ਜੰਗਲਾਤ ਕਾਮਿਆਂ ਵਲੋਂ ਵਣ ਮੰਡਲ ਅਫ਼ਸਰ ਮੁਹਾਲੀ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ
ਐਸ.ਏ.ਐਸ.ਨਗਰ 27 ਮਾਰਚ ( ਰਣਜੀਤ ਧਾਲੀਵਾਲ ) : ਅੱਜ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵਲੋਂ ਮੁੱਖ ਦਫਤਰ (1406/22-ਬੀ, ਚੰਡੀਗੜ੍ਹ) ਵਲੋਂ ਸੂਬਾ ਕਮੇਟੀ ਦੇ ਫ਼ੈਸਲੇ ਨੂੰ ਲਾਗੂ ਕਰਦਿਆਂ ਵਣ ਮੰਡਲ ਅਫ਼ਸਰ ਮੁਹਾਲੀ ਦੇ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਜ਼ਿਲਾ ਪ੍ਰਧਾਨ ਸੁਲੱਖਣ ਸਿੰਘ ਸੀਸਵਾ ਨੇ ਕੀਤੀ। ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਮਿਆਂ ਦੀ ਤਨਖਾਹ ਲਈ ਆਏ ਹੋਏ ਬਜ਼ਟ ਨੂੰ ਵਾਪਸ ਲੈਣ ਦਾ ਫੈਸਲਾ ਅਤਿਅੰਤ ਮੰਦਭਾਗਾ ਹੈ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ ਅਜਿਹਾ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ਜਿਸ ਦੀ ਕੀਮਤ ਇਸ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਚੁਕਾਉਣੀ ਪਵੇਗੀ।
ਹੋਰਨਾਂ ਮੰਗਾਂ ਵਿੱਚ 2006 ਤੱਕ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ 14 ਰਹਿੰਦੇ ਵਰਕਰਾਂ ਤੇ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ,2011 ਵਿੱਚ ਰੈਗੂਲਰ ਕੀਤੇ ਮੁਲਾਜ਼ਮਾਂ ਦੀ ਤਰ੍ਹਾਂ ਹੀ ਹੁਣ ਪੱਕੇ ਕੀਤੇ ਮੁਲਾਜ਼ਮਾਂ ਨੂੰ ਵੀ ਬੇਸਿਕ ਪੇ, ਮਹਿਗਾਈ ਭੱਤਾ, ਮੈਡੀਕਲ ਭੱਤਾ ਤੇ ਪੇਂਡੂ ਭੱਤਾ ਦਿੱਤਾ ਜਾਵੇ, ਫ਼ਰਵਰੀ ਤੇ ਮਾਰਚ ਦੀਆਂ ਤਨਖਾਹਾਂ ਦਾ ਰੋਕਿਆ ਬਜ਼ਟ ਤੁਰੰਤ ਭੇਜਿਆਂ ਜਾਵੇ,ਵਣ ਵਿਭਾਗ ਵਿੱਚ ਕੰਮ ਕਰਦੇ ਕਾਮਿਆਂ ਦੀ ਤਨਖਾਹ ਹਰੇਕ ਮਹੀਨੇ ਦੀ 7 ਤਰੀਕ ਨੂੰ ਦੇਣੀ ਯਕੀਨੀ ਬਣਾਈ ਜਾਵੇ, ਵਰਕਰਾਂ ਦਾ ਰਹਿੰਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਵਣ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਦੀ 31/312026 ਤੱਕ ਦੀ ਸੀਨੀਆਰਤਾ ਸੂਚੀ ਅਪਡੇਟ ਕੀਤੀ ਜਾਵੇ, ਮਨਰੇਗਾ ਦੀ ਥਾਂ ਤੇ ਵਣ ਵਿਭਾਗ ਅੰਦਰ ਮਾਸਟਰੋਲਾ ਰਾਹੀਂ ਕੰਮ ਕਰਵਾਏ ਜਾਣ, ਵਿਭਾਗ ਅੰਦਰ ਨਵੇਂ ਕੰਮ ਸ਼ੁਰੂ ਕਰਵਾਏ ਜਾਣ ਆਦਿ ਮੰਗਾਂ ਪ੍ਰਮੁੱਖ ਹਨ।
ਅੱਜ ਦੇ ਧਰਨੇ ਵਿੱਚ ਜਗਤਾਰ ਸਿੰਘ,ਵੀਰ ਚੰਦ, ਸੁਖਵੀਰ ਸਿੰਘ ਸੀਸਵਾ ਰੇਂਜ, ਸੁੱਖਵਿੰਦਰ ਸਿੰਘ ਰਣਧੀਰ ਸਿੰਘ ਆਨੰਦ ਖਰੜ ਰੇਂਜ, ਸ਼ਿੰਦਰ ਸਿੰਘ, ਅਮਨਦੀਪ ਸਿੰਘ ਕਰਾਲਾ, ਨੱਥੂ ਖਾਨ, ਸੁਦਾਗਰ ਖਾਨ, ਦਿਲਬਾਗ, ਗੁਰਵਿੰਦਰ ਸਿੰਘ ਹਰੀਪੁਰ, ਗੁੱਡੂ ਡੇਰਾ ਬੱਸੀ ਰੇਂਜ ਅਤੇ ਸੁੱਖਵਿੰਦਰ ਸਿੰਘ ਖਮਾਣੋਂ ਰੇਂਜ ਹਾਜ਼ਰ ਸਨ। ਉਨ੍ਹਾਂ ਐਲਾਨ ਕੀਤਾ ਜੇਕਰ ਜਲਦੀ ਹੀ ਸਰਕਾਰ ਨੇ ਮੀਟਿੰਗ ਦੇ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

Comments
Post a Comment