ਮੁੱਖ ਮੰਤਰੀ ਨੂੰ ਅਕਾਲੀ ਦਲ ਦੇ ਖਿਲਾਫ ਸੋਚ ਸਮਝ ਕੇ ਬੋਲਣਾ ਚਾਹੀਦੈ : ਰਵੀਇੰਦਰ ਸਿੰਘ
ਚੰਡੀਗੜ੍ਹ 07 ਅਪ੍ਰੈਲ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇਕ ਸੌ ਪੰਜ ਸਾਲ ਪੁਰਾਣੀ ਉਹ ਪਾਰਟੀ ਹੈ, ਜਿਸ ਨੇ ਹਮੇਸ਼ਾਂ ਕੌਮ ਦੀ ਵਾੜ ਬਣ ਕੇ ਰਾਖੀ ਕੀਤੀ ਹੈ। ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋ ਦਸੰਬਰ ਦੇ ਹੁਕਮਨਾਮਿਆਂ ਨਾਲ ਆਪਣੇ ਵਿਚ ਆਈਆਂ ਸਾਰੀਆਂ ਬੁਰਾਈਆਂ ਨੂੰ ਕੱਢ ਕੇ ਪੁਨਰ ਸੁਰਜੀਤ ਹੋਇਆ ਹੈ। ਇਸ ਦੀ ਪੰਥਕ ਸ਼ਾਨ ਬਹਾਲ ਹੋਣ ਤੋਂ ਬਾਦ ਪੰਜਾਬ ਦੇ ਲੋਕ ਇਸ ਨੂੰ ਖੁੱਲ੍ਹੇ ਮਨ ਅਤੇ ਖੁੱਲ੍ਹੀਆਂ ਬਾਹਵਾਂ ਨਾਲ ਜੀ ਆਇਆਂ ਆਖ ਰਹੇ ਹਨ। ਜਿਸ ਕਰਕੇ ਇਹ ਫਿਰ ਸ਼ਹਿਰਾਂ, ਪਿੰਡਾਂ, ਸੱਥਾਂ ਅਤੇ ਘਰਾਂ ਵਿੱਚ ਸਵੀਕਾਰਿਆ ਜਾਣ ਲੱਗਾ ਹੈ।
ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ ਇਕ ਪ੍ਰੈੱਸ ਬਿਆਨ ਵਿੱਚ ਕੀਤਾ। ਉਹਨਾ ਕਿਹਾ ਕਿ ਇਸ ਪੁਨਰ ਸੁਰਜੀਤ ਹੋਏ ਅਕਾਲੀ ਦਲ ਦੀ ਸ਼ਾਨ ਵੇਖ ਕੇ ਵਿਰੋਧੀਆਂ ਦੀ ਤਕਲੀਫ ਹੀ ਨਹੀਂ ਵਧੀ ਸਗੋਂ ਸਰਕਾਰਾਂ ਵਿੱਚ ਬੈਠੇ ਲੋਕ ਵੀ ਪ੍ਰੇਸ਼ਾਨ ਹੋਏ ਪਏ ਹਨ। ਇਸ ਦੀ ਤਾਜਾ ਮਿਸਾਲ ਮੁੱਖ ਮੰਤਰੀ ਦਾ ਉਹ ਬਿਆਨ ਹੈ ਜੋ ਇਕ ਬੰਦੇ ਨੂੰ ਮੁੱਦਾ ਬਣਾ ਕੇ ਅਕਾਲੀ ਦਲ ਦਾ ਸਮਾਜਿਕ ਬਾਈਕਾਟ ਕਰਨ ਬਾਰੇ ਲੋਕਾਂ ਨੂੰ ਉਕਸਾ ਰਿਹਾ ਹੈ। ਮੁੱਖ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਮੂਹਰੇ ਆਪਣੇ ਸਾਰੇ ਗੁਨਾਹ ਕਬੂਲ ਕਰਕੇ ਮੁਕਰਨ ਵਾਲਾ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ ਅਤੇ ਹੁਣ ਉਹ ਆਪਣੇ ਆਪ ਨੂੰ ਸਿੱਖ ਵੀ ਨਹੀਂ ਕਹਾ ਸਕਦਾ। ਏਥੋਂ ਤੱਕ ਕਿ ਉਸ ਨੂੰ ਆਪਣੀਆਂ ਗੱਲਾਂ ਸੁਣਾਉਣ ਲਈ ਵੀ ਪੈਸੇ ਅਤੇ ਸ਼ਰਾਬ ਦੇਕੇ ਲੋਕ ਇਕੱਠੇ ਕਰਨੇ ਪੈਂਦੇ ਹਨ।
ਪਰ ਅਕਾਲੀ ਦਲ ਦਾ ਇਹ ਵਿਰਸਾ ਨਹੀ ਹੈ। ਇਸ ਲਈ ਅੱਗੇ ਤੋਂ ਉਹ ਸੁਖਬੀਰ ਬਾਦਲ ਖਿਲਾਫ ਕੁਝ ਵੀ ਬੋਲੇ, ਪਰ ਪੰਥਕ ਪਾਰਟੀ ਅਕਾਲੀ ਦਲ ਖਿਲਾਫ ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਦੀ ਸੁਚੱਜੀ ਚੋਣ ਜਰੂਰ ਕਰੇ। ਇਹ ਭਗਵੰਤ ਸਿੰਘ ਮਾਨ ਦੀ ਖੁਸ਼ਕਿਸਮਤੀ ਹੀ ਕਹੀ ਜਾਵੇਗੀ ਕਿ ਸੁਖਬੀਰ ਨੇ ਪੰਥਕ ਪਾਰਟੀ ਨੂੰ ਲੋਕਾਂ ਵਿੱਚ ਖਤਮ ਕੀਤਾ, ਇਸ ਕਰਕੇ ਆਮ ਆਦਮੀ ਪਾਰਟੀ ਨੂੰ ਰਾਜ ਮਿਲਿਆ। ਪਰ ਹੁਣ ਅਕਾਲੀ ਦਲ ਦੇ ਅਸਲੀ ਵਾਰਿਸ ਜਾਗ ਚੁੱਕੇ ਹਨ, ਇਸ ਲਈ ਕਿਸੇ ਦੀ ਵੀ ਦਾਲ ਨਹੀਂ ਗਲੇ ਗੀ। ਕਿਉਂਕਿ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਪੰਜਾਬ ਦਾ ਕੁਦਰਤੀ ਦਾਅਵੇਦਾਰ ਹੈ। ਇਹ ਬਿਆਨ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਵੱਲੋਂ ਜਾਰੀ ਕੀਤਾ ਗਿਆ।

Comments
Post a Comment