ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਚੀਨ ਦੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਸੱਦਾ
ਬਠਿੰਡਾ 18 ਮਾਰਚ ( ਰਣਜੀਤ ਧਾਲੀਵਾਲ ) : ਭਾਰਤੀ ਭਾਸ਼ਾਵਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਫੁਲਿਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਇੱਕ ਪ੍ਰੋਫੈਸਰ ਨੂੰ ਚੀਨ ਦੀ ਇੱਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਸੱਦਾ ਦਿੱਤਾ ਗਿਆ ਹੈ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਅਤੇ ਸਕੂਲ ਆਫ ਲੈਂਗਵੇਜਜ਼, ਲਿਟਰੇਚਰ ਐਂਡ ਕਲਚਰ ਦੇ ਸਾਬਕਾ ਡੀਨ ਪ੍ਰੋ. ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਬੀਜਿੰਗ ਫੌਰਿਨ ਸਟੱਡੀਜ਼ ਯੂਨੀਵਰਸਿਟੀ (ਬੀ.ਐਫ.ਐਸ.ਯੂ.), ਚੀਨ ਵੱਲੋਂ ਅਕਾਦਮਿਕ ਸੈਸ਼ਨ 2026–27 ਲਈ ਪੰਜਾਬੀ ਭਾਸ਼ਾ ਅਤੇ ਦੱਖਣੀ ਏਸ਼ੀਆਈ ਅਧਿਐਨ ਦੀ ਵਿਦੇਸ਼ੀ ਮਾਹਰ ਵਜੋਂ ਸੱਦਾ ਦਿੱਤਾ ਗਿਆ ਹੈ।
ਯੂਨੀਵਰਸਿਟੀ ਤੋਂ ਮਨਜ਼ੂਰੀ ਪ੍ਰਾਪਤ ਕਰਨ ਤੋਂ ਬਾਅਦ ਪ੍ਰੋ. ਜ਼ਮੀਰਪਾਲ ਕੌਰ ਵਿਦਿਅਕ ਦੌਰੇ ਲਈ ਬੀਜਿੰਗ ਫ਼ੋਰਿਨ ਸਟੱਡੀਜ਼ ਯੂਨੀਵਰਸਿਟੀ, ਚੀਨ ਲਈ ਰਵਾਨਾ ਹੋ ਗਏ ਹਨ। ਚੀਨ ਵਿੱਚ ਆਪਣੇ ਦੌਰੇ ਦੌਰਾਨ ਉਹ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ ਨਾਲ ਸੰਬੰਧਿਤ ਕੋਰਸ ਪੜ੍ਹਾਉਣਗੇ, ਪੰਜਾਬੀ ਭਾਸ਼ਾ ਦੀ ਪਾਠ ਸਮੱਗਰੀ ਤਿਆਰ ਕਰਨਗੇ, ਦੱਖਣੀ ਏਸ਼ੀਆਈ ਭਾਸ਼ਾ ਪ੍ਰੋਗਰਾਮਾਂ ਦੇ ਗ੍ਰੈਜੂਏਟ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨਗੇ ਅਤੇ ਚੀਨੀ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਦੇ ਅਧਿਆਪਨ ਲਈ ਸਿੱਖਿਅਤ ਕਰਨ ਵਿੱਚ ਸਹਿਯੋਗ ਦੇਣਗੇ। ਚੀਨ ਦੌਰੇ ਦੌਰਾਨ ਬੀ.ਐਫ.ਐਸ.ਯੂ. ਵੱਲੋਂ ਉਨ੍ਹਾਂ ਦੇ ਆਉਣ-ਜਾਣ (ਰਾਊਂਡ ਟ੍ਰਿਪ) ਦੇ ਖ਼ਰਚੇ ਅਤੇ ਰਹਿਣ ਦੀ ਵਿਵਸਥਾ ਕੀਤੀ ਜਾਵੇਗੀ, ਜਦਕਿ ਉਨ੍ਹਾਂ ਦੀ ਤਨਖ਼ਾਹ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਜਾਰੀ ਰਹੇਗੀ।ਇਸ ਪ੍ਰਾਪਤੀ ‘ਤੇ ਪ੍ਰੋ. ਜ਼ਮੀਰਪਾਲ ਕੌਰ ਨੂੰ ਵਧਾਈ ਦਿੰਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵੱਲ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਅਕਾਦਮਿਕ ਸਹਿਯੋਗ ਭਾਰਤੀ ਭਾਸ਼ਾਵਾਂ ਅਤੇ ਖੋਜ ਨੂੰ ਵਿਸ਼ਵ ਦੇ ਅਕਾਦਮਿਕ ਸੰਸਥਾਨਾਂ ਵਿੱਚ ਨਵੀਂ ਪਹਿਚਾਣ ਦਿਵਾਉਣ ਵਿੱਚ ਸਹਾਇਕ ਸਾਬਤ ਹੋਣਗੇ।

Comments
Post a Comment