ਬਸੰਤ ਪੰਚਮੀ ਮੌਕੇ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਮੁਲਾਜ਼ਮਾਂ ਅਤੇ ਜਥੇਬੰਦੀ ਦੀ ਮੀਟਿੰਗ ਵਿੱਚ ਸ਼ਿਰਕਤ
ਬਸੰਤ ਪੰਚਮੀ ਮੌਕੇ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਮੁਲਾਜ਼ਮਾਂ ਅਤੇ ਜਥੇਬੰਦੀ ਦੀ ਮੀਟਿੰਗ ਵਿੱਚ ਸ਼ਿਰਕਤ
ਮੁਅੱਤਲ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਰਾਜਿੰਦਰ ਸਿੰਘ ਹੈਲਪਰ ਅਤੇ ਰਣਜੀਤ ਸਿੰਘ ਹੈਲਪਰ ਦੀਆਂ ਸੇਵਾਵਾਂ ਬਹਾਲ ਕਰਨ ਦਾ ਕੀਤਾ ਐਲਾਨ
ਬਸੰਤ ਪੰਚਮੀ ਦੀ ਖੁਸ਼ੀ ਵਿੱਚ ਬੋਰਡ ਦੇ ਸਮੂਹ ਮੁਲਾਜ਼ਮਾਂ ਨੇ ਲਾਇਆ ਚਾਹ ਅਤੇ ਲੱਡੂਆਂ ਦਾ ਲੰਗਰ
ਐਸ.ਏ.ਐਸ.ਨਗਰ 24 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਬੀਤੀ ਕੱਲ੍ਹ ਬਸੰਤ ਪੰਚਮੀ ਦੇ ਪਾਵਨ ਤਿਉਹਾਰ ਦੇ ਸ਼ੁਭ ਅਵਸਰ ਮੌਕੇ ਮਾਨਯੋਗ ਚੇਅਰਮੈਨ ਡਾ. ਅਮਰਪਾਲ ਸਿੰਘ (ਰਿਟਾ: ਆਈ.ਏ.ਐਸ.) ਵੱਲੋਂ ਬੋਰਡ ਮੁਲਾਜ਼ਮਾਂ ਅਤੇ ਜਥੇਬੰਦੀ ਵਿਚਕਾਰ ਚੱਲ ਰਹੀ ਮੀਟਿੰਗ ਵਿੱਚ ਖੁਦ ਸ਼ਿਰਕਤ ਕਰਦਿਆਂ ਬੋਰਡ ਦੀ ਸੁਚਾਰੂ ਕਾਰਗੁਜ਼ਾਰੀ ਅਤੇ ਮੁਲਾਜ਼ਮਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਕਈ ਅਹਿਮ ਅਤੇ ਮੁਲਾਜ਼ਮ-ਹਿਤੈਸ਼ੀ ਫ਼ੈਸਲਿਆਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਮਾਨਯੋਗ ਚੇਅਰਮੈਨ ਜੀ ਵੱਲੋਂ ਲੰਬੇ ਸਮੇਂ ਤੋਂ ਮੁਅੱਤਲ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ, ਰਾਜਿੰਦਰ ਸਿੰਘ ਹੈਲਪਰ ਅਤੇ ਰਣਜੀਤ ਸਿੰਘ ਹੈਲਪਰ ਦੀਆਂ ਸੇਵਾਵਾਂ ਬਹਾਲ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ, ਜਿਸ ਨਾਲ ਸਮੂਹ ਮੁਲਾਜ਼ਮਾਂ ਵਿੱਚ ਖੁਸ਼ੀ ਅਤੇ ਭਰੋਸੇ ਦੀ ਲਹਿਰ ਦੌੜ ਗਈ।
ਇਸ ਤੋਂ ਇਲਾਵਾ ਬਸੰਤ ਪੰਚਮੀ ਦੀ ਖੁਸ਼ੀ ਵਿੱਚ ਬੋਰਡ ਦੇ ਸਮੂਹ ਮੁਲਾਜ਼ਮਾਂ ਲਈ ਚਾਹ ਅਤੇ ਲੱਡੂਆਂ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ। ਪ੍ਰੀਖਿਆਵਾਂ ਦੌਰਾਨ ਮੁਲਾਜ਼ਮਾਂ ਵੱਲੋਂ ਦਿਨ-ਰਾਤ ਕੀਤੀ ਜਾਂਦੀ ਮਿਹਨਤ ਨੂੰ ਧਿਆਨ ਵਿੱਚ ਰੱਖਦਿਆਂ ਇਵਜ਼ੀ ਛੁੱਟੀਆਂ ਦੇਣ ਦੀ ਘੋਸ਼ਣਾ, ਲੰਬੇ ਸਮੇਂ ਤੋਂ ਬੰਦ ਪਈ ਬੋਰਡ ਕੰਟੀਨ ਦਾ ਨਵੀਨੀਕਰਨ ਕਰਕੇ “ਨੋ ਪ੍ਰੋਫ਼ਿਟ ਨੋ ਲੋਸ” ਦੇ ਆਧਾਰ ’ਤੇ ਚਲਾਉਣ, ਮੁਲਾਜ਼ਮਾਂ ਦੀਆਂ ਤਰੱਕੀਆਂ ਬਿਨਾਂ ਕਿਸੇ ਦੇਰੀ ਤੋਂ ਕਰਨ ਸਬੰਧੀ ਵੀ ਭਰੋਸਾ ਦਿਵਾਇਆ ਗਿਆ। ਮਾਨਯੋਗ ਚੇਅਰਮੈਨ ਵੱਲੋਂ ਖੁਦ ਮੁਲਾਜ਼ਮਾਂ ਦੇ ਇਕੱਠ/ਮੀਟਿੰਗ ਵਿੱਚ ਹਾਜ਼ਰ ਹੋ ਕੇ ਇਹ ਸਾਰੇ ਫ਼ੈਸਲੇ ਐਲਾਨ ਕਰਨਾ ਬੋਰਡ ਦੇ ਇਤਿਹਾਸ ਵਿੱਚ ਇਕ ਸਕਾਰਾਤਮਕ ਅਤੇ ਪ੍ਰੇਰਣਾਦਾਇਕ ਕਦਮ ਮੰਨਿਆ ਜਾ ਰਿਹਾ ਹੈ। ਇਨ੍ਹਾਂ ਮੁਲਾਜ਼ਮ-ਹਿਤੈਸ਼ੀ ਫ਼ੈਸਲਿਆਂ ਨਾਲ ਬੋਰਡ ਦੇ ਸਮੂਹ ਮੁਲਾਜ਼ਮਾਂ ਵਿੱਚ ਨਵਾਂ ਉਤਸ਼ਾਹ, ਭਰੋਸਾ ਅਤੇ ਕੰਮ ਪ੍ਰਤੀ ਹੋਰ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋਈ ਹੈ।
ਇਸ ਮੌਕੇ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਗੁਰਚਰਨ ਸਿੰਘ ਤਰਮਾਲਾ, ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਅਤੇ ਸਮੂਹ ਜਥੇਬੰਦੀ ਵੱਲੋਂ ਮਾਨਯੋਗ ਚੇਅਰਮੈਨ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਬੋਰਡ ਦੇ ਸਮੂਹ ਮੁਲਾਜ਼ਮ ਤੁਹਾਡੇ ਵੱਲੋਂ ਦਿੱਤੀ ਜਾ ਰਹੀ ਰਹਿਨੁਮਾਈ ਅਨੁਸਾਰ ਹੋਰ ਵੀ ਇਮਾਨਦਾਰੀ, ਲਗਨ ਅਤੇ ਸਮਰਪਣ ਨਾਲ ਕੰਮ ਕਰਨਗੇ। ਇਸ ਮੀਟਿੰਗ ਵਿੱਚ ਮਾਨਯੋਗ ਚੇਅਰਮੈਨ ਜੀ ਦੇ ਨਾਲ ਬੋਰਡ ਦੇ ਉੱਚ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜਥੇਬੰਦੀ ਵੱਲੋਂ ਲਖਵਿੰਦਰ ਸਿੰਘ ਘੜੂੰਆਂ, ਗੁਰਜੀਤ ਸਿੰਘ ਬੀਦੋਵਾਲੀ, ਮਲਕੀਤ ਸਿੰਘ ਗੱਗੜ, ਸਵਰਨ ਸਿੰਘ ਤਿਊੜ, ਮਨਜੀਤ ਸਿੰਘ ਅਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ।

Comments
Post a Comment