸੀਜ਼ਨ ਗੰਭੀਰ ਰੁਕਾਵਟਾਂ ਭਰਿਆ ਰਿਹਾ। ਇਸ ਵਰ੍ਹੇ 20 ਅਪ੍ਰੈਲ ਨੂੰ ਰਾਮਬਨ ਵਿੱਚ ਇੱਕ ਵੱਡਾ ਬੱਦਲ ਫਟਿਆ, ਜਿਸ ਕਾਰਨ ਕਈ ਟੈਂਕਰ ਮਲਬੇ ਵਿੱਚ ਫਸ ਗਏ। 22 ਅਪ੍ਰੈਲ ਨੂੰ ਪਹਿਲਗਾਮ ਹਮਲਾ ਅਤੇ 6 ਮਈ ਨੂੰ ਆਪ੍ਰੇਸ਼ਨ ਸਿੰਦੂਰ ਜਦੋਂ ਕਈ ਤੇਲ ਡੀਪੂਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਸੁਰੱਖਿਆ ਅਸਥਿਰਤਾ ਦਰਮਿਆਨ ਬਲੈਕ ਆਊਟ ਅਤੇ ਅਗਸਤ ਦੇ ਵਿਨਾਸ਼ਕਾਰੀ ਹੜ੍ਹਾਂ ਦੇ ਬਾਵਜੂਦ, ਸਪਲਾਈ ਲਾਈਨਾਂ ਬਰਕਰਾਰ ਰਹੀਆਂ। ਗੁਪਤਾ ਨੇ ਦੱਸਿਆ ਕਿ "ਕੰਮ ਕਰਨ ਦੀਆਂ ਸਥਿਤੀਆਂ ਬਹੁਤ ਔਖੀਆਂ ਸਨ, ਪਰ ਅਸੀਂ ਇਹ ਯਕੀਨੀ ਬਣਾਇਆ ਕਿ ਫੌਜ ਜਾਂ ਨਾਗਰਿਕਾਂ ਲਈ ਕੋਈ ਕਮੀ ਨਾ ਹੋਵੇ। ਕਰਮਚਾਰੀਆਂ ਦਾ ਮਨੋਬਲ ਵਧਾਉਣ ਲਈ, ਇੰਡੀਅਨ ਆਇਲ ਦੇ ਚੇਅਰਮੈਨ ਅਰਵਿੰਦਰ ਐੱਸ. ਸਾਹਨੀ ਨੇ ਨਿੱਜੀ ਤੌਰ 'ਤੇ ਉੱਚ-ਜੋਖ਼ਮ ਵਾਲੇ ਖੇਤਰਾਂ ਵਿੱਚ ਡਰਾਈਵਰਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਵਚਨਬੱਧਤਾ "ਭਾਰਤ ਪਹਿਲਾਂ, ਤੇਲ ਬਾਅਦ ਵਿੱਚ" ਨੂੰ ਦੁਹਰਾਇਆ। ਇਹ ਰਿਕਾਰਡ ਪ੍ਰਾਪਤੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਖੇਤਰੀ ਸਥਿਰਤਾ ਵਿੱਚ ਇੰਡੀਅਨ ਆਇਲ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕਰਦੀ ਹੈ।

Comments
Post a Comment