ਮੋਹਾਲੀ ਦੀ ਸੋਸਾਇਟੀ ਵਿੱਚ ਝਗੜਾ, ਮੈਂਬਰ ‘ਤੇ ਹਮਲਾ — ਮਾਮਲਾ ਦਰਜ
ਐਸ.ਏ.ਐਸ.ਨਗਰ 26 ਮਾਰਚ ( ਰਣਜੀਤ ਧਾਲੀਵਾਲ ) : ਮੋਹਾਲੀ ਦੇ ਸੈਕਟਰ 79 ਵਿੱਚ ਸਥਿਤ ਹਾਊਸਫੈਡ ਸੋਸਾਇਟੀ ਵਿੱਚ ਮੀਟਿੰਗ ਦੌਰਾਨ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਮੈਂਬਰ ‘ਤੇ ਹਮਲੇ ਦੇ ਦੋਸ਼ ਲੱਗੇ ਹਨ। ਸ਼ਿਕਾਇਤਕਰਤਾ ਦਿਲਪ੍ਰੀਤ ਸਿੰਘ, ਜੋ ਸੋਸਾਇਟੀ ਦੇ ਜਨਰਲ ਸਕੱਤਰ ਹਨ, ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ 25 ਮਾਰਚ ਨੂੰ ਸੋਸਾਇਟੀ ਦਫ਼ਤਰ ਵਿੱਚ ਕਮੇਟੀ ਦੀ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਮੀਟਿੰਗ ਵਿੱਚ ਸ਼ਾਮਲ ਹੋਇਆ ਅਤੇ ਗੱਲਬਾਤ ਦੌਰਾਨ ਅਚਾਨਕ ਗੁੱਸੇ ਵਿੱਚ ਆ ਗਿਆ।
ਦਿਲਪ੍ਰੀਤ ਸਿੰਘ ਦੇ ਅਨੁਸਾਰ, ਗੁਰਵਿੰਦਰ ਸਿੰਘ ਨੇ ਉਸ ਨੂੰ ਰੋਕ ਕੇ ਸਭ ਦੇ ਸਾਹਮਣੇ ਗਾਲਾਂ ਕੱਢੀਆਂ ਅਤੇ ਮਾਰਪੀਟ ਸ਼ੁਰੂ ਕਰ ਦਿੱਤੀ। ਝਗੜੇ ਦੌਰਾਨ ਦੋਸ਼ੀ ਨੇ ਕਿਸੇ ਤਿੱਖੀ ਵਸਤੂ ਨਾਲ ਉਸਦੇ ਚਿਹਰੇ ‘ਤੇ ਵਾਰ ਕੀਤਾ ਅਤੇ ਸਿਰ ‘ਤੇ ਵੀ ਮੁੱਕੇ ਮਾਰੇ। ਨਾਲ ਹੀ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਘਟਨਾ ਤੋਂ ਬਾਅਦ ਹੋਰ ਮੈਂਬਰਾਂ ਨੇ ਵਿਚਕਾਰ ਪੈ ਕੇ ਦੋਹਾਂ ਨੂੰ ਅਲੱਗ ਕੀਤਾ। ਪੀੜਤ ਨੇ ਤੁਰੰਤ 112 ਨੰਬਰ ‘ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੂੰ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਡਾਕਟਰਾਂ ਨੇ ਚਾਰ ਚੋਟਾਂ ਦਰਜ ਕੀਤੀਆਂ ਹਨ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਸ਼ੀ ਪਹਿਲਾਂ ਵੀ ਸੋਸਾਇਟੀ ਦੇ ਮੈਂਬਰਾਂ ਨਾਲ ਝਗੜੇ ਕਰਦਾ ਰਿਹਾ ਹੈ ਅਤੇ ਉਸਦੇ ਖ਼ਿਲਾਫ ਪਹਿਲਾਂ ਵੀ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ। ਸੋਹਾਣਾ ਪੁਲਿਸ ਸਟੇਸ਼ਨ ਨੇ ਮਾਮਲੇ ਦੀ ਜਾਂਚ ਕਰਦਿਆਂ ਗੁਰਵਿੰਦਰ ਸਿੰਘ ਦੇ ਖ਼ਿਲਾਫ ਭਾਰਤੀ ਨਿਆਇ ਸੰਹਿਤਾ ਦੀਆਂ ਧਾਰਾਵਾਂ 126(2) ਅਤੇ 115(2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।

Comments
Post a Comment