ਸ਼ੂਲਿਨੀ ਯੂਨੀਵਰਸਿਟੀ ਸਪ੍ਰਿੰਗ ਫੈਸਟ 2026 ਦੌਰਾਨ ਸ਼ੂਲਿਨੀ ਲਿਟਰੇਚਰ ਫੈਸਟਿਵਲ ਦਾ ਛੇਵਾਂ ਸੰਸਕਰਣ ਆਯੋਜਿਤ ਕੀਤਾ ਜਾਵੇਗਾ
ਸ਼ੂਲਿਨੀ ਯੂਨੀਵਰਸਿਟੀ ਸਪ੍ਰਿੰਗ ਫੈਸਟ 2026 ਦੌਰਾਨ ਸ਼ੂਲਿਨੀ ਲਿਟਰੇਚਰ ਫੈਸਟਿਵਲ ਦਾ ਛੇਵਾਂ ਸੰਸਕਰਣ ਆਯੋਜਿਤ ਕੀਤਾ ਜਾਵੇਗਾ
ਚੰਡੀਗੜ੍ਹ 13 ਮਾਰਚ ( ਰਣਜੀਤ ਧਾਲੀਵਾਲ ) : ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਸਥਿਤ ਸ਼ੂਲਿਨੀ ਯੂਨੀਵਰਸਿਟੀ ਆਪਣੇ ਸੁੰਦਰ ਕੈਂਪਸ ਵਿੱਚ 14 ਤੋਂ 16 ਮਾਰਚ ਤੱਕ ਆਯੋਜਿਤ ਹੋਣ ਵਾਲੇ ਸ਼ੂਲਿਨੀ ਸਪ੍ਰਿੰਗ ਫੈਸਟ 2026 ਦੇ ਤਹਿਤ ਸ਼ੂਲਿਨੀ ਲਿਟਰੇਚਰ ਫੈਸਟਿਵਲ ਦੇ ਛੇਵੇਂ ਸੰਸਕਰਣ ਦੀ ਮੇਜ਼ਬਾਨੀ ਕਰੇਗੀ। ਤਿੰਨ ਦਿਨ ਤੱਕ ਚੱਲਣ ਵਾਲਾ ਇਹ ਫੈਸਟਿਵਲ ਦਿਲਚਸਪ ਗੱਲਬਾਤਾਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਰਚਨਾਤਮਕ ਸੰਵਾਦ ਲਈ ਮਸ਼ਹੂਰ ਲੇਖਕਾਂ, ਵਿਚਾਰਕਾਂ, ਕਲਾਕਾਰਾਂ, ਫ਼ਿਲਮ ਨਿਰਮਾਤਾਵਾਂ, ਉਦਯਮੀਆਂ ਅਤੇ ਪਰਫ਼ਾਰਮਰਾਂ ਨੂੰ ਇੱਕ ਮੰਚ ‘ਤੇ ਲਿਆਉਣ ਦਾ ਵਾਅਦਾ ਕਰਦਾ ਹੈ। ਸ਼ੂਲਿਨੀ ਲਿਟਰੇਚਰ ਫੈਸਟਿਵਲ 2026 ਵਿੱਚ ਲੇਖਕ ਗੱਲਬਾਤਾਂ, ਕਵਿਤਾ ਸੈਸ਼ਨ, ਥੀਏਟਰ ਅਤੇ ਫ਼ਿਲਮਾਂ ‘ਤੇ ਚਰਚਾਵਾਂ, ਵਰਕਸ਼ਾਪਾਂ ਅਤੇ ਸੰਗੀਤਕ ਪੇਸ਼ਕਾਰੀਆਂ ਦਾ ਸ਼ਾਨਦਾਰ ਮਿਲਾਪ ਦੇਖਣ ਨੂੰ ਮਿਲੇਗਾ, ਜੋ ਸਾਹਿਤ, ਕਹਾਣੀ ਕਹਿਣ ਦੀ ਕਲਾ ਅਤੇ ਰਚਨਾਤਮਕਤਾ ਦੀ ਭਾਵਨਾ ਨੂੰ ਦਰਸਾਏਗਾ। ਇਹ ਫੈਸਟਿਵਲ ਉੱਤਰੀ ਭਾਰਤ ਵਿੱਚ ਇੱਕ ਮਹੱਤਵਪੂਰਨ ਸੱਭਿਆਚਾਰਕ ਮੰਚ ਵਜੋਂ ਉਭਰ ਚੁੱਕਾ ਹੈ, ਜਿੱਥੇ ਵਿਚਾਰਾਂ, ਸੰਵਾਦ ਅਤੇ ਕਲਾਤਮਕ ਅਭਿਵੈਕਤੀ ਦਾ ਜਸ਼ਨ ਮਨਾਇਆ ਜਾਂਦਾ ਹੈ।
ਵਾਈਸ ਚਾਂਸਲਰ ਪ੍ਰੋਫੈਸਰ ਅਤੁਲ ਖੋਸਲਾ ਨੇ ਕਿਹਾ ਕਿ ਇਹ ਫੈਸਟਿਵਲ ਵਿਦਿਆਰਥੀਆਂ ਵੱਲੋਂ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ ਹੈ, ਜਿਸਦਾ ਮਕਸਦ ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਨਾ ਹੈ। ਜੇ ਕੁਝ ਵਿਦਿਆਰਥੀ ਵੀ ਵੱਡੇ ਸੁਪਨੇ ਦੇਖਣ ਅਤੇ ਵਿਸ਼ਵ ਪੱਧਰ ‘ਤੇ ਪਛਾਣ ਹਾਸਲ ਕਰਨ ਲਈ ਪ੍ਰੇਰਿਤ ਹੁੰਦੇ ਹਨ, ਇੱਥੋਂ ਤੱਕ ਕਿ ਨੋਬਲ ਇਨਾਮ ਤੱਕ, ਤਾਂ ਅਸੀਂ ਮੰਨਦੇ ਹਾਂ ਕਿ ਇਹ ਫੈਸਟਿਵਲ ਆਪਣੇ ਮਕਸਦ ਵਿੱਚ ਕਾਮਯਾਬ ਰਹਿਆ ਹੈ। ਫੈਸਟਿਵਲ ਬਾਰੇ ਗੱਲ ਕਰਦੇ ਹੋਏ ਚੀਫ ਲਰਨਿੰਗ ਆਫ਼ਿਸਰ ਡਾ. ਆਸ਼ੂ ਖੋਸਲਾ, ਜੋ ਇਸ ਦੀ ਆਯੋਜਕ ਵੀ ਹਨ, ਨੇ ਕਿਹਾ ਕਿ ਸ਼ੂਲਿਨੀ ਲਿਟਰੇਚਰ ਫੈਸਟਿਵਲ ਦਾ ਉਦੇਸ਼ ਇੱਕ ਜੀਵੰਤ ਬੌਧਿਕ ਅਤੇ ਸੱਭਿਆਚਾਰਕ ਮੰਚ ਤਿਆਰ ਕਰਨਾ ਹੈ, ਜਿੱਥੇ ਲੇਖਕ, ਵਿਚਾਰਕ, ਕਲਾਕਾਰ, ਵਿਦਿਆਰਥੀ ਅਤੇ ਪਾਠਕ ਇਕੱਠੇ ਹੋ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰ ਸਕਣ ਅਤੇ ਸ਼ੂਲਿਨੀ ਕੈਂਪਸ ਦੇ ਸ਼ਾਂਤ ਹਿਮਾਲਈ ਮਾਹੌਲ ਵਿੱਚ ਰਚਨਾਤਮਕਤਾ ਦਾ ਜਸ਼ਨ ਮਨਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡਾ ਲਗਾਤਾਰ ਛੇਵਾਂ ਸੰਸਕਰਣ ਹੈ ਅਤੇ ਇਸ ਦਾ ਆਯੋਜਨ ਵਿਦਿਆਰਥੀ ਹੀ ਕਰ ਰਹੇ ਹਨ। ਡਿਜ਼ਿਟਲ ਯੁੱਗ ਵਿੱਚ ਸਾਹਿਤ ਨਾਲ ਜੁੜਨ ਲਈ ਇਹ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਮੌਕਾ ਹੈ।
ਨਿਸ਼ਠਾ ਸ਼ੁਕਲਾ ਆਨੰਦ, ਡਾਇਰੈਕਟਰ ਅਤੇ ਟਰੱਸਟੀ, ਸ਼ੂਲਿਨੀ ਯੂਨੀਵਰਸਿਟੀ ਨੇ ਕਿਹਾ ਕਿ ਇਹ ਮੀਡੀਆ ਅਤੇ ਲਿਬਰਲ ਆਰਟਸ ਦੇ ਵਿਦਿਆਰਥੀਆਂ ਲਈ ਇੱਕ ਸ਼ਾਨਦਾਰ ਮੌਕਾ ਹੈ। ਸ਼ੂਲਿਨੀ ਯੂਨੀਵਰਸਿਟੀ ਵਿੱਚ ਆਯੋਜਿਤ ਲਿਟਰੇਚਰ ਫੈਸਟ ਵਿਦਿਆਰਥੀਆਂ ਨੂੰ ਸਾਹਿਤਕ ਦੁਨੀਆ ਨਾਲ ਜਾਣੂ ਕਰਵਾਏਗਾ, ਜਿਸ ਨਾਲ ਉਨ੍ਹਾਂ ਦੀਆਂ ਰਚਨਾਤਮਕ ਸਮਰੱਥਾਵਾਂ ਹੋਰ ਵੀ ਵਿਸ਼ਾਲ ਹੋਣਗੀਆਂ। ਅਦਾਕਾਰਾ ਸੰਧਿਆ ਮ੍ਰਿਦੁਲ ਨੇ ਕਿਹਾ, “ਮੈਂ ਸ਼ੂਲਿਨੀ ਦੀ ਬਹੁਤ ਆਭਾਰੀ ਹਾਂ ਕਿ ਉਨ੍ਹਾਂ ਨੇ ਮੈਨੂੰ ਆਪਣੇ ਭਰਾ ਦੀ ਕਿਤਾਬ ਸ਼ੂਲਿਨੀ ਵਿੱਚ ਲਿਆਉਣ ਦਾ ਮੌਕਾ ਦਿੱਤਾ। ਚੰਡੀਗੜ੍ਹ ਉਸ ਦੀਆਂ ਮਨਪਸੰਦ ਥਾਵਾਂ ਵਿੱਚੋਂ ਇੱਕ ਹੈ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਭਰਾ ਦੀ ਕਿਤਾਬ ਵਿਦਿਆਰਥੀਆਂ ਦੇ ਵਿਚਕਾਰ ਹੈ, ਤਾਂ ਜੋ ਉਹ ਉਨ੍ਹਾਂ ਨੂੰ ਵੀ ਪ੍ਰੇਰਿਤ ਕਰ ਸਕੇ।” ਇਸ ਵਿੱਚ ਜਿਨ੍ਹਾਂ ਮਸ਼ਹੂਰ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਉਹਨਾਂ ਵਿੱਚ ਪ੍ਰਸਿੱਧ ਲੇਖਕ, ਪੱਤਰਕਾਰ, ਫ਼ਿਲਮ ਨਿਰਮਾਤਾ ਅਤੇ ਵਿਚਾਰਕ ਸ਼ਾਮਲ ਹਨ। ਇਨ੍ਹਾਂ ਵਿੱਚ ਦੁਰਜੋਇ ਦੱਤਾ, ਪੰਕਜ ਝਾ, ਨੀਰਜ ਕਾਬੀ, ਅਭਿਰੂਪ ਧਰ, ਨਮੀਤਾ ਦੇਵੀਦਿਆਲ, ਸ਼ਿੰਜਿਨੀ ਕੁਮਾਰ, ਰਾਕੇਸ਼ ਬੇਦੀ ਅਤੇ ਰਾਜਾ ਭਸੀਨ ਵਰਗੇ ਨਾਮ ਸ਼ਾਮਲ ਹਨ। ਫੈਸਟਿਵਲ ਦੌਰਾਨ ਹੋਣ ਵਾਲੀਆਂ ਚਰਚਾਵਾਂ ਵਿੱਚ ਸਾਹਿਤ, ਸਿਨੇਮਾ, ਸਮਾਜ, ਉਦਯਮਤਾ, ਸੰਗੀਤ, ਰਚਨਾਤਮਕਤਾ ਅਤੇ ਬਦਲਦੇ ਕਹਾਣੀ-ਕਥਨ ਦੇ ਦ੍ਰਿਸ਼ਟੀਕੋਣ ਵਰਗੇ ਕਈ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਲਿਟਰੇਚਰ ਫੈਸਟਿਵਲ ਵਿੱਚ ਕਵੀ ਦਰਬਾਰ ਵਰਗੇ ਸੈਸ਼ਨਾਂ, ਦਾਸਤਾਨਗੋਈ ਵਰਗੀਆਂ ਕਹਾਣੀ ਕਹਿਣ ਦੀਆਂ ਪਰੰਪਰਾਵਾਂ ਅਤੇ ਪਬਲਿਸ਼ਿੰਗ, ਸੱਭਿਆਚਾਰ ਅਤੇ ਜਨਤਕ ਜੀਵਨ ‘ਤੇ ਚਰਚਾਵਾਂ ਰਾਹੀਂ ਕਵਿਤਾ ਅਤੇ ਪਰਫ਼ਾਰਮਿੰਗ ਆਰਟਸ ਦਾ ਵੀ ਜਸ਼ਨ ਮਨਾਇਆ ਜਾਵੇਗਾ। ਇਸਦੇ ਨਾਲ ਹੀ ਵਰਕਸ਼ਾਪਾਂ ਅਤੇ ਇੰਟਰੈਕਟਿਵ ਸੈਸ਼ਨ ਵਿਦਿਆਰਥੀਆਂ ਅਤੇ ਨੌਜਵਾਨ ਰਚਨਕਾਰਾਂ ਨੂੰ ਮਾਹਿਰਾਂ ਅਤੇ ਪੇਸ਼ੇਵਰਾਂ ਤੋਂ ਸਿੱਧਾ ਸਿੱਖਣ ਦਾ ਮੌਕਾ ਦੇਣਗੇ। ਲਿਟਰੇਚਰ ਫੈਸਟਿਵਲ ਦੇ ਨਾਲ-ਨਾਲ ਸ਼ੂਲਿਨੀ ਸਪ੍ਰਿੰਗ ਫੈਸਟ 2026 ਦੇ ਤਹਿਤ ਮੋਖਸ਼ 2026 ਅੰਦਰ ਕਈ ਸੱਭਿਆਚਾਰਕ ਅਤੇ ਮਨੋਰੰਜਕ ਪ੍ਰੋਗਰਾਮਾਂ ਦੀ ਵੀ ਸ਼ਾਨਦਾਰ ਲੜੀ ਆਯੋਜਿਤ ਕੀਤੀ ਜਾਵੇਗੀ। ਇਨ੍ਹਾਂ ਵਿੱਚ ਸੰਗੀਤਕ ਪੇਸ਼ਕਾਰੀਆਂ, ਰਚਨਾਤਮਕ ਮੁਕਾਬਲੇ ਅਤੇ ਆਖਰੀ ਦਿਨ ਗ੍ਰੈਮੀ ਅਵਾਰਡ ਜੇਤੂ ਕੰਪੋਜ਼ਰ ਰਿਕੀ ਕੇਜ ਦਾ ਵਿਸ਼ੇਸ਼ ਲਾਈਵ ਪਰਫ਼ਾਰਮੈਂਸ ਸ਼ਾਮਲ ਹੋਵੇਗਾ। ਫੈਸਟਿਵਲ ਦੇ ਮਾਹੌਲ ਨੂੰ ਹੋਰ ਵੀ ਖ਼ਾਸ ਬਣਾਉਣ ਲਈ ਯੂਨੀਵਰਸਿਟੀ ਸ਼ੂਲਿਨੀ ਫਲਾਵਰ ਫੈਸਟਿਵਲ ਦਾ ਵੀ ਆਯੋਜਨ ਕਰੇਗੀ, ਜਿਸ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ ਅਤੇ ਵੱਖ-ਵੱਖ ਸਟਾਲ ਲਗਾਏ ਜਾਣਗੇ। ਇਸਦੇ ਨਾਲ ਹੀ ਗਲਿਚ ਟੈਕ ਫੈਸਟ 2026 ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਗੇਮਿੰਗ ਮੁਕਾਬਲੇ, ਟੈਕ ਇਵੈਂਟ ਅਤੇ ਏਆਈ-ਆਧਾਰਿਤ ਦੁਨੀਆ ਵਿੱਚ ਲੋੜੀਂਦੇ ਹੁਨਰਾਂ ‘ਤੇ ਪੈਨਲ ਚਰਚਾਵਾਂ ਸ਼ਾਮਲ ਹੋਣਗੀਆਂ।
Comments
Post a Comment