‘ਸਨੋ ਮੈਰਾਥਨ ਲੀਗ’ ਦੀ ਸ਼ੁਰੂਆਤ ਲਾਹੌਲ ਵਿੱਚ 20–22 ਮਾਰਚ ਨੂੰ ਹੋਵੇਗਾ ਸਨੋਟੇਲਜ਼ ਫੈਸਟ
ਚੰਡੀਗੜ੍ਹ 13 ਮਾਰਚ ( ਰਣਜੀਤ ਧਾਲੀਵਾਲ ) : ਹਿਮਾਲਿਆਈ ਖੇਤਰਾਂ ਵਿੱਚ ਐਡਵੈਂਚਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪਰਿਆਵਰਣ ਸੰਰੱਖਣ ਅਤੇ ਪਸ਼ੂ ਕਲਿਆਣ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਸਨੋ ਮੈਰਾਥਨ ਲੀਗ (SMLg) ਦੀ ਭਾਰਤ ਵਿੱਚ ਸ਼ੁਰੂਆਤ ਕੀਤੀ ਗਈ ਹੈ। ਇਹ ਪਹਿਲ ਉਸ ਟੀਮ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ ਨੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਵਿੱਚ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਹੋਣ ਵਾਲੀ ਅਤੇ ਏਸ਼ੀਆ ਦੀ ਇਕੱਲੀ ਸਨੋ ਮੈਰਾਥਨ ਦੇ ਚਾਰ ਸਫਲ ਸੰਸਕਰਣ ਆਯੋਜਿਤ ਕੀਤੇ ਹਨ। ਇਸ ਲੀਗ ਦਾ ਮਕਸਦ ਮਾਊਂਟੇਨ ਕਮਿਊਨਿਟੀ, ਐਡਵੈਂਚਰ ਖੇਡਾਂ ਦੇ ਸ਼ੌਕੀਨਾਂ ਅਤੇ ਪਰਿਆਵਰਣ ਪ੍ਰੇਮੀਆਂ ਨੂੰ ਇੱਕ ਮੰਚ ‘ਤੇ ਲਿਆ ਕੇ ਹਿਮਾਲਿਆ ਦੇ ਨਾਜੁਕ ਇਕੋਸਿਸਟਮ ਦੀ ਸੰਭਾਲ ਲਈ ਜ਼ਿੰਮੇਵਾਰ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ।
ਲੀਗ ਦੀਆਂ ਗਤੀਵਿਧੀਆਂ ਤਹਿਤ ਸਨੋਟੇਲਜ਼ ਫੈਸਟ ਦਾ ਆਯੋਜਨ 20 ਤੋਂ 22 ਮਾਰਚ 2026 ਤੱਕ ਲਾਹੌਲ ਵਿੱਚ ਕੀਤਾ ਜਾਵੇਗਾ। ਇਹ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਹੋਣ ਵਾਲੀ ਡੌਗ ਰੇਸ ਮੰਨੀ ਜਾਂਦੀ ਹੈ, ਜਿਸ ਵਿੱਚ ਕੁੱਤੇ ਅਤੇ ਉਨ੍ਹਾਂ ਦੇ ਮਾਲਕ ਇਕੱਠੇ ਹਿੱਸਾ ਲੈਂਦੇ ਹਨ। ਸਨੋ ਮੈਰਾਥਨ ਲੀਗ ਦੇ ਅਧੀਨ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਹੋਣ ਵਾਲੀ ਸਨੋ ਅਲਟਰਾ ਅਤੇ ਸਨੋ ਵਾਕਾਥਾਨ ਵੀ ਕਰਵਾਈ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਮੁਹਿੰਮ ਨਾਲ ਜੁੜ ਸਕਣ ਅਤੇ ਹਿਮਾਲਿਆ ਵਿੱਚ ਠੋਸ ਕੂੜਾ ਪ੍ਰਬੰਧਨ ਅਤੇ ਪਸ਼ੂ ਕਲਿਆਣ ਵਰਗੇ ਮਹੱਤਵਪੂਰਨ ਮਸਲਿਆਂ ਦੇ ਸਮਰਥਨ ਵਿੱਚ ਆਪਣੀ ਭਾਗੀਦਾਰੀ ਦੇ ਸਕਣ। ਰੇਸ ਡਾਇਰੈਕਟਰ ਕਰਨਲ ਸੌਰਵ ਸ਼ਿਮਰ ਨੇ ਕਿਹਾ ਕਿ ਸਨੋ ਵਾਕਾਥਾਨ ਉਹਨਾਂ ਲੋਕਾਂ ਲਈ ਵਧੀਆ ਮੌਕਾ ਹੋਵੇਗਾ ਜੋ ਮੁਸ਼ਕਲ ਹਾਈ-ਐਲਟੀਟਿਊਡ ਮੈਰਾਥਨ ਵਿੱਚ ਭਾਗ ਲੈਣ ਲਈ ਤਿਆਰ ਨਹੀਂ ਹਨ, ਪਰ ਫਿਰ ਵੀ ਕਿਸੇ ਸਮਾਜਿਕ ਜਾਂ ਪਰਿਆਵਰਣੀ ਮਕਸਦ ਲਈ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਕਰਨਲ ਜੇ.ਐਸ. ਢਿੱਲੋਂ, ਪ੍ਰੋਗਰਾਮ ਦੇ ਪ੍ਰਿੰਸੀਪਲ ਚੀਫ਼, ਨੇ ਦੱਸਿਆ ਕਿ 14 ਫਰਵਰੀ 2027 ਨੂੰ ਗੁਲਮਰਗ ਵਿੱਚ ਸਨੋ ਮੈਰਾਥਨ ਕਸ਼ਮੀਰ ਦੇ ਪਹਿਲੇ ਸੰਸਕਰਣ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਡਿਅਨ ਇੰਸਟੀਟਿਊਟ ਆਫ ਸਕੀਇੰਗ ਐਂਡ ਮਾਊਂਟੇਨਿਅਰਿੰਗ (IISM), ਗੁਲਮਰਗ ਇਸ ਲੀਗ ਦਾ ਟੈਕਨੀਕਲ ਸਾਥੀ ਹੋਵੇਗਾ ਅਤੇ ਦੁਨੀਆ ਭਰ ਦੇ ਦੌੜਾਕਾਂ ਅਤੇ ਐਡਵੈਂਚਰ ਖੇਡਾਂ ਦੇ ਸ਼ੌਕੀਨਾਂ ਦਾ ਇਸ ਵਿਲੱਖਣ ਡੈਸਟਿਨੇਸ਼ਨ ਰਨ ਲਈ ਸਵਾਗਤ ਕਰੇਗਾ। ਈਵੈਂਟ ਚੀਫ਼ ਕਰਨਲ ਅਰੁਣ ਨਟਰਾਜਨ, ਜੋ ਲਾਹੌਲ ਵਿੱਚ ਸਨੋ ਮੈਰਾਥਨ ਦੇ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਨੇ ਕਿਹਾ ਕਿ ਲੀਗ ਨੂੰ ਸੰਸਥਾਗਤ ਰੂਪ ਦੇਣ ਲਈ ਭਾਰਤੀ ਸਸ਼ਸਤ੍ਰ ਅਤੇ ਅਰਧਸੈਨਿਕ ਬਲਾਂ ਨਾਲ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਨ੍ਹਾਂ ਬਲਾਂ ਵਿੱਚ ਧੀਰਜ ਅਤੇ ਐਡਵੈਂਚਰ ਗਤੀਵਿਧੀਆਂ ਦੀ ਮਜ਼ਬੂਤ ਪਰੰਪਰਾ ਹੈ। ਉੱਚ ਹਿਮਾਲਿਆਈ ਖੇਤਰਾਂ ਵਿੱਚ ਹੋਣ ਵਾਲੇ ਐਸੇ ਖੇਡ ਆਯੋਜਨਾਂ ਲਈ ਮੈਡੀਕਲ ਤਿਆਰੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਫੋਰਟਿਸ ਹਸਪਤਾਲ, ਮੋਹਾਲੀ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਇਵੈਂਟਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਨੂੰ ਖਾਸ ਤਰ੍ਹਾਂ ਦੀ ਟ੍ਰੇਨਿੰਗ ਅਤੇ ਤਿਆਰੀ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਫੋਰਟਿਸ ਹਸਪਤਾਲ ਮੋਹਾਲੀ, ਸਨੋ ਮੈਰਾਥਨ ਲਾਹੌਲ ਦਾ ਲੰਮੇ ਸਮੇਂ ਤੋਂ ਮੈਡੀਕਲ ਭਾਗੀਦਾਰ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਲੀਗ ਦੇ ਪ੍ਰੋਗਰਾਮਾਂ ਵਿੱਚ ਸਹਿਯੋਗ ਕਰੇਗਾ।
ਸਨੋ ਮੈਰਾਥਨ ਲੀਗ ਦੇ ਸੰਸਥਾਪਕ ਗੌਰਵ ਸ਼ਿਮਰ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਲੋਕਾਂ ਨੂੰ ਕੁਦਰਤ ਦੇ ਨੇੜੇ ਲਿਆਉਣਾ ਅਤੇ ਧਰਤੀ ਦੇ ਨਾਜੁਕ ਇਕੋਸਿਸਟਮ ਦੀ ਰੱਖਿਆ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪਹਿਲ ਵਿੱਚ ਪਸ਼ੂ ਕਲਿਆਣ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਮਨਾਲੀ ਸਟ੍ਰੇਜ਼ ਦੀ ਕੋ-ਫਾਊਂਡਰ ਡਾ. ਬੇਕੀ ਮੈਟਕਾਲਫ਼ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਕੁੱਲੂ ਅਤੇ ਲਾਹੌਲ-ਸਪੀਤੀ ਖੇਤਰਾਂ ਵਿੱਚ ਆਵਾਰਾ ਅਤੇ ਜੰਗਲੀ ਜਾਨਵਰਾਂ ਦੇ ਕਲਿਆਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸਨੋਟੇਲਜ਼ ਫੈਸਟ ਵਿੱਚ ਭਾਗ ਲੈ ਕੇ ਐਨੀਮਲ ਬਰਥ ਕੰਟਰੋਲ, ਰੇਬੀਜ਼ ਮੁਕਤੀ ਅਤੇ ਜਾਨਵਰ-ਦੋਸਤਾਨਾ ਇਕੋਸਿਸਟਮ ਬਣਾਉਣ ਦੇ ਯਤਨਾਂ ਦਾ ਸਮਰਥਨ ਕਰਨ। ਇਸ ਮੌਕੇ ‘ਤੇ ਮੌਜੂਦ ਹੈਰਿਟੇਜ ਕਨਜ਼ਰਵੇਸ਼ਨਿਸਟ ਲਾਮਾ ਸਤਾਂਜ਼ਿਨ ਗੁਰਮਤ ਨੇ ਉਮੀਦ ਜਤਾਈ ਕਿ ਸਨੋ ਮੈਰਾਥਨ ਲੀਗ ਮਨੁੱਖ, ਕੁਦਰਤ ਅਤੇ ਸਾਰੇ ਜੀਵਾਂ ਵਿੱਚ ਸਹਿਯੋਗ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

Comments
Post a Comment