8 ਮਾਰਚ ਵਿਧਾਨ ਸਭਾ ਵੱਲ ਕੂਚ ਦੀਆਂ ਤਿਆਰੀਆਂ, ਮੁਲਾਜ਼ਮਾਂ ਅੰਦਰ ਸਰਕਾਰ ਪ੍ਰਤੀ ਭਾਰੀ ਰੋਸ
ਐਸ.ਏ.ਐਸ.ਨਗਰ 6 ਮਾਰਚ ( ਰਣਜੀਤ ਧਾਲੀਵਾਲ ) : ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਹੁਣ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 8 ਮਾਰਚ ਨੂੰ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਹੇਠ ਮੁਹਾਲੀ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਨੂੰ ਮਾਰਚ ਕੀਤਾ ਜਾਵੇਗਾ।ਇਸ ਸਬੰਧੀ ਪ ਸ ਸ ਫ (ਮੁੱਖ ਦਫਤਰ 1406/22-ਬੀ, ਚੰਡੀਗੜ੍ਹ) ਜ਼ਿਲਾ ਮੁਹਾਲੀ/ਚੰਡੀਗੜ੍ਹ ਦੀ ਅਹਿਮ ਮੀਟਿੰਗ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ। ਜਿਸ ਵਿੱਚ ਸੁਰੇਸ਼ ਕੁਮਾਰ ਠਾਕੁਰ ਫ਼ੀਲਡ ਤੇ ਵਰਕਸ਼ਾਪ ਵਰਕਰਜ ਯੂਨੀਅਨ, ਅਮਨਦੀਪ ਸਿੰਘ ਛੱਤ ਬੀੜ ਜੰਗਲਾਤ ਵਰਕਰਜ ਯੂਨੀਅਨ, ਅਜਮੇਰ ਸਿੰਘ ਲੌਂਗੀਆ ਨਗਰ ਨਿਗਮ ਮੁਹਾਲੀ ਤੇ ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ ਸ਼ਾਮਲ ਹੋਏ।
ਮੀਟਿੰਗ ਦੇ ਫੈਸਲੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਂ ਤੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਇਸ ਸਰਕਾਰ ਵਲੋਂ ਸਾਰਿਆਂ ਹੀ ਵਰਗਾਂ ਨਾਲ ਅਨੇਕਾਂ ਵਾਅਦੇ ਹੀ ਨਹੀਂ ਸਗੋਂ ਗਰੰਟੀਆ ਕੀਤੀਆਂ ਸਨ। ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ (ਸਮੇਤ ਆਊਟਸੋਰਸ) ਜੋ ਵੱਖ ਵੱਖ ਵਿਭਾਗਾਂ ਅੰਦਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਦੀਆਂ ਸੇਵਾਵਾਂ ਰੈਗੂਲਰ ਕਰਨਾ, ਮਿੱਡ ਡੇ ਮੀਲ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਉਣਾ, ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਲਾਗੂ ਕਰਨ, ਪੈਨਸ਼ਨਰਾਂ ਨੂੰ 2.59 ਦੇ ਗੁਣਾਕ ਦੇ ਕੇ ਪੈਨਸ਼ਨਾਂ ਦੀ ਦੁਹਰਾਈ, ਪ੍ਰੋਬੇਸਨ ਸਮੇਂ ਦੀ ਸਰਵਿਸ ਨੂੰ ਪੂਰੇ ਵਿੱਤੀ ਲਾਭਾਂ ਸਮੇਤ ਦਰਜ ਕਰਨਾ ਆਦਿ ਮੰਗਾਂ ਪੈਡਿੰਗ ਹਨ।
ਪ੍ਰੰਤੂ ਇਸ ਸਰਕਾਰ ਵਲੋਂ ਕਈ ਵਾਰ ਮੀਟਿੰਗਾ ਦਾ ਸਮਾਂ ਦੇ ਕੇ ਕੈਂਸਲ ਕੀਤਾ ਗਿਆ। ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਹੈ ਇਸ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ 8 ਮਾਰਚ ਤੋਂ ਵਿਧਾਨ ਸਭਾ ਸੈਸ਼ਨ ਦੌਰਾਨ ਲਗਾਤਾਰ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ।ਇਸ ਦਿਨ ਪੰਜਾਬ ਭਰ ਤੋਂ ਮੁਲਾਜ਼ਮ ਮੁਹਾਲੀ ਰੈਲੀ ਵਿੱਚ ਪਹੁੰਚਣਗੇ ਤੇ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕਰ ਦੇਣਗੇ।

Comments
Post a Comment