ਰਾਜਿੰਦਰ ਗੁਪਤਾ ਦੇ ਯਤਨ ਲਿਆਏ ਰੰਗ, 1 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਕਰਨਗੇ ਹਲਵਾਰਾ ਏਅਰਪੋਰਟ ਦਾ ਉਦਘਾਟਨ
ਪੰਜਾਬ/ਚੰਡੀਗੜ੍ਹ 31 ਜਨਵਰੀ ( ਰਣਜੀਤ ਧਾਲੀਵਾਲ ) : ਲੁਧਿਆਣਾ ਦੇ ਉਦਯੋਗਿਕ ਖੇਤਰ ਦਾ ਸਾਲਾਂ ਪੁਰਾਣਾ ਸੁਪਨਾ ਹੁਣ ਸਾਕਾਰ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਹਲਵਾਰਾ ਸਥਿਤ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਏਅਰਪੋਰਟ ਦਾ ਉਦਘਾਟਨ ਕਰਨਗੇ। ਇਸ ਉਦਘਾਟਨ ਨੂੰ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇੱਕ ਇਤਿਹਾਸਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਲੁਧਿਆਣਾ ਸਮੇਤ ਪੂਰੇ ਮਾਲਵਾ ਖੇਤਰ ਨੂੰ ਵੱਡੀ ਹਵਾਈ ਕਨੈਕਟੀਵਿਟੀ ਦੀ ਸੌਗਾਤ ਮਿਲੇਗੀ।
ਹਲਵਾਰਾ ਏਅਰਪੋਰਟ ਦੀ ਸ਼ੁਰੂਆਤ ਪਿੱਛੇ ਰਾਜ ਸਭਾ ਮੈਂਬਰ ਅਤੇ ਪ੍ਰਸਿੱਧ ਉਦਯੋਗਪਤੀ ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਲਗਾਤਾਰ ਯਤਨ ਮਹੱਤਵਪੂਰਨ ਰਹੇ ਹਨ। ਉਨ੍ਹਾਂ ਨੇ ਰਾਜ ਸਭਾ ਵਿੱਚ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਇਸ ਮੁੱਦੇ ਨੂੰ ਉਠਾਉਂਦਿਆਂ ਵਪਾਰ, ਉਦਯੋਗ ਅਤੇ ਖੇਤਰੀ ਵਿਕਾਸ ਲਈ ਏਅਰਪੋਰਟ ਦੀ ਲੋੜ ‘ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਦੇ ਹਸਤਕਸ਼ੇਪ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਤਰਜੀਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਜੋ ਹੁਣ ਪ੍ਰਧਾਨ ਮੰਤਰੀ ਵੱਲੋਂ ਏਅਰਪੋਰਟ ਨੂੰ ਦੇਸ਼ ਨੂੰ ਸਮਰਪਿਤ ਕਰਨ ਨਾਲ ਪੂਰਾ ਹੋ ਰਿਹਾ ਹੈ।
ਏਅਰਪੋਰਟਸ ਅਥਾਰਟੀ ਆਫ ਇੰਡੀਆ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਤਿਆਰ ਕੀਤੇ ਗਏ ਇਸ ਨਵੇਂ ਟਰਮੀਨਲ ਭਵਨ ‘ਤੇ 54.67 ਕਰੋੜ ਰੁਪਏ ਦੀ ਲਾਗਤ ਆਈ ਹੈ। ਕਰੀਬ 2,000 ਵਰਗ ਮੀਟਰ ਵਿੱਚ ਫੈਲੇ ਇਸ ਟਰਮੀਨਲ ਵਿੱਚ ਏਪਰਨ ਅਤੇ ਹੋਰ ਸਹਾਇਕ ਸੁਵਿਧਾਵਾਂ ਸ਼ਾਮਲ ਹਨ। ਇਸ ਦੀ ਪੀਕ ਆਵਰ ਸਮਰੱਥਾ ਲਗਭਗ 300 ਯਾਤਰੀਆਂ ਦੀ ਹੈ, ਜਦਕਿ ਸਾਲਾਨਾ ਕਰੀਬ ਦੋ ਲੱਖ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ।
ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਰਾਜਿੰਦਰ ਗੁਪਤਾ ਨੇ ਕਿਹਾ ਕਿ ਮਾਲਵਾ ਖੇਤਰ, ਖ਼ਾਸ ਕਰਕੇ ਲੁਧਿਆਣਾ, ਪੰਜਾਬ ਦੀ ਉਦਯੋਗਿਕ ਰੀੜ੍ਹ ਹੈ, ਜਿੱਥੇ ਹਜ਼ਾਰਾਂ ਮੈਨੂਫੈਕਚਰਿੰਗ ਯੂਨਿਟਾਂ ਅਤੇ ਐੱਮਐੱਸਐੱਮਈ ਕੰਮ ਕਰ ਰਹੀਆਂ ਹਨ। ਸਥਾਨਕ ਏਅਰਪੋਰਟ ਨਾ ਹੋਣ ਕਾਰਨ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਚੰਡੀਗੜ੍ਹ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਸੀ, ਜਿਸ ਨਾਲ ਸਮਾਂ ਅਤੇ ਸਰੋਤਾਂ ਦੀ ਵੱਡੀ ਬਰਬਾਦੀ ਹੁੰਦੀ ਸੀ। ਹਲਵਾਰਾ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਕਾਰੋਬਾਰ ਸੁਗਮ ਹੋਵੇਗਾ, ਨਵੇਂ ਨਿਵੇਸ਼ ਆਕਰਸ਼ਿਤ ਹੋਣਗੇ ਅਤੇ ਨਿਰਯਾਤ-ਆਯਾਤ ਗਤੀਵਿਧੀਆਂ ਨੂੰ ਮਜ਼ਬੂਤੀ ਮਿਲੇਗੀ।
ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਂਦੇ ਹੋਏ, ਉਨ੍ਹਾਂ ਕਿਹਾ ਸੀ ਕਿ ਲੁਧਿਆਣਾ ਇਕੱਲਾ ਹੀ ਦੇਸ਼ ਦੇ ਉਦਯੋਗਿਕ ਉਤਪਾਦਨ ਵਿੱਚ 72 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਪਾਂਦਾ ਹੈ ਅਤੇ ਇੱਥੇ 1.5 ਲੱਖ ਤੋਂ ਜ਼ਿਆਦਾ ਐੱਮਐੱਸਐੱਮਈ ਹਨ, ਫਿਰ ਵੀ ਦਹਾਕਿਆਂ ਤੱਕ ਇੱਥੇ ਕੋਈ ਵਪਾਰਕ ਏਅਰਪੋਰਟ ਨਹੀਂ ਸੀ। ਨਾਲ ਹੀ ਉਨ੍ਹਾਂ ਨੇ ਪੰਜਾਬ ਦੀ 22 ਤੋਂ 25 ਲੱਖ ਦੀ ਮਜ਼ਬੂਤ ਐੱਨਆਰਆਈ ਅਬਾਦੀ, ਵਿਦਿਆਰਥੀਆਂ, ਮੈਡੀਕਲ ਯਾਤਰੀਆਂ ਅਤੇ ਉਦਯੋਗਪਤੀਆਂ ਦੀਆਂ ਲੋੜਾਂ ਨੂੰ ਵੀ ਰੇਖਾਂਕਿਤ ਕੀਤਾ। ਪ੍ਰਤੀ ਦਿਨ ਲਗਭਗ 2,500 ਯਾਤਰੀਆਂ ਅਤੇ ਪਹਿਲੇ ਹੀ ਦਿਨ ਤੋਂ 10 ਤੋਂ 12 ਉਡਾਣਾਂ ਸੰਭਾਲਣ ਦੀ ਸਮਰੱਥਾ ਨਾਲ ਇਹ ਏਅਰਪੋਰਟ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਚੇਨਈ ਵਰਗੇ ਮੁੱਖ ਸ਼ਹਿਰਾਂ ਨਾਲ ਸਿੱਧਾ ਸੰਪਰਕ ਸਥਾਪਿਤ ਕਰੇਗਾ।
ਹਲਵਾਰਾ ਏਅਰਪੋਰਟ ਦਾ ਉਦਘਾਟਨ ਰੋਜ਼ਗਾਰ ਸਿਰਜਣ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ, ਹੋਰ ਏਅਰਪੋਰਟਾਂ ‘ਤੇ ਦਬਾਅ ਘਟਾਉਣ ਅਤੇ ਮਾਲਵਾ ਖੇਤਰ ਨੂੰ ਰਾਸ਼ਟਰੀ ਤੇ ਵਿਸ਼ਵ ਪੱਧਰੀ ਬਾਜ਼ਾਰਾਂ ਨਾਲ ਮਜ਼ਬੂਤੀ ਨਾਲ ਜੋੜਣ ਵੱਲ ਇੱਕ ਵੱਡੇ ਉਤਪ੍ਰੇਰਕ ਵਜੋਂ ਦੇਖਿਆ ਜਾ ਰਿਹਾ ਹੈ।

Comments
Post a Comment