ਭਾਜਪਾ ਭਾਰਤੀ ਚੋਣ ਕਮਿਸਨ ਨੂੰ ਸੱਤ੍ਹਾ ਪ੍ਰਾਪਤੀ ਲਈ ਵਰਤ ਰਹੀ ਹੈ : ਕਾ: ਸੇਖੋਂ
ਵੋਟ ਦਾ ਹੱਕ ਖੋਹ ਕੇ ਲੋਕਤੰਤਰ ਨੂੰ ਢਾਅ ਲਾ ਰਹੀ ਹੈ ਕੇਂਦਰ ਸਰਕਾਰ
ਚੰਡੀਗੜ੍ਹ 8 ਜਨਵਰੀ ( ਰਣਜੀਤ ਧਾਲੀਵਾਲ ) : ਭਾਜਪਾ ਵੱਲੋਂ ਸੱਤ੍ਹਾ ਪ੍ਰਾਪਤੀ ਲਈ ਭਾਰਤੀ ਚੋਣ ਕਮਿਸਨ ਨੂੰ ਆਪਣੇ ਹਿਤਾਂ ਲਈ ਵਰਤ ਕੇ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਢਾਅ ਲਾਈ ਜਾ ਰਹੀ ਹੈ। ਇਹ ਤੱਥ ਨੂੰ ਸਪਸ਼ਟ ਕਰਦੀਆਂ ਹਨ ‘ਵਿਸ਼ੇਸ਼ ਸੋਧ’ ਦੇ ਨਾਂ ਹੇਠ ਜਾਰੀ ਕੀਤੀਆਂ ਖਰੜਾ ਵੋਟਰ ਸੂਚੀਆਂ। ਇਹ ਪ੍ਰਗਟਾਵਾ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੁਰਸੀ ਹਾਸਲ ਵਾਸਤੇ ਭਾਜਪਾ ਵੱਲੋਂ ਲੋਕਤੰਤਰ ਸਰਕਾਰ ਕਾਇਮ ਕਰਨ ਲਈ ਸੰਘਰਸ਼ਾਂ ਰਾਹੀਂ ਬਾਲਗਾਂ ਲਈ ਹਾਸਲ ਕੀਤੇ ਵੋਟ ਦੇ ਹੱਕ ਨੂੰ ਖੋਹਿਆ ਜਾ ਰਿਹਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਭਾਰਤੀ ਚੋਣ ਕਮਿਸਨ ਵੱਲੋਂ ਵਿਸ਼ੇਸ਼ ਸੋਧ ਦੇ ਨਾਂ ਹੇਠ ਦੂਜੇ ਪੜਾਅ ਵਜੋਂ ਜਾਰੀ ਕੀਤੀਆਂ 9 ਸੂਬਿਆਂ ਅਤੇ 3 ਸਾਸ਼ਤ ਪ੍ਰਦੇਸ਼ਾਂ ਦੀਆਂ ਖਰੜਾ ਵੋਟਰ ਸੂਚੀਆਂ ਵਿੱਚੋਂ 6 ਕਰੋੜ 59 ਲੱਖ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਹਨ। ਪਹਿਲਾਂ ਇਹ ਗਿਣਤੀ 50 ਕਰੋੜ 90 ਲੱਖ ਸੀ ਜੋ ਹੁਣ ਘਟਾ ਕੇ ਕਰੀਬ 44 ਕਰੋੜ 40 ਲੱਖ ਕਰ ਦਿੱਤੀ ਗਈ ਹੈ। ਇਹ ਖਰੜਾ ਸਪਸ਼ਟ ਕਰਦਾ ਹੈ ਕਿ ਕਰੀਬ ਸਾਢੇ 6 ਕਰੋੜ ਲੋਕਾਂ ਤੋਂ ਵੋਟ ਦਾ ਹੱਕ ਖੋਹਿਆ ਜਾ ਰਿਹਾ ਹੈ।
ਕਾ: ਸੇਖੋਂ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਸਥਾਪਤ ਹੋਈ ਹੈ, ਉਸ ਸਮੇਂ ਤੋਂ ਚੋਣ ਧਾਂਦਲੀਆਂ ਵਿਰੁੱਧ ਲੋਕ ਆਵਾਜ਼ ਉਠਾਉਂਦੇ ਰਹੇ ਹਨ। ਲੋਕਤੰਤਰ ਦਾ ਮੂਲ ਆਧਾਰ ਵੋਟ ਹੈ ਅਤੇ ਸੰਘਰਸ਼ਾਂ ਨਾਲ ਬਾਲਗਾਂ ਨੂੰ ਵੋਟ ਦਾ ਹੱਕ ਪ੍ਰਾਪਤ ਕੀਤਾ ਗਿਆ ਸੀ। ਹੁਣ ਕੇਂਦਰ ਦੀ ਭਾਜਪਾ ਸਰਕਾਰ ਕੁਰਸੀ ਹਾਸਲ ਕਰਨ ਲਈ ਬਾਲਗਾਂ ਤੋਂ ਇਹ ਹੱਕ ਖੋਹ ਕੇ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਨੂੰ ਢਾਅ ਲਾਉਣ ਦੀਆਂ ਸਾਜਿਸ਼ਾਂ ਰਚ ਰਹੀ ਹੈ। ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਵੀ ਭਾਜਪਾ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਜਿਸਤੋਂ ਖਦਸ਼ਾ ਹੈ ਪੰਜਾਬ ਵਿੱਚ ਵੀ ਅਜਿਹੀਆਂ ਚਾਲਾਂ ਚੱਲੀਆਂ ਜਾ ਸਕਦੀਆਂ ਹਨ। ਉਹਨਾਂ ਭਾਜਪਾ ਵੱਲੋਂ ਸੂਬੇ ਵਿੱਚ ਸੱਤ੍ਹਾ ਹਾਸਲ ਕਰਨ ਲਈ ਰਚੀਆਂ ਜਾਣ ਵਾਲੀਆਂ ਸਾਜਿਸ਼ਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਪੰਜਾਬੀਆਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ।

Comments
Post a Comment