ਆਲੈਂਜਰਜ਼ ਗਲੀ ਕ੍ਰਿਕਟ ਟੂਰਨਾਮੈਂਟ 2026 ਦਾ ਆਗਾਜ਼
ਫਿਟਨੈੱਸ ਰਾਹੀਂ ਰਾਸ਼ਟਰ ਨਿਰਮਾਣ ਵੱਲ ਅਹਿਮ ਕਦਮ : ਨਾਇਬ ਸਿੰਘ ਸੈਣੀ
“ਇਹ ਸਿਰਫ ਟੂਰਨਾਮੈਂਟ ਨਹੀਂ, ਨੌਜਵਾਨਾਂ ਲਈ ਇੱਕ ਮਿਸ਼ਨ ਹੈ” : ਸੰਜੇ ਟੰਡਨ
ਚੰਡੀਗੜ੍ਹ 17 ਅਪ੍ਰੈਲ : ਆਲੈਂਜਰਜ਼ ਗਲੀ ਕ੍ਰਿਕਟ ਟੂਰਨਾਮੈਂਟ 2026 ਦੇ ਚੌਥੇ ਸੰਸਕਰਣ ਦਾ ਸ਼ੁਭ ਆਗਾਜ਼ ਸ਼ੁੱਕਰਵਾਰ ਨੂੰ ਸੈਕਟਰ-16 ਕ੍ਰਿਕਟ ਸਟੇਡੀਅਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਐਚ. ਰਾਜੇਸ਼ ਪ੍ਰਸਾਦ, ਮੁੱਖ ਸਕੱਤਰ, ਯੂਟੀ ਪ੍ਰਸ਼ਾਸਨ ਵੀ ਮੌਜੂਦ ਰਹੇ। ਸਮਾਗਮ ਵਿੱਚ ਟੂਰਨਾਮੈਂਟ ਚੇਅਰਮੈਨ ਸੰਜੇ ਟੰਡਨ ਅਤੇ ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਸਮੇਤ ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਪੁਲਿਸ ਅਤੇ ਯੂਟੀ ਕ੍ਰਿਕਟ ਐਸੋਸੀਏਸ਼ਨ (ਯੂਟੀਸੀਏ) ਦੇ ਉੱਚ ਅਧਿਕਾਰੀ ਹਾਜ਼ਰ ਸਨ। ਇਹ ਟੂਰਨਾਮੈਂਟ ਯੂਟੀਸੀਏ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਸੈਣੀ ਨੇ ਖਿਡਾਰੀਆਂ ਅਤੇ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਸਹੁੰ ਚੁਕਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਪਹਿਲਾਂ ‘ਖੇਲੋ ਇੰਡੀਆ’ ਅਤੇ ‘ਨਸ਼ਾ ਮੁਕਤ ਭਾਰਤ ਅਭਿਆਨ’ ਨੌਜਵਾਨਾਂ ਵਿੱਚ ਅਨੁਸ਼ਾਸਨ ਅਤੇ ਫਿਟਨੈੱਸ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਯੂਟੀਸੀਏ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਦੇਸ਼ ਲਈ ਮਜ਼ਬੂਤ ਨੀਂਹ ਰੱਖਦੇ ਹਨ।
ਆਪਣੇ ਸਵਾਗਤੀ ਭਾਸ਼ਣ ਵਿੱਚ ਸੰਜੇ ਟੰਡਨ ਨੇ ਕਿਹਾ ਕਿ ਇਹ ਟੂਰਨਾਮੈਂਟ ਸਿਰਫ ਇੱਕ ਖੇਡ ਮੁਕਾਬਲਾ ਨਹੀਂ, ਸਗੋਂ ਇੱਕ ਸਮਾਜਿਕ ਅੰਦੋਲਨ ਹੈ, ਜੋ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ 288 ਟੀਮਾਂ (256 ਮੁੰਡਿਆਂ ਦੀਆਂ ਅਤੇ 32 ਕੁੜੀਆਂ ਦੀਆਂ), ਲਗਭਗ 4000 ਖਿਡਾਰੀਆਂ ਨਾਲ, ਅਗਲੇ ਦੋ ਹਫ਼ਤਿਆਂ ਦੌਰਾਨ ਸ਼ਹਿਰ ਦੇ ਨੌ ਵੱਖ-ਵੱਖ ਮੈਦਾਨਾਂ ‘ਤੇ ਮੁਕਾਬਲੇ ਖੇਡਣਗੀਆਂ। ਟੰਡਨ ਨੇ ਇਸ ਸਾਲ ਦੋ ਨਵੀਆਂ ਪਹਿਲਾਂ ਦੀ ਵੀ ਜਾਣਕਾਰੀ ਦਿੱਤੀ। ਇੰਡਿਆਨ ਸਟ੍ਰੀਟ ਪ੍ਰੀਮੀਅਰ ਲੀਗ ਜੇਤੂਆਂ ਨੂੰ ਨਕਦ ਇਨਾਮ ਦੇਵੇਗੀ ਅਤੇ 25 ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ‘ਤੇ ਖੇਡਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ, ਓਲੰਪਿਕ ਸੋਨੇ ਦੇ ਤਮਗਾ ਜੇਤੂ ਅਭਿਨਵ ਬਿੰਦਰਾ ਵੱਲੋਂ ਸਥਾਪਿਤ ਅਭਿਨਵ ਬਿੰਦਰਾ ਫਾਊਂਡੇਸ਼ਨ ਸਮਾਪਨ ਸਮਾਰੋਹ ਦੌਰਾਨ ਖਿਡਾਰੀਆਂ ਨੂੰ ਸਨਮਾਨਿਤ ਕਰੇਗੀ।
ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਨੇ ਯੂਟੀਸੀਏ ਦੀ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ਪੁਲਿਸ ਭਵਿੱਖ ਵਿੱਚ ਵੀ ਇਸ ਟੂਰਨਾਮੈਂਟ ਨੂੰ ਹੋਰ ਮਜ਼ਬੂਤ ਬਣਾਏਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਪਹਿਲਾਂ, ਯੂਟੀਸੀਏ ਦੇ ਪ੍ਰਧਾਨ ਸਾਰਨਾਸ਼ ਟੰਡਨ ਨੇ ਕੇਂਦਰੀ ਖੇਡ ਮੰਤਰੀ ਡਾ. ਮਨਸੁੱਖ ਮਾਂਡਵਿਆ ਦਾ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ਵਿੱਚ ਉਨ੍ਹਾਂ ਇਸ ਟੂਰਨਾਮੈਂਟ ਨੂੰ “ਜਨ ਅੰਦੋਲਨ” ਕਰਾਰ ਦਿੱਤਾ। ਇਸ ਮੌਕੇ ‘ਤੇ ਐਚ. ਰਾਜੇਸ਼ ਪ੍ਰਸਾਦ ਨੇ ਕਿਹਾ, “ਇਹ ਟੂਰਨਾਮੈਂਟ ਖੇਡ ਅਤੇ ਸਮਾਜਿਕ ਸੰਦੇਸ਼ ਦਾ ਬਿਹਤਰ ਮਿਲਾਪ ਹੈ। ਇਹ ਨਾ ਸਿਰਫ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਦਾ ਹੈ, ਸਗੋਂ ਉਨ੍ਹਾਂ ਨੂੰ ਅਨੁਸ਼ਾਸਿਤ ਅਤੇ ਨਸ਼ਾ ਮੁਕਤ ਜੀਵਨ ਵੱਲ ਪ੍ਰੇਰਿਤ ਕਰਦਾ ਹੈ।” ਸਮਾਗਮ ਦੌਰਾਨ ਮਹਿਮਾਨਾਂ ਨੇ ਟ੍ਰਾਫੀ ਦਾ ਅਨਾਵਰਣ ਕੀਤਾ ਅਤੇ ਪ੍ਰਤੀਕਾਤਮਕ ਤੌਰ ‘ਤੇ ਕ੍ਰਿਕਟ ਖੇਡ ਕੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ।ਇਸ ਮੌਕੇ ‘ਤੇ ਮੇਅਰ ਸੌਰਭ ਜੋਸ਼ੀ, ਐਸਐਸਪੀ ਕਵਰਦੀਪ ਕੌਰ, ਆਈਜੀਪੀ ਪੁਸ਼ਪੇਂਦਰ ਕੁਮਾਰ, ਆਈਪੀਐਸ ਰਾਜੀਵ ਰੰਜਨ, ਹਰੀ ਸਿੰਘ ਖੁਰਾਨਾ (ਸਚਿਵ, ਯੂਟੀਸੀਏ), ਆਲੋਕ ਕ੍ਰਿਸ਼ਨ (ਖਜਾਂਚੀ, ਯੂਟੀਸੀਏ) ਸਮੇਤ ਹੋਰ ਕਈ ਗਣਮਾਨਯ ਵਿਅਕਤੀ ਮੌਜੂਦ ਸਨ। ਇਹ ਟੂਰਨਾਮੈਂਟ ਨਾਕਆਊਟ ਫਾਰਮੈਟ ‘ਚ ਖੇਡਿਆ ਜਾਵੇਗਾ, ਜਿਸ ਵਿੱਚ ਹਰ ਮੈਚ 10-10 ਓਵਰਾਂ ਦਾ ਹੋਵੇਗਾ ਅਤੇ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟੈਨਿਸ ਬਾਲ ਦੀ ਵਰਤੋਂ ਕੀਤੀ ਜਾਵੇਗੀ। ਮੈਚ ਸ਼ਹਿਰ ਦੇ ਵੱਖ-ਵੱਖ ਮੈਦਾਨਾਂ ‘ਤੇ ਕਰਵਾਏ ਜਾਣਗੇ। ਰਜਿਸਟ੍ਰੇਸ਼ਨ ਪੁਲਿਸ ਥਾਣਿਆਂ ਰਾਹੀਂ “ਪਹਿਲਾਂ ਆਓ, ਪਹਿਲਾਂ ਪਾਓ” ਦੇ ਅਧਾਰ ‘ਤੇ ਕੀਤੀ ਗਈ ਸੀ।
ਚੰਡੀਗੜ੍ਹ ਪ੍ਰਸ਼ਾਸਨ, ਮਿਊਂਸਪਲ ਕਾਰਪੋਰੇਸ਼ਨ, ਸੋਸ਼ਲ ਵੈਲਫੇਅਰ ਡਿਪਾਰਟਮੈਂਟ, ਸਪੋਰਟਸ ਡਿਪਾਰਟਮੈਂਟ ਅਤੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ-ਨਾਲ ਟਾਇਨੋਰ ਅਤੇ ਐਨਐਮਡੀਸੀ ਵਰਗੇ ਭਾਗੀਦਾਰਾਂ ਦੇ ਸਹਿਯੋਗ ਨਾਲ ਆਯੋਜਿਤ ਇਸ ਟੂਰਨਾਮੈਂਟ ਦਾ ਮਕਸਦ ਗ੍ਰਾਸਰੂਟ ਕ੍ਰਿਕਟ ਪ੍ਰਤਿਭਾ ਨੂੰ ਖੋਜਣਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਹੈ। ਯੂਟੀਸੀਏ ਦੇ ਸਿਲੈਕਟਰ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਨਜ਼ਦੀਕੀ ਨਜ਼ਰ ਰੱਖਣਗੇ, ਤਾਂ ਜੋ ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਬੀਸੀਸੀਆਈ ਟੂਰਨਾਮੈਂਟਾਂ ਵਿੱਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲ ਸਕੇ। ਟੂਰਨਾਮੈਂਟ ਦਾ ਫਾਈਨਲ 1 ਮਈ ਨੂੰ ਖੇਡਿਆ ਜਾਵੇਗਾ, ਜਦਕਿ 2 ਮਈ ਨੂੰ ਸਮਾਪਨ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਜੇਤੂਆਂ ਨੂੰ ਸਨਮਾਨਿਤ ਕਰਨਗੇ। ਟੂਰਨਾਮੈਂਟ ਦੇ ਸਾਰੇ ਮੈਚਾਂ ਦੀ ਲਾਈਵ ਸਕੋਰਿੰਗ ਅਤੇ ਅੱਪਡੇਟ ਯੂਟੀਸੀਏ ਦੀ ਵੈਬਸਾਈਟ ਅਤੇ ਮੋਬਾਈਲ ਐਪ ‘ਤੇ ਉਪਲਬਧ ਰਹੇਗੀ।

Comments
Post a Comment