PCS ਪ੍ਰੀਲਿਮ ਪ੍ਰੀਖਿਆ ਵਿੱਚ ਪੰਜਾਬ ਅਤੇ ਪੰਜਾਬੀ ਦੀ ਅਣਦੇਖੀ: ਮਿਸਲ ਸਤਲੁਜ
ਚੰਡੀਗੜ੍ਹ 16 ਦਸੰਬਰ ( ਰਣਜੀਤ ਧਾਲੀਵਾਲ ) : ਪ੍ਰਮੁੱਖ ਸਮਾਜਿਕ-ਰਾਜਨੀਤਿਕ ਸੰਗਠਨ, ਮਿਸਲ ਸਤਲੁਜ ਦੇ ਯੂਥ ਵਿੰਗ ਨੇ 7 ਦਸੰਬਰ, 2025 ਨੂੰ ਕਰਾਈ ਗਈ ਪੰਜਾਬ PCS ਪ੍ਰੀਲਿਮ ਪ੍ਰੀਖਿਆ ਵਿੱਚ ਪੰਜਾਬੀ ਅਤੇ ਪੰਜਾਬ ਪੱਖੀ ਸਮੱਗਰੀ/ਪ੍ਰਸ਼ਨ ਘਟਾਉਣ ਦਾ ਮੁੱਦਾ ਚੁੱਕਿਆ ਹੈ। ਸੰਗਠਨ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੇ ਚੇਅਰਮੈਨ ਨਾਲ ਮੀਟਿੰਗ ਦੀ ਮੰਗ ਕੀਤੀ ਹੈ।
ਮਿਸਲ ਸਤਲੁਜ ਦੇ ਯੂਥ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਵੀ 10 ਦਸੰਬਰ ਨੂੰ ਪਟਿਆਲਾ ਵਿੱਚ ਪੀਪੀਐਸਸੀ ਚੇਅਰਮੈਨ ਨੂੰ ਇਸ ਮੁੱਦੇ 'ਤੇ ਇੱਕ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ, "ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ Advt no. 20251 ਰਾਹੀਂ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਦਾ ਇਮਤਿਹਾਨ 7 ਦਸੰਬਰ ਨੂੰ ਲਿਆ ਗਿਆ ਸੀ। ਪ੍ਰੀਲਿਮ ਪ੍ਰੀਖਿਆ ਵਿੱਚ ਪੰਜਾਬੀ ਨੂੰ ਜਾਣਬੁੱਝ ਕੇ ਘਟਾਇਆ ਹੈ, ਜੋ ਕਿ ਪੰਜਾਬ ਦੇ ਪੇਂਡੂ ਵਿਦਿਆਰਥੀਆਂ ਨਾਲ ਬੇਇਨਸਾਫ਼ੀ ਹੈ।"
ਉਨ੍ਹਾਂ ਦੱਸਿਆ ਕਿ ਇਸ ਵਾਰ CSAT ਪ੍ਰੀਖਿਆ ਵਿੱਚ ਸਿਰਫ਼ 8 ਪ੍ਰਸ਼ਨ ਹੀ ਪੰਜਾਬੀ ਨਾਲ ਸਬੰਧਿਤ ਸਨ ਜੋ ਪਹਿਲਾਂ ਘੱਟੋ-ਘੱਟ 15-20 ਜਾਂ 23 ਹੁੰਦੇ ਸਨ। ਉਨ੍ਹਾਂ ਕਿਹਾ ਕਿ CSAT ਪ੍ਰੀਖਿਆ ਨੇ ਪੰਜਾਬੀ ਨੂੰ ਸਵਾਲਾਂ ਨੂੰ ਘਟਾਇਆ ਹੈ ਅਤੇ ਗਣਿਤ 'ਤੇ ਕੇਂਦ੍ਰਿਤ ਕਰ ਦਿੱਤਾ ਹੈ ਜੋ ਪੇਂਡੂ ਵਿਦਿਆਰਥੀਆਂ ਅਤੇ ਗਣਿਤ ਵਿੱਚ ਕਮਜ਼ੋਰ ਵਿਦਿਆਰਥੀਆਂ ਨਾਲ ਧੱਕਾ ਹੈ।
ਜਨਰਲ ਸਟੱਡੀਜ਼ (GS) ਪੇਪਰ ਵਿੱਚ ਸਿਰਫ਼ 3 ਪ੍ਰਸ਼ਨ ਪੰਜਾਬ 'ਤੇ ਅਧਾਰਤ ਸਨ। ਪਹਿਲੇ ਪੇਪਰ ਵਿੱਚ ਪੰਜਾਬੀ ਇਤਿਹਾਸ, ਭੂਗੋਲ, ਅਰਥ ਸ਼ਾਸਤਰ, ਸਿੱਖ ਗੁਰੂਆਂ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਸ ਨਾਲ ਪੰਜਾਬ ਦੀ ਦੀ ਆਪਣੀ ਸੂਬੇ ਦੀ ਪ੍ਰੀਖਿਆ ਵਿੱਚ ਹੀ ਸਾਰਥਕਤਾ ਘਟ ਗਈ। ਹਾਲਾਂਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਵੱਲੋਂ ਇੱਕ ਪੱਤਰ ਜਾਰੀ ਕਰਕੇ ਕਿਹਾ ਗਿਆ ਸੀ ਕਿ ਇਸ ਵਾਰੀ ਇਮਤਿਹਾਨ ਵਿੱਚ ਪੰਜਾਬ ਦੇ ਇਤਿਹਾਸ, ਸੱਭਿਆਚਾਰ,ਭੂਗੋਲ, ਆਰਥਿਕ ਹਾਲਾਤ ਉੱਤੇ ਜ਼ੋਰ ਦਿੱਤਾ ਜਾਵੇਗਾ। ਮਿਸਲ ਸਤਲੁਜ ਦੇ ਪ੍ਰਧਾਨ, ਅਜੈਪਾਲ ਸਿੰਘ ਬਰਾੜ ਨੇ ਕਿਹਾ ਕਿ ਇਹ ਪ੍ਰੀਖਿਆ ਪੰਜਾਬ ਦੇ ਅਧਿਕਾਰੀਆਂ ਦੀ ਚੋਣ ਕਰਨ ਲਈ ਹੈ, ਇਸ ਨੂੰ ਪੰਜਾਬੀ ਭਾਸ਼ਾ, ਪੰਜਾਬੀ ਇਤਿਹਾਸ ਅਤੇ ਪੰਜਾਬੀ ਦਰਸ਼ਨ 'ਤੇ ਕੇਂਦ੍ਰਿਤ ਕਰਨਾ ਚਾਹੀਦਾ ਸੀ ਪਰ ਪ੍ਰੀਖਿਆ ਪੰਜਾਬੀ ਵਿਦਿਆਰਥੀਆਂ ਨਾਲ ਵਿਤਕਰਾਪੂਰਨ ਰਹੀ ਹੈ।
ਯਾਦੂ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪੇਪਰ ਵਿਦਿਆਰਥੀਆਂ ਵਿੱਚ ਉਤਸਾਹ ਪੈਦਾ ਕਰਨ ਲਈ ਹੁੰਦੇ ਹਨ ਨਾ ਕਿ ਵਿਦਿਆਰਥੀਆਂ ਨੂੰ ਧੁਰ ਅੰਦਰ ਤੱਕ ਤੋੜ ਉਹਨਾਂ ਦਾ ਮਨੋਬਲ ਡੇਗਣ ਲਈ। ਉਹਨਾਂ ਨੇ ਮੰਗ ਕੀਤੀ ਕਿ ਜਾਂ ਤਾਂ CSAT ਯੋਗਤਾ ਅੰਕ ਘਟਾ ਕੇ 33% ਕੀਤੇ ਜਾਣ ਜਾਂ ਵਿਦਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਜਲਦੀ ਹੀ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬੀਆਂ, ਖ਼ਾਸ ਕਰਕੇ ਪੇਂਡੂ ਪੰਜਾਬੀਆਂ ਨਾਲ ਇਸ ਵਿਤਕਰੇ ਨੂੰ ਖਤਮ ਕੀਤਾ ਜਾ ਸਕੇ।
ਉਹਨਾਂ ਕਿਹਾ ਕਿ ਇਸ ਵਾਰ ਅਸਾਮੀਆਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਹੈ ਅਤੇ ਭਰਤੀ 4 ਸਾਲਾਂ ਬਾਅਦ ਹੋ ਰਹੀ ਹੈ। ਜੇਕਰ ਇਸ ਭਰਤੀ ਪ੍ਰਕਿਰਿਆ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਮਿਲਿਆ ਤਾਂ ਉਹਨਾਂ ਨੂੰ ਅਗਲਾ ਮੌਕਾ ਨਹੀਂ ਮਿਲੇਗਾ ਤੇ ਬਾਹਰਲੇ ਰਾਜਾਂ ਦੇ ਵਿਦਿਆਰਥੀ ਪੰਜਾਬ ਵਿੱਚ ਨੌਕਰੀਆਂ ਲੈ ਜਾਣਗੇ।
ਅਮਰਿੰਦਰ ਸਿੰਘ ਤੂਰ, ਸੁਖਵਿੰਦਰ ਸਿੰਘ (ਯੂਥ ਪ੍ਰਧਾਨ ਮਾਲਵਾ ਜ਼ੋਨ), ਮਾਨ ਸਿੰਘ ਕਿੱਲੀ (ਯੂਥ ਪ੍ਰਧਾਨ, ਫਿਰੋਜ਼ਪੁਰ), ਹਰਜੀਤ ਸਿੰਘ ਖਿਜ਼ਰਾਬਾਦ, ਰਣਧੀਰ ਸਿੰਘ ਧੀਰਾ (ਯੂਥ ਪ੍ਰਧਾਨ, ਮੁਹਾਲੀ), ਜੁਝਾਰ ਸਿੰਘ (ਯੂਥ ਪ੍ਰਧਾਨ, ਖਰੜ), ਤੇਜਵਿੰਦਰ ਸਿੰਘ (ਯੂਥ ਪ੍ਰਧਾਨ, ਦੋਆਬਾ) ਸਮੇਤ ਮਿਸਲ ਸਤਲੁਜ ਦੇ ਹੋਰ ਸੀਨੀਅਰ ਆਗੂ ਇਸ ਮੌਕੇ ਹਾਜ਼ਰ ਸਨ।

Comments
Post a Comment