ਚੰਡੀਗੜ੍ਹ ਪੋਲੋ ਸੀਜ਼ਨ 2026 ਦਾ ਐਲਾਨ, ਦੇਸ਼ ਭਰ ਦੀਆਂ 12 ਟੀਮਾਂ ਲੈਣਗੀਆਂ ਹਿੱਸਾ
ਚੰਡੀਗੜ੍ਹ 10 ਮਾਰਚ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਵਿੱਚ ਪੋਲੋ ਖੇਡ ਲਈ ਵਧ ਰਹੇ ਰੁਝਾਨ ਨੂੰ ਦੇਖਦੇ ਹੋਏ ਸ਼ਹਿਰ ਇੱਕ ਵਾਰ ਫਿਰ ਚੰਡੀਗੜ੍ਹ ਪੋਲੋ ਸੀਜ਼ਨ 2026 ਦੀ ਮੇਜ਼ਬਾਨੀ ਲਈ ਤਿਆਰ ਹੈ। ਸਾਲ 2024–2025 ਵਿੱਚ ਪਹਿਲੇ ਸੀਜ਼ਨ ਦੇ ਸਫਲ ਆਯੋਜਨ ਤੋਂ ਬਾਅਦ ਇਹ ਇਸ ਪ੍ਰਤਿਸ਼ਠਿਤ ਪੋਲੋ ਸੀਜ਼ਨ ਦਾ ਦੂਜਾ ਸੰਸਕਰਣ ਹੋਵੇਗਾ। ਇਹ ਸੀਜ਼ਨ ਇੰਡਿਅਨ ਪੋਲੋ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੋਲੋ ਐਸੋਸੀਏਸ਼ਨ ਦੀ ਦੇਖਰੇਖ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੀ ਪਛਾਣ ਪੋਲੋ ਦੇ ਇੱਕ ਉਭਰਦੇ ਕੇਂਦਰ ਵਜੋਂ ਹੋਰ ਮਜ਼ਬੂਤ ਹੋ ਰਹੀ ਹੈ। ਚੰਡੀਗੜ੍ਹ ਪੋਲੋ ਸੀਜ਼ਨ 2026 ਦਾ ਆਯੋਜਨ 29 ਮਾਰਚ ਤੋਂ 4 ਅਪ੍ਰੈਲ 2026 ਤੱਕ ਚੰਡੀਗੜ੍ਹ ਪੋਲੋ ਕਲੱਬ ਵਿੱਚ ਕੀਤਾ ਜਾਵੇਗਾ। ਪੂਰੇ ਹਫ਼ਤੇ ਚੱਲਣ ਵਾਲੇ ਇਸ ਆਯੋਜਨ ਦੌਰਾਨ ਰੋਮਾਂਚਕ ਪੋਲੋ ਮੈਚਾਂ ਦੇ ਨਾਲ-ਨਾਲ ਕਈ ਸਮਾਜਿਕ ਪ੍ਰੋਗਰਾਮ ਵੀ ਹੋਣਗੇ, ਜਿਸ ਨਾਲ ਖੇਡ ਪ੍ਰੇਮੀਆਂ ਅਤੇ ਸ਼ਹਿਰ ਦੇ ਨਿਵਾਸੀਆਂ ਨੂੰ ਇਕ ਵਿਲੱਖਣ ਅਨੁਭਵ ਮਿਲੇਗਾ।
ਇਸ ਵਾਰ ਦੇਸ਼ ਭਰ ਤੋਂ ਕਰੀਬ 12 ਟੀਮਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਇੰਡਿਅਨ ਆਰਮੀ ਆਰਟਿਲਰੀ ਪੋਲੋ ਟੀਮ, ਇੰਡਿਅਨ ਨੇਵੀ ਪੋਲੋ ਟੀਮ, ਆਰਮੀ ਸਰਵਿਸ ਕੋਰਪਸ ਪੋਲੋ ਟੀਮ, ਰਿਮਾਊਂਟ ਐਂਡ ਵੈਟਰਨਰੀ ਕੋਰਪਸ ਪੋਲੋ ਟੀਮ, 61 ਕੈਵਲਰੀ ਪੋਲੋ ਟੀਮ, ਰਾਜਸਥਾਨ ਪੋਲੋ ਟੀਮ, ਜੈਪੁਰ ਪੋਲੋ ਟੀਮ, ਈਡਨ ਪੋਲੋ ਟੀਮ, ਗੋਲਡਨ ਗ੍ਰੀਨਜ਼ ਪੋਲੋ ਟੀਮ, ਨਾਲ ਹੀ ਮੇਜ਼ਬਾਨ ਚੰਡੀਗੜ੍ਹ ਪੋਲੋ ਟੀਮ ਅਤੇ ਹੋਰ ਟੀਮਾਂ ਸ਼ਾਮਲ ਹੋਣਗੀਆਂ। ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੂਰੇ ਉੱਤਰੀ ਭਾਰਤ ਵਿੱਚ ਪੋਲੋ ਖੇਡ ਨੂੰ ਹੋਰ ਲੋਕਪ੍ਰਿਯ ਬਣਾਉਣ ਲਈ ਮੈਚਾਂ ਦੇ ਨਾਲ ਕਈ ਦਿਲਚਸਪ ਸਮਾਜਿਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਉਦਘਾਟਨ ਦਿਵਸ 29 ਮਾਰਚ ਨੂੰ ਸੂਫੀ ਬੈਠਕੀ ਨਾਈਟ ਹੋਵੇਗੀ। ਇਸ ਤੋਂ ਇਲਾਵਾ 3 ਅਪ੍ਰੈਲ ਨੂੰ ਲੇਡੀਜ਼ ਬੂਟਸ ਐਂਡ ਹੈਟਸ ਹਾਈ ਟੀ ਅਤੇ 4 ਅਪ੍ਰੈਲ 2026 ਨੂੰ ਗ੍ਰੈਂਡ ਗਾਲਾ ਨਾਈਟ ਦਾ ਆਯੋਜਨ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਕਈ ਸੈਲੀਬ੍ਰਿਟੀ ਮਹਿਮਾਨ, ਵਿਸ਼ੇਸ਼ ਅਤਿਥੀ ਅਤੇ ਸੀਨੀਅਰ ਅਧਿਕਾਰੀ ਵੀ ਸ਼ਿਰਕਤ ਕਰਨਗੇ, ਜਿਸ ਨਾਲ ਇਹ ਆਯੋਜਨ ਖੇਤਰ ਦਾ ਇੱਕ ਮਹੱਤਵਪੂਰਨ ਸਮਾਜਿਕ ਅਤੇ ਖੇਡ ਸਮਾਰੋਹ ਬਣੇਗਾ। ਖਾਸ ਗੱਲ ਇਹ ਹੈ ਕਿ ਪੋਲੋ ਦੇ ਸਾਰੇ ਮੈਚਾਂ ਲਈ ਦਰਸ਼ਕਾਂ ਦੀ ਐਂਟਰੀ ਮੁਫ਼ਤ ਰਹੇਗੀ, ਤਾਂ ਜੋ ਸ਼ਹਿਰ ਦੇ ਲੋਕ ਅਤੇ ਬਾਹਰੋਂ ਆਏ ਮਹਿਮਾਨ ਪੋਲੋ ਦੇ ਰੋਮਾਂਚ ਨੂੰ ਨੇੜੇ ਤੋਂ ਦੇਖ ਸਕਣ।
ਚੰਡੀਗੜ੍ਹ ਪੋਲੋ ਕਲੱਬ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਸਿੱਧੂ ਨੇ ਇਸ ਮੌਕੇ ‘ਤੇ ਕਿਹਾ ਕਿ, “ਐਰੀਨਾ ਪੋਲੋ ਪੋਲੋ ਦਾ ਇੱਕ ਨਵਾਂ ਫਾਰਮੈਟ ਹੈ ਜੋ ਦਰਸ਼ਕਾਂ ਲਈ ਹੋਰ ਵੀ ਦਿਲਚਸਪ ਅਤੇ ਸੁਵਿਧਾਜਨਕ ਹੈ। ਸਾਨੂੰ ਮਾਣ ਹੈ ਕਿ ਸਾਡਾ ‘ਸਿਟੀ ਬਿਊਟੀਫੁਲ’ ਚੰਡੀਗੜ੍ਹ ਐਰੀਨਾ ਪੋਲੋ ਸੀਜ਼ਨ 2026 ਦੀ ਮੇਜ਼ਬਾਨੀ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਉੱਤਰੀ ਭਾਰਤ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਪੋਲੋ ਦੀ ਇਸ ਵਿਰਾਸਤ ਨੂੰ ਅੱਗੇ ਵਧਾਉਣ।” ਇਸ ਮੌਕੇ ‘ਤੇ ਸੀਨੀਅਰ ਮੈਂਬਰ ਬ੍ਰਿਗੇਡੀਅਰ ਸੰਦੀਪ ਕਸ਼ਯਪ, ਕਰਨਲ ਮਨੋਜ ਦੀਵਾਨ, ਮਹਿਤਾਬ ਗਿੱਲ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।

Comments
Post a Comment