ਪੰਜਾਬ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਅਤੇ ਰੋਜ਼ਗਾਰ ਨਾਲ ਜੋੜਨ ਵੱਲ ਸੀਯੂ ਪੰਜਾਬ ਦਾ ਵੱਡਾ ਕਦਮ
ਕੁਸ਼ਲ ਪੰਜਾਬ ਦੇ ਨਿਰਮਾਣ ਲਈ ਸੀਯੂ ਪੰਜਾਬ ਦੀ ਪਹਿਲ: ਨੌਜਵਾਨਾਂ ਦੇ ਰੋਜ਼ਗਾਰਮੁਖੀ ਹੁਨਰ ਵਿਕਾਸ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਛੇ ਨਵੇਂ ਸਕਿਲ ਡਿਵੈਲਪਮੈਂਟ ਕੋਰਸ ਸ਼ੁਰੂ
ਸੀਯੂ ਪੰਜਾਬ ਵਿੱਚ ਕੰਪਿਊਟਰ, ਅਕਾਊਂਟਿੰਗ, ਇਲੈਕਟ੍ਰਿਕਲ, ਕਾਰਪੈਂਟਰੀ ਅਤੇ ਹੈਲਥਕੇਅਰ ਨਾਲ ਸੰਬੰਧਿਤ ਐਨਸੀਵੀਈਟੀ ਮਨਜ਼ੂਰਸ਼ੁਦਾ ਛੇ ਰੋਜ਼ਗਾਰਮੁਖੀ ਸਕਿਲ ਕੋਰਸ ਸ਼ੁਰੂ
ਬਠਿੰਡਾ 6 ਮਾਰਚ ( ਪੀ ਡੀ ਐਲ ) : ਨੌਜਵਾਨਾਂ ਵਿੱਚ ਹੁਨਰ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਨੇ ਰਾਸ਼ਟਰੀ ਹੁਨਰ ਯੋਗਤਾ ਢਾਂਚਾ (ਐਨਐਸਕਿਊਐਫ) ਦੇ ਅਨੁਸਾਰ ਛੇ ਨਵੇਂ ਸਕਿੱਲ ਡਿਵੈਲਪਮੈਂਟ ਕੋਰਸ ਸ਼ੁਰੂ ਕੀਤੇ ਹਨ। ਇਹ ਕੋਰਸ ਭਾਰਤ ਸਰਕਾਰ ਦੇ ਸਕਿੱਲ ਡਿਵੈਲਪਮੈਂਟ ਅਤੇ ਉੱਦਮਤਾ ਮੰਤਰਾਲੇ ਅਧੀਨ ਰਾਸ਼ਟਰੀ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਕੌਂਸਲ (ਐਨਸੀਵੀਈਟੀ) ਵੱਲੋਂ ਮਨਜ਼ੂਰ ਕੀਤੇ ਗਏ ਹਨ।
ਯੂਨੀਵਰਸਿਟੀ ਨੇ ਕੈਂਪਸ ਵਿੱਚ ਛੇ ਨਵੇਂ ਸਕਿੱਲ ਡਿਵੈਲਪਮੈਂਟ ਕੋਰਸਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀਆਂ ਕਲਾਸਾਂ ਅਪ੍ਰੈਲ 2026 ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਕੋਰਸਾਂ ਵਿੱਚ ਫੰਡਾਮੈਂਟਲਜ਼ ਆਫ਼ ਕੰਪਿਊਟਰਜ਼ (120 ਘੰਟੇ), ਇੰਟਰੋਡਕਸ਼ਨ ਟੂ ਟੈਲੀ ਓਪਰੇਸ਼ਨਜ਼ ਐਂਡ ਜੀਐਸਟੀ ਕੈਲਕੁਲੇਸ਼ਨਜ਼ (120 ਘੰਟੇ), ਬਾਇਓਮੈਡੀਕਲ ਵੇਸਟ ਮੈਨੇਜਮੈਂਟ ਫਾਰ ਨਰਸਿੰਗ ਐਂਡ ਪੈਰਾਮੈਡੀਕਲ ਸਟਾਫ (30 ਘੰਟੇ), ਅਸਿਸਟੈਂਟ ਕਾਰਪੈਂਟਰ (40 ਘੰਟੇ), ਹੈਲਪਰ ਇਲੈਕਟ੍ਰੀਸ਼ਨ (270 ਘੰਟੇ) ਅਤੇ ਐਸੈਂਸ਼ਲਜ਼ ਆਫ ਰੈਫਰਿਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ (15 ਘੰਟੇ) ਸ਼ਾਮਲ ਹਨ। ਇਨ੍ਹਾਂ ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਰੁਚੀ ਰੱਖਣ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ www.cup.edu.in ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਇਨ੍ਹਾਂ ਕੋਰਸਾਂ ਦੀ ਸ਼ੁਰੂਆਤ ਯੂਨੀਵਰਸਿਟੀ ਦੀ ਹੁਨਰ ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਵਿਹਾਰਕ ਟ੍ਰੇਨਿੰਗ ਅਤੇ ਉਦਯੋਗ ਨਾਲ ਸੰਬੰਧਿਤ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਉਹ ਰੋਜ਼ਗਾਰ ਪ੍ਰਾਪਤ ਕਰਨ ਜਾਂ ਸਵੈ-ਰੋਜ਼ਗਾਰ ਦੇ ਮੌਕੇ ਹਾਸਲ ਕਰਨ ਦੇ ਯੋਗ ਬਣ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਛੇ ਕੋਰਸ ਬਹੁਤ ਹੀ ਨਾਮਾਤਰ ਫੀਸ ’ਤੇ ਉਪਲਬਧ ਹੋਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਇਸਦਾ ਲਾਭ ਲੈ ਸਕਣ। ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਦੱਸਿਆ ਕਿ ਇਹ ਕੋਰਸ ਉਦਯੋਗ ਦੀਆਂ ਲੋੜਾਂ ਦੇ ਅਨੁਸਾਰ ਵਿਹਾਰਕ ਟ੍ਰੇਨਿੰਗ ਅਤੇ ਤਜਰਬਾ ਪ੍ਰਦਾਨ ਕਰਕੇ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਵਧਾਉਣ ਲਈ ਤਿਆਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਤੋਂ ਖ਼ਾਸ ਤੌਰ ’ਤੇ ਪਿੰਡਾਂ ਦੇ ਉਹ ਬੇਰੁਜ਼ਗਾਰ ਨੌਜਵਾਨ ਲਾਭ ਪ੍ਰਾਪਤ ਕਰ ਸਕਣਗੇ ਜਿਨ੍ਹਾਂ ਦੀ ਉਮਰ 15 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਜਿਨ੍ਹਾਂ ਨੇ ਅੱਠਵੀਂ, ਦਸਵੀਂ ਜਾਂ ਬਾਰ੍ਹਵੀਂ ਕਲਾਸ ਪਾਸ ਕੀਤੀ ਹੋਈ ਹੈ।
ਪੰਜਾਬ ਕੇਂਦਰੀ ਯੂਨੀਵਰਸਿਟੀ ਇੱਕ ਪ੍ਰਸਿੱਧ ਉੱਚ ਸਿੱਖਿਆ ਸੰਸਥਾ ਹੈ ਜੋ ਗੁਣਵੱਤਾਪੂਰਨ ਸਿੱਖਿਆ ਅਤੇ ਖੋਜ ਵਿੱਚ ਉਤਕ੍ਰਿਸ਼ਟਤਾ ਲਈ ਜਾਣੀ ਜਾਂਦੀ ਹੈ। ਯੂਨੀਵਰਸਿਟੀ ਮਨੁੱਖੀ ਵਿਦਿਆ, ਸਮਾਜਿਕ ਵਿਗਿਆਨ, ਵਿਗਿਆਨ, ਕਾਨੂੰਨ, ਪ੍ਰਬੰਧਨ ਅਤੇ ਕੰਪਿਊਟਰ ਵਿਗਿਆਨ ਸਮੇਤ ਵੱਖ-ਵੱਖ ਵਿਸ਼ਿਆਂ ਵਿੱਚ ਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਡਾਕਟਰੇਟ ਪੱਧਰ ’ਤੇ 100 ਤੋਂ ਵੱਧ ਅਕਾਦਮਿਕ ਪ੍ਰੋਗਰਾਮ ਚਲਾ ਰਹੀ ਹੈ। ਇਨ੍ਹਾਂ ਐਨਸੀਵੀਈਟੀ ਮਨਜ਼ੂਰਸ਼ੁਦਾ ਸਕਿਲ ਡਿਵੈਲਪਮੈਂਟ ਪ੍ਰੋਗਰਾਮਾਂ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਕੌਸ਼ਲ ਵਿਕਾਸ, ਉਦਮਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਪਹਿਲ ਰਾਹੀਂ ਸੀਯੂ ਪੰਜਾਬ ਨੌਜਵਾਨਾਂ ਨੂੰ ਵੱਖੋ-ਵੱਖਰੇ ਕੌਸ਼ਲਾਂ ਨਾਲ ਲੈਸ ਕਰਦੇ ਹੋਏ ਇੱਕ ਕੁਸ਼ਲ, ਆਤਮਨਿਰਭਰ ਅਤੇ ਸਮਰੱਥ ਕਾਰਜ-ਸ਼ਕਤੀ ਦੇ ਨਿਰਮਾਣ ਦੇ ਰਾਸ਼ਟਰੀ ਟੀਚੇ ਨੂੰ ਸਾਕਾਰ ਕਰਨ ਵੱਲ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।
.jpg)
Comments
Post a Comment