ਚੰਡੀਗੜ੍ਹ ‘ਚ ਪਹਿਲੀ ਵਾਰ ਅਕਾਦਮੀ ਕਲਾ ਪ੍ਰਤਿਭਾ ਸਨਮਾਨ
11 ਕਲਾਕਾਰ ਅਤੇ ਇਕ ਸੰਸਥਾ ਹੋਣਗੇ ਸਨਮਾਨਿਤ
ਚੰਡੀਗੜ੍ਹ 24 ਫ਼ਰਵਰੀ ( ਰਣਜੀਤ ਧਾਲੀਵਾਲ ) : ਜ਼ੀ ਟੀਵੀ ਦੇ ਸੰਗੀਤਕ ਰਿਐਲਟੀ ਸ਼ੋਅ “ਸਾ ਰੇ ਗਾ ਮਾ” ਦੀ ਜੇਤੂ ਅਤੇ ਉੱਘੀ ਗਾਇਕਾ ਰਿੰਕੂ ਕਾਲੀਆ, ਪ੍ਰਸਿੱਧ ਲੋਕ ਗਾਇਕਾ ਸੁਖੀ ਬਰਾੜ ਅਤੇ ਸਰੰਗੀ ਵਾਦਕ ਵਿਨੋਦ ਪਵਾਰ ਸਮੇਤ ਕਲਾ ਤੇ ਸੰਸਕ੍ਰਿਤੀ ਖੇਤਰ ਦੀਆਂ 11 ਪ੍ਰਤਿਭਾਵਾਂ ਨੂੰ ਪਹਿਲੀ ਵਾਰ “ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਕਲਾ ਪ੍ਰਤਿਭਾ ਪੁਰਸਕਾਰ-2024” ਨਾਲ ਸਨਮਾਨਿਤ ਕੀਤਾ ਜਾਵੇਗਾ। ਸਮਾਰੋਹ 26 ਫ਼ਰਵਰੀ ਨੂੰ ਚੰਡੀਗੜ੍ਹ ਦੇ ਲੋਕ ਭਵਨ ਵਿੱਚ ਹੋਵੇਗਾ, ਜਿੱਥੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਨਮਾਨ ਪ੍ਰਦਾਨ ਕਰਨਗੇ। ਇਹ ਜਾਣਕਾਰੀ ਅਕਾਦਮੀ ਦੀ ਪ੍ਰਧਾਨ ਸੁਖਵਿੰਦਰ ਕੌਰ ਬਰਾੜ ਨੇ ਦਿੱਤੀ।
ਲਾਈਟ ਮਿਊਜ਼ਿਕ ਲਈ ਰਿੰਕੂ ਕਾਲੀਆ, ਲੋਕ ਸੰਗੀਤ ਲਈ ਸੁਖੀ ਬਰਾੜ ਅਤੇ ਸ਼ਾਸਤਰੀ ਸੰਗੀਤ ਲਈ ਵਿਨੋਦ ਪਵਾਰ ਨੂੰ ਸਨਮਾਨ ਮਿਲੇਗਾ। ਇਸ ਤੋਂ ਇਲਾਵਾ ਨ੍ਰਿਤਯ, ਰੰਗਮੰਚ ਅਤੇ ਕੋਰਿਓਗ੍ਰਾਫੀ ਖੇਤਰ ਦੀਆਂ ਹੋਰ ਪ੍ਰਤਿਭਾਵਾਂ ਨੂੰ ਵੀ ਅਵਾਰਡ ਦਿੱਤੇ ਜਾਣਗੇ। ਚੰਡੀਗੜ੍ਹ ਦੀ ਪ੍ਰਸਿੱਧ ਸੰਸਥਾ ਪ੍ਰਾਚੀਨ ਕਲਾ ਕੇੰਦਰ ਨੂੰ ਕਲਾ ਸੰਵਰਧਨ ਲਈ “ਸੀਐਸਐਨਏ ਕਲਾ ਪਾਰਖੀ ਪੁਰਸਕਾਰ” ਅਤੇ ਐਸ.ਡੀ. ਸ਼ਰਮਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜਿਆ ਜਾਵੇਗਾ। ਅਕਾਦਮੀ ਵੱਲੋਂ ਕਿਹਾ ਗਿਆ ਹੈ ਕਿ ਸਥਾਨਕ ਕਲਾਕਾਰਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਜਾਵੇਗੀ।

Comments
Post a Comment