ਦੀ ਐਸ ਏ ਐਸ ਨਗਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ ਦੀ ਚੋਣ ‘ਚ ਨੌਂ ਮੈਂਬਰ ਨਿਰਵਿਰੋਧ ਚੁਣੇ ਗਏ
ਐਸ.ਏ.ਐਸ.ਨਗਰ 29 ਜਨਵਰੀ ( ਰਣਜੀਤ ਧਾਲੀਵਾਲ ) : ਜ਼ਿਲ੍ਹਾ ਐਸ ਏ ਐਸ ਨਗਰ ਦੀ ਅਹਿਮ ਵਿੱਤੀ ਸੰਸਥਾ "ਦੀ ਐਸ ਏ ਐਸ ਨਗਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ" ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਪ੍ਰਕਿਰਿਆ ਅਮਨ-ਅਮਾਨ ਅਤੇ ਸੁਚਾਰੂ ਢੰਗ ਨਾਲ ਅੱਜ ਸੰਪੰਨ ਹੋਈ, ਜਿਸ ਦੌਰਾਨ ਸਾਰੇ ਡਾਇਰੈਕਟਰ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ।
ਬੈਂਕ ਦੇ ਵੱਖ-ਵੱਖ ਜੋਨਾਂ ਅਤੇ ਸੁਸਾਇਟੀਆਂ ਤੋਂ ਚੁਣੇ ਗਏ ਡਾਇਰੈਕਟਰਾਂ ਵਿੱਚ ਲਾਲੜੂ ਜੋਨ ਤੋਂ ਰਵਿੰਦਰ ਸਿੰਘ, ਡੇਰਾਬਸੀ ਜੋਨ ਤੋਂ ਜਗਪ੍ਰੀਤ ਸਿੰਘ, ਜ਼ੀਰਕਪੁਰ ਜੋਨ ਤੋਂ ਹਜ਼ਾਰਾ ਸਿੰਘ, ਗੀਗੇਮਾਜਰਾ ਜੋਨ ਤੋਂ ਹਰਜੀਤ ਸਿੰਘ, ਲਾਂਡਰਾ ਜੋਨ ਤੋਂ ਦਰਸ਼ਨ ਸਿੰਘ, ਪੜੌਲ ਜੋਨ ਤੋਂ ਮਨਦੀਪ ਸਿੰਘ, ਕੁਰਾਲੀ ਤੋਂ ਦਲਜੀਤ ਸਿੰਘ, ਇੰਡਸਟੀਅਲ ਸੁਸਾਇਟੀਜ਼ ਤੋਂ ਸੁਖਦੇਵ ਸਿੰਘ ਪਟਵਾਰੀ ਅਤੇ ਸੁਰਿੰਦਰ ਸਿੰਘ ਰੋਡਾ ਸ਼ਾਮਲ ਹਨ, ਜਿਨ੍ਹਾਂ ਨੂੰ ਬਿਨਾਂ ਮੁਕਾਬਲੇ ਦੇ ਬੋਰਡ ਆਫ਼ ਡਾਇਰੈਕਟਰ ਵਜੋਂ ਚੁਣਿਆ ਗਿਆ।
ਚੋਣਾਂ ਦੌਰਾਨ ਕਿਸੇ ਵੀ ਜੋਨ ਜਾਂ ਸੁਸਾਇਟੀ ਵੱਲੋਂ ਵਿਰੋਧੀ ਉਮੀਦਵਾਰ ਮੈਦਾਨ ਵਿੱਚ ਨਾ ਹੋਣ ਕਾਰਨ ਸਾਰੇ ਉਮੀਦਵਾਰਾਂ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ। ਅੱਜ ਚੁਣੀ ਗਈ ਨਵੀਂ ਟੀਮ ਵਿੱਚ ਸੁਖਦੇਵ ਸਿੰਘ ਪਟਵਾਰੀ ਪਹਿਲਾਂ ਵੀ ਇਸੇ ਬੈਂਕ ਦੇ 10 ਸਾਲ ਵਾਈਸ ਚੇਅਰਮੈਨ ਰਹਿ ਚੁੱਕੇ ਹਨ ਜਦੋਂ ਕਿ ਬਾਕੀ ਸਾਰੇ ਮੈਂਬਰ ਪਹਿਲੀ ਵਾਰ ਚੁਣੇ ਗਏ ਹਨ। ਨਵੀਂ ਚੁਣੀ ਗਈ ਬੋਰਡ ਆਫ਼ ਡਾਇਰੈਕਟਰਜ਼ ਟੀਮ ਨੇ ਕਿਹਾ ਕਿ ਉਹ ਬੈਂਕ ਦੀ ਵਿੱਤੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ, ਕਿਸਾਨਾਂ, ਵਪਾਰੀਆਂ, ਉਦਯੋਗਿਕ ਅਤੇ ਆਮ ਗਾਹਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਸਹਿਕਾਰੀ ਬੈਂਕਿੰਗ ਪ੍ਰਣਾਲੀ ਨੂੰ ਪਾਰਦਰਸ਼ੀ ਤੇ ਲੋਕ-ਹਿਤੈਸ਼ੀ ਬਣਾਉਣ ਲਈ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਕੰਮ ਕਰੇਗੀ। ਇਸ ਮੌਕੇ ਬੈਂਕ ਨਾਲ ਜੁੜੇ ਮੈਂਬਰਾਂ, ਸਹਿਕਾਰੀ ਸੁਸਾਇਟੀਆਂ ਦੇ ਨੁਮਾਇੰਦਿਆਂ ਅਤੇ ਸਮਰਥਕਾਂ ਵੱਲੋਂ ਨਵ-ਚੁਣੇ ਡਾਇਰੈਕਟਰਾਂ ਨੂੰ ਵਧਾਈ ਦਿੱਤੀ ਗਈ ਅਤੇ ਉਮੀਦ ਜਤਾਈ ਗਈ ਕਿ ਉਨ੍ਹਾਂ ਦੀ ਅਗਵਾਈ ਹੇਠ ਬੈਂਕ ਨਵੀਆਂ ਉਚਾਈਆਂ ਛੂਹੇਗਾ।

Comments
Post a Comment