ਹਰਿਆਣਾ ਕਮੇਟੀ ਗੁਰੂ ਕੀ ਗੋਲਕ ਦੀ ਬੇਰਹਿਮੀ ਨਾਲ ਦੁਰਵਰਤੋਂ ਕਰ ਰਿਹਾ ਪ੍ਰਧਾਨ ਝੀਂਡਾ ਤੁਰੰਤ ਦੇਵੇ ਅਸਤੀਫਾ : ਕਮੇਟੀ ਮੈਂਬਰ
ਹਰਿਆਣਾ ਕਮੇਟੀ ਗੁਰੂ ਕੀ ਗੋਲਕ ਦੀ ਬੇਰਹਿਮੀ ਨਾਲ ਦੁਰਵਰਤੋਂ ਕਰ ਰਿਹਾ ਪ੍ਰਧਾਨ ਝੀਂਡਾ ਤੁਰੰਤ ਦੇਵੇ ਅਸਤੀਫਾ : ਕਮੇਟੀ ਮੈਂਬਰ
ਚੰਡੀਗੜ੍ਹ 18 ਦਸੰਬਰ ( ਰਣਜੀਤ ਧਾਲੀਵਾਲ ) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਪ੍ਰਬੰਧ ਬੁਰੀ ਤਰਾਂ ਨਾਲ ਡਗਮਗਾ ਗਿਆ ਹੈ। ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਬਹੁਤ ਭਾਰੀ ਗਿਰਾਵਟ ਆ ਚੁੱਕੀ ਹੈ ਅਤੇ ਧਰਮ ਪ੍ਰਚਾਰ ਅਤੇ ਵਿੱਦਿਆ ਖੇਤਰ ਬੁਰੀ ਤਰਾਂ ਨਾਲ ਅਸਫਲ ਹੋ ਚੁੱਕਾ ਹੈ। ਗੁਰੂ ਕੀ ਗੋਲਕ ਦੇ ਫੰਡਾਂ ਦੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਰੱਜ ਕੇ ਦੁਰਵਰਤੋਂ ਕਰ ਰਿਹਾ ਹੈ। ਹੁਣ ਤੱਕ ਦੇ ਸਾਰੇ ਪ੍ਰਧਾਨਾਂ ਚੋਂ ਝੀਂਡਾ ਸਭ ਤੋਂ ਨਿਕੰਮਾ ਪ੍ਰਧਾਨ ਸਾਬਤ ਹੋਇਆ ਹੈ। ਅਜਿਹੇ ਨਿਕੰਮੇ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਚੰਡੀਗੜ ਪ੍ਰੈਸ ਕਲੱਬ ਵਿੱਚ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਕੀਤਾ ਗਿਆ। ਜਿਨਾਂ ਵਿੱਚ ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਜਗਤਾਰ ਸਿੰਘ ਮਾਨ ਅੰਤਰਿੰਗ ਮੈਂਬਰ, ਤਜਿੰਦਰਪਾਲ ਪਾਲ ਸਿੰਘ ਨਾਰਨੌਲ ਅੰਤ੍ਰਿੰਗ ਮੈਂਬਰ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ, ਸੀਨੀਅਰ ਮੈਂਬਰ ਦੀਦਾਰ ਸਿੰਘ ਨਲਵੀ, ਰਜਿੰਦਰ ਸਿੰਘ ਬਰਾੜਾ ਮੈਂਬਰ, ਗੁਰਤੇਜ ਸਿੰਘ ਅੰਬਾਲਾ ਮੈਂਬਰ, ਮੇਅਰ ਭੁਪਿੰਦਰ ਸਿੰਘ ਪਾਣੀਪੱਤ ਮੈਂਬਰ, ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ, ਸਰਪੰਚ ਭੁਪਿੰਦਰ ਸਿੰਘ ਲਾਡੀ ਸੌਂਕੜਾ ਮੈਂਬਰ ਪ੍ਰਤੀਨਿਧ (ਬੀਬੀ ਕਪੂਰ ਕੌਰ ਸੌਂਕੜਾ ਮੈਂਬਰ) ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ (ਕੈਪਟਨ ਦਿਲਬਾਗ ਸਿੰਘ ਸੈਣੀ ਮੈਂਬਰ) ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਰਨਲ ਸਕੱਤਰ ਸ਼ਾਮਿਲ ਸਨ।
ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਇਕਸੁਰਤਾ ਨਾਲ ਕਿਹਾ ਕਿ ਜਗਦੀਸ਼ ਸਿੰਘ ਝੀਂਡਾ ਨੇ ਪ੍ਰਧਾਨ ਬਣਦਿਆਂ ਜੋ ਐਲਾਨ ਕੀਤੇ ਸਨ ਇੱਕ ਵੀ ਪੂਰਾ ਨਹੀਂ ਕੀਤਾ। ਜਿਵੇਂ ਯੂਨੀਵਰਸਟੀ ਸਕੂਲ ਖੋਲਣ ਦਾ ਐਲਾਨ, ਸਿਰੋਪੇ ਨਾ ਦੇਣ ਦਾ ਐਲਾਨ, ਗੁਰਦੁਆਰੇ ਦੀਆਂ ਗੱਡੀਆਂ ਦੀ ਵਰਤੋਂ ਨਾ ਕਰਨ ਦਾ ਐਲਾਨ, ਮੁਲਾਜ਼ਮਾਂ ਨਾਲ ਬਦਸਲੁਕਲੀ ਨਾ ਕਰਨ ਦਾ ਐਲਾਨ, ਵੀਆਈਪੀ ਕਲਚਰ ਬੰਦ ਕਰਨ ਦਾ ਐਲਾਨ ਝੀਂਡਾ ਵੱਲੋਂ ਕੀਤਾ ਗਿਆ ਸੀ। ਪਰ ਹੁਣ ਇਸ ਤੋਂ ਉਲਟ ਝੀਂਡਾ ਖੁਦ ਪਤਿਤ ਲੋਕਾਂ ਨੂੰ ਵੀ ਕੇਸਰੀ ਸਿਰੋਪੇ ਵੰਡ ਰਿਹਾ ਹੈ। ਕਮੇਟੀ ਦੀਆਂ ਦੋ ਗੱਡੀਆਂ ਅਤੇ 12 ਮੁਲਾਜ਼ਮਾਂ ਦੀ ਨਿੱਜੀ ਵਰਤੋਂ ਕਰ ਰਿਹਾ ਹੈ। ਕਾਲਾ ਦਿਵਸ ਦੇ ਨਾਂ ਤੇ ਗੁਰਦੁਆਰੇ ਦੀਆਂ ਗੋਲਕਾਂ ਅਤੇ ਮੁਲਾਜ਼ਮਾਂ ਦੀ ਦੁਰਵਰਤੋਂ ਕੀਤੀ ਗਈ। ਹੜ ਪੀੜਤਾਂ ਦੇ ਨਾਂ ਤੇ ਆਪਣਾ ਨਿੱਜੀ ਅਕਾਊਂਟ ਦੇ ਕੇ ਪੈਸਾ ਇਕੱਠਾ ਕੀਤਾ। 350 ਸਾਲਾ ਸ਼ਤਾਬਦੀ ਮਨਾਉਣ ਦੇ ਨਾਮ ਤੇ ਫੰਡਾਂ ਦੀ ਭਾਰੀ ਹੇਰਾ ਫੇਰੀ ਕੀਤੀ। ਵਧੀਆ ਡਿਊਟੀ ਕਰਨ ਵਾਲੇ ਪਰ ਮਨਪਸੰਦ ਨਾ ਹੋਣ ਕਾਰਨ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਰਿਹਾ ਹੈ। ਨਿੱਜੀ ਕਿੜਾ ਕੱਢਣ ਵਾਸਤੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆ ਜਾ ਰਹੀਆਂ ਹਨ। ਕੁੱਝ ਮੁਲਾਜ਼ਮਾਂ ਨਾਲ ਮਿਲੀ ਭੁਗਤ ਕਰਕੇ ਫੰਡਾਂ ਦੀ ਦੁਰਵਰਤੋਂ ਕਰ ਰਿਹਾ ਹੈ। ਵਿੱਦਿਆ ਖੇਤਰ ਨਰਸਿੰਗ ਕਾਲਜ ਅਤੇ ਤਿਲੋਕੇਵਾਲਾ ਸਕੂਲ ਵਿੱਚ ਮਨਮਰਜ਼ੀ ਦੀਆਂ ਬਦਲੀਆਂ ਕਰਕੇ ਸਕੂਲ ਸਿਸਟਮ ਫੇਲ ਕਰ ਦਿੱਤਾ ਹੈ। ਜਗਦੀਸ ਸਿੰਘ ਝੀਂਡਾ ਕਮੇਟੀ ਦਾ ਡਿਕਟੇਟਰ ਬਣਿਆ ਹੋਇਆ ਹੈ। 2 ਜਰਨਲ ਹਾਊਸ ਅਤੇ 3 ਐਗਜ਼ੈਕਟਿਵ ਮੀਟਿੰਗਾਂ ਫੇਲ ਹੋ ਚੁੱਕੀਆਂ ਹਨ। ਝੀਂਡਾ ਐਸਾ ਪਹਿਲਾ ਪ੍ਰਧਾਨ ਹੈ ਜੋ ਆਪਣਾ ਬਜ਼ਟ ਆਪ ਫੇਲ ਕਰਵਾਇਆ ਹੈ। ਝੀਂਡਾ ਦੇ ਸਾਥੀ ਰਹੇ ਝੀਂਡਾ ਯੂਥ ਗਰੁੱਪ ਦੇ ਪ੍ਰਧਾਨ ਭੁਪਿੰਦਰ ਸਿੰਘ ਲਾਡੀ ਵਲੋਂ ਲਗਾਏ ਗੰਭੀਰ ਇਲਜ਼ਾਮਾਂ ਵਿੱਚੋਂ ਇੱਕ ਦਾ ਵੀ ਜਵਾਬ ਝੀਂਡਾ ਨਹੀਂ ਦੇ ਸਕਿਆ।
ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਏ ਗੁਰਦੁਆਰਾ ਚੋਣ ਅਤੇ ਜੁਡੀਸ਼ਲ ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਝੀਂਡਾ ਦੀ ਪ੍ਰਧਾਨਗੀ ਚੋਂਣ ਗੁਰਦੁਆਰਾ ਐਕਟ 2014 ਦੇ ਵਿਰੁੱਧ ਹੋਈਆ ਹੈ, ਜਿਸ ਨੂੰ ਚੋਂਣ ਕਮਿਸ਼ਨਰ ਐਚ ਐਸ ਭੱਲਾ ਕੋਲ ਚੈਲੇੰਜ ਕੀਤਾ ਹੋਇਆ ਹੈ ਪਰ 8 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਚੋਣ ਕਮਿਸ਼ਨਰ ਲੰਬੀਆਂ ਤਰੀਕਾਂ ਪਾ ਕੇ ਇਨਸਾਫ ਨਹੀਂ ਕਰ ਰਿਹਾ। ਗੁਰਦੁਆਰਾ ਜੁਡੀਸ਼ਅਲ ਕਮਿਸ਼ਨਰ ਦਰਸ਼ਨ ਸਿੰਘ ਜੌੜਾ ਜਿਸਨੇ ਝੀਂਡਾ ਵਲੋਂ ਇਕੱਲੇ ਤੌਰ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਤੇ ਰੋਕ ਲਗਾਈ ਸੀ ਅਤੇ ਹਰੇਕ ਗੁਰਦੁਆਰੇ ਦਾ ਮਹੀਨੇ ਦਾ ਹਿਸਾਬ ਕਿਤਾਬ ਹਰ ਮੈਂਬਰ ਨੂੰ ਮਹੀਨੇ ਬਾਅਦ ਦੇਣ ਦਾ ਹੁਕਮ ਜਾਰੀ ਕੀਤਾ ਸੀ ਪਰ ਝੀਂਡਾ ਨੇ ਬਦਲੀਆਂ ਅਤੇ ਹਿਸਾਬ ਕਿਤਾਬ ਦੇਣ ਵਾਲਾ ਹੁਕਮ ਨਹੀਂ ਮੰਨਿਆ ਉਲਟਾ ਗੁਰਦੁਆਰਾ ਜੁਡੀਸ਼ਅਲ ਕਮਿਸ਼ਨ ਨੇ ਝੀਂਡਾ ਨੂੰ ਫੰਡਾਂ ਦੀ ਵਰਤੋਂ ਕਰਨ ਦੀ ਵੀ ਗੈਰਕਨੂੰਨੀ ਇਜਾਜ਼ਤ ਦੇ ਦਿੱਤੀ ਹੈ ਇਸ ਤੋਂ ਜੁਡੀਸ਼ਅਲ ਕਮਿਸ਼ਨ ਦੀ ਝੀਂਡਾ ਨਾਲ ਮਿਲੀਭੁਗਤ ਵੀ ਨਜ਼ਰ ਆ ਰਹੀ ਹੈ। ਉਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਨਾਂ ਦੋਨਾਂ ਕਮਿਸ਼ਨਰਾਂ ਨੂੰ ਤਬਦੀਲ ਕਰਕੇ ਚੰਗੇ ਇਨਸਾਫ ਪਸੰਦ ਕਮਿਸ਼ਨਰ ਇਨਾਂ ਦੀ ਜਗਾਂ ਤੇ ਲਗਾਏ ਜਾਣ ਜੋ ਇਨਸਾਫ਼ ਦੇਣ। ਜਥੇਦਾਰ ਦਾਦੂਵਾਲ ਸਮੇਤ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨਾਂ ਨੇ ਇੱਕਸੁਰਤਾਂ ਨਾਲ ਕਿਹਾ ਕਿ ਝੀਂਡਾ ਗੁਰਦੁਆਰਾ ਫੰਡਾਂ ਦੀ ਦੁਰਵਰਤੋਂ ਤੁਰੰਤ ਬੰਦ ਕਰੇ ਨਹੀਂ ਤਾਂ ਇਹ ਫੰਡ ਗਲਤ ਸਾਥ ਦੇ ਰਹੇ ਮੁਲਾਜ਼ਮਾਂ ਅਤੇ ਝੀਂਡਾ ਨੂੰ ਆਪਣੀ ਜੇਬ ਵਿਚੋਂ ਭਰਨਾ ਪਵੇਗਾ ਗੁਰਦੁਆਰਾ ਪ੍ਰਬੰਧਾਂ ਅਤੇ ਧਰਮ ਪ੍ਰਚਾਰ ਦੇ ਹਰ ਫਰੰਟ ਤੇ ਫੇਲ ਹੋਇਆ ਪ੍ਰਧਾਨ ਝੀਂਡਾ ਤੁਰੰਤ ਅਸਤੀਫਾ ਦੇਵੇ।

Comments
Post a Comment