ਲਾਲਜੀਤ ਭੁੱਲਰ ਖਿਲਾਫ ਸੀ ਬੀ ਆਈ ਜਾਂਚ ਕਰਵਾਉਣ ਦੀ ਸਿਫਾਰਸ਼ ਦੇ ਮਾਮਲੇ ’ਤੇ ਬਹਾਨੇਬਾਜ਼ੀ ਨਾ ਕਰਨ ਮੁੱਖ ਮੰਤਰੀ : ਸੁਖਬੀਰ ਬਾਦਲ
ਲਾਲਜੀਤ ਭੁੱਲਰ ਖਿਲਾਫ ਸੀ ਬੀ ਆਈ ਜਾਂਚ ਕਰਵਾਉਣ ਦੀ ਸਿਫਾਰਸ਼ ਦੇ ਮਾਮਲੇ ’ਤੇ ਬਹਾਨੇਬਾਜ਼ੀ ਨਾ ਕਰਨ ਮੁੱਖ ਮੰਤਰੀ : ਸੁਖਬੀਰ ਬਾਦਲ
ਕਿਹਾ ਕਿ ਜੇਕਰ ਮੁੱਖ ਮੰਤਰੀ ਜਾਣਦੇ ਸਨ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਸਾਲਾ ਫਰੀਦਕੋਟ ਦੇ ਵਪਾਰੀ ਤੋਂ ਫਿਰੌਤੀ ਵਸੂਲੀ ਤੇ ਖੁਦਕੁਸ਼ੀ ਮਾਮਲੇ ਵਿਚ ਸ਼ਾਮਲ ਸੀ ਤਾਂ ਉਹਨਾਂ ਕੇਸ ਵਿਚ ਕਾਰਵਾਈ ਕਿਉਂ ਨਹੀਂ ਕੀਤੀ ?
ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਪੰਜਾਬ ਦੀ ਹਰਿਆਣਾ ਨਾਲ ਲੱਗਦੀ ਸਰਹੱਦੀ ਤੱਕ ਘੱਗਰ ਦਰਿਆ ਨੂੰ ਚੈਨਲਾਈਜ਼ ਕੀਤਾ ਜਾਵੇਗਾ
ਮੂਣਕ,/ਚੰਡੀਗੜ੍ਹ 24 ਮਾਰਚ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਵੱਲੋਂ ਸਾਬਕਾ ਮੰਤਰੀ ਲਾਲਜੀਤ ਭੁੱਲਰ ਕਾਰਨ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਸਿਫਾਰਸ਼ ਵਾਸਤੇ ਬਹਾਨੇ ਨਾ ਬਣਾਉਣ ਅਤੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਫਰੀਦਕੋਟ ਦੇ ਵਪਾਰੀ ਤੋਂ ਫਿਰੌਤੀ ਵਸੂਲੀ ਤੇ ਖੁਦਕੁਸ਼ੀ ਕੇਸ ਨਾਲ ਜੁੜੇ ਸਨ ਤਾਂ ਉਹਨਾਂ ਨੇ ਉਹਨਾਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ। ਇਥੇ ਲਹਿਰਾਗਾਗਾ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਦੇ ਨਾਲ ਰਲ ਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਭਗਵੰਤ ਮਾਨ ਨੂੰ ਹੁਣ ਮਹਿਸੂਸ ਹੋਇਆ ਹੈ ਕਿ ਫਰੀਦਕੋਟ ਦੇ ਵਪਾਰੀ ਨੇ ਆਪਣੇ 2 ਬੱਚਿਆਂ ਦਾ ਕਤਲ ਕਰ ਕੇ ਇਸ ਕਰ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਸਾਲਾ ਡਿੰਪੀ ਵਿਨਾਇਕ ਉਸ ਤੋਂ ਫਿਰੌਤੀ ਮੰਗ ਰਿਹਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਚਾਰ ਸਾਲਾਂ ਤੋਂ ਉਹ ਚੁੱਪ ਕਿਉਂ ਸਨ ਤੇ ਹੁਣ ਵੀ ਉਹਨਾਂ ਮਾਮਲੇ ਵਿਚ ਕਾਰਵਾਈ ਕਿਉਂ ਨਹੀਂ ਕੀਤੀ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਉਹਨਾਂ ਨੇ ਰਾਜਾ ਵੜਿੰਗ ਵੱਲੋਂ 2021-22 ਵਿਚ ਟਰਾਂਸਪੋਰਟ ਮੰਤਰੀ ਹੁੰਦਿਆਂ 814 ਸਰਕਾਰੀ ਬੱਸਾਂ ਦੀਆਂ ਬਾਡੀਆਂ ਪੰਜਾਬ ਵਿਚ ਸਸਤੀਆਂ ਲੱਗਣ ਦੇ ਬਾਵਜੂਦ ਵੀ ਰਾਜਸਥਾਨ ਤੋਂ ਲਗਵਾ ਕੇ 100 ਕਰੋੜ ਰੁਪਏ ਦਾ ਘੁਟਾਲਾ ਕਰਨ ਦੇ ਮਾਮਲੇ ਵਿਚ ਕਾਰਵਾਈ ਕਿਉਂ ਨਹੀਂ ਕੀਤੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਤੇ ਰਾਜਾ ਵੜਿੰਗ ਆਪਸ ਵਿਚ ਰਲੇ ਹੋਏ ਹਨ ਤੇ ਆਪਸ ਵਿਚ ਦੋਸਤਾਨਾ ਮੈਚ ਖੇਡ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਵਿਚ ਜੁਰੱਅਤ ਹੈ ਤਾਂ ਉਹ ਡਾ. ਗਗਨਦੀਪ ਸਿੰਘ ਰੰਧਾਵਾ ਦੇ ਮਾਮਲੇ ਵਿਚ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਸੀ ਬੀ ਆਈ ਜਾਂਚ ਤੋਂ ਬਚਾਉਣ ਵਾਸਤੇ ਫਰੀਦਕੋਟ ਦੇ ਫਿਰੌਤੀ ਤੇ ਖੁਦਕੁਸ਼ੀ ਕੇਸ ਵਿਚ ਸੀ ਬੀ ਆਈ ਜਾਂਚ ਨਾ ਹੋਣ ਦਾ ਬਹਾਨਾ ਵਰਤਣ ਦੀ ਥਾਂ ’ਤੇ ਮਾਮਲੇ ਵਿਚ ਕਾਰਵਾਈ ਕਰਨ। ਲਹਿਰਾਗਾਗਾ ਹਲਕੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਜਾਣਦਾ ਹੈ ਕਿ ਘੱਗਰ ਦਰਿਆ ਦੇ ਮਾਮਲੇ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਹਰਿਆਣਾ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੱਕ ਘੱਗਰ ਦਰਿਆ ਨੂੰ ਚੈਨਲਾਈਜ਼ ਕਰਾਂਗੇ। ਇਸ ਗੱਲ ਦੀ ਉਹ ਗਰੰਟੀ ਦਿੰਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਇਸ ਖਿੱਤੇ ਦੇ ਕਿਸਾਨਾਂ ਨਾਲ ਆਪ ਸਰਕਾਰ ਨੇ ਧੋਖਾ ਕੀਤਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਫਸਲਾਂ ਦੇ ਨੁਕਸਾਨ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਤੋਂ ਭੱਜ ਗਏ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਨਹੀਂ ਦਿੱਤਾ। ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਆਪ ਸਰਕਾਰ ਨੇ ਤੁਹਾਨੂੰ ਕੱਖ ਨਹੀਂ ਦਿੱਤਾ ਤੇ ਕੇਂਦਰ ਤੇ ਸੂਬਾ ਸਰਕਾਰ ਇਕ ਦੂਜੇ ਸਿਰ ਦੋਸ਼ ਮੜ੍ਹਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਗਗਨਦੀਪ ਖੰਡੇਬਾਦ ਸਮੇਤ ਅਕਾਲੀ ਦਲ ਦੀ ਟੀਮ ਨੇ ਹੀ ਹੜ੍ਹਾਂ ਦੌਰਾਨ ਤੁਹਾਡੀ ਉਦੋਂ ਮਦਦ ਕੀਤੀ ਜਦੋਂ ਕੇਂਦਰ ਤੇ ਰਾਜ ਸਰਕਾਰਾਂ ਤੁਹਾਡਾ ਸਾਥ ਛੱਡ ਗਈਆਂ ਸਨ।
ਬਾਦਲ ਨੇ ਕਿਹਾ ਕਿ ਆਪ ਸਰਕਾਰ ਇਕ ਵਾਰ ਫਿਰ ਤੋਂ ਪੰਜਾਬੀਆਂ ਨਾਲ ਇਹ ਕਹਿ ਕੇ ਧੋਖਾ ਕਰਨ ਦਾ ਯਤਨ ਕਰ ਰਹੀ ਹੈ ਕਿ ਜਨਰਲ ਵਰਗ ਦੀਆਂ ਔਰਤਾਂ ਨੂੰ 1-1 ਹਜ਼ਾਰ ਰੁਪਏ ਤੇ ਰਾਖਵੇਂ ਵਰਗ ਦੀਆਂ ਔਰਤਾਂ ਨੂੰ 15-15 ਸੌ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਇਸ ਕੰਮ ਵਾਸਤੇ 52000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤੇ ਸਰਕਾਰੀ ਜ਼ਮੀਨਾਂ ਵੇਚੀਆਂ ਹਨ ਤਾਂ ਜੋ ਛੇ ਮਹੀਨੇ ਵਾਸਤੇ ਇਹ ਰਾਸ਼ੀ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਵਿਚ ਬਿਜਲੀ ਬੋਰਡ ਦੀ ਸਬਸਿਡੀ ਵੀ ਰੋਕ ਲਈ ਹੈ। ਇਸ ਨਾਲ ਪੰਜਾਬ ਅਤੇ ਇਸਦੇ ਕਿਸਾਨਾਂ ਵਾਸਤੇ ਬਹੁਤ ਮੁਸ਼ਕਿਲ ਸਮਾਂ ਆ ਰਿਹਾ ਹੈ। ਪੰਜਾਬ ਲਈ ਆਪਣੀ ਸੋਚ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਰਾਜਸਥਾਨ ਨਹਿਰ ਰਾਹੀਂ ਪਾਣੀ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਸਾਰਾ ਪਾਣੀ ਰਾਜਸਥਾਨ ਨਹਿਰ ਤੋਂ ਪੰਜਾਬ ਦੇ ਖੇਤਾਂ ਵੱਲ ਮੋੜਿਆ ਜਾਵੇਗਾ।ਉਹਨਾਂ ਇਹ ਵੀ ਐਲਾਨ ਕੀਤਾ ਕਿ ਆਟਾ ਦਾਲ ਸਕੀਮ ਤਹਿਤ ਹਰ ਲਾਭਪਾਤਰੀ ਨੂੰ ਕਾਂਗਰਸ ਵੇਲੇ ਦਿੱਤੇ ਜਾ ਰਹੇ 15 ਕਿਲੋ ਤੇ ਹੁਣ ਦਿੱਤੀ ਜਾ ਰਹੀ 5 ਕਿਲੋ ਕਣਕ ਦੀ ਥਾਂ 30 ਕਿਲੋ ਕਣਕ ਦਿੱਤੀ ਜਾਵੇਗੀ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਬੁਢਾਪਾ ਪੈਲਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ ਤੇ ਸ਼ਗਨ ਸਕੀਮ ਤਹਿਤ ਰਾਸ਼ੀ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ, ਦਿਨ ਵੇਲੇ 12 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ ਅਤੇ ਡੇਅਰੀ ਤੇ ਪੋਲਟਰੀ ਕਿਸਾਨਾਂ ਨੂੰ 75 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਮੌਕੇ ਅਰਵਿੰਦ ਖੰਨਾ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਸੰਘੇੜੀ, ਕੇ ਜੇ ਐਸ ਚੀਮਾ, ਰਣਜੀਤ ਸਿੰਘ ਕਾਤਰੋਂ, ਗੁਲਜ਼ਾਰੀ ਮੂਣਕ, ਸ਼੍ਰੋਮਣੀ ਕਮੇਟੀ ਮੈਂਬਰ ਗੁਰਲਾਲ ਸਿੰਘ ਫਤਿਹਗੜ੍ਹ ਅਤੇ ਪਰਮਜੀਤ ਕੌਰ ਵਿਰਕ ਨੇ ਵੀ ਸੰਬੋਧਨ ਕੀਤਾ।

Comments
Post a Comment