ਆਪ ਦੇ ਝੂਠਾਂ ਦੀ ਪੋਲ ਤੇਜੀ ਨਾਲ ਖੁੱਲ੍ਹ ਰਹੀ ਹੈ : ਵੜਿੰਗ
ਕਿਹਾ: ਆਪ ਭ੍ਰਿਸ਼ਟਾਚਾਰ ਦੀ ਮਹਾਮਾਰੀ ਫੈਲਾਉਣ ਵਿੱਚ ਬਹੁਤ ਤੇਜ਼ ਨਿਕਲੀ
ਆਪ ਦੇ ਭ੍ਰਿਸ਼ਟਚਾਰ ਦਾ ਪਰਦਾਫਾਸ਼ ਕਰਨ ਲਈ ਸਾਬਕਾ ਕ੍ਰਿਕਟਰ ਨੂੰ ਦਿੱਤੀ ਵਧਾਈ
ਆਪ ਦਾ ਬਦਲਾਅ— ਹਰ ਚੀਜ਼ ਲਈ ਤੈਅ ਰੇਟ, ਜਿਵੇਂ ਉਚਿਤ ਮੁੱਲ ਦੀ ਦੁਕਾਨ ਹੋਵੇ
ਚੰਡੀਗੜ੍ਹ 18 ਅਪ੍ਰੈਲ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਾਫ ਸੁਥਰੇ ਅਕਸ ਦੇ ਕੀਤੇ ਜਾਂਦੇ ਦਾਅਵਿਆਂ ਦੀ ਸੱਚਾਈ ਹੁਣ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਹੈ, ਜਿਨਾਂ ਦੇ ਲੋਕ ਆਏ ਦਿਨ ਖੁਲਾਸੇ ਕਰ ਰਹੇ ਹਨ ਕਿ ਕਿਵੇਂ ਉਹਨਾਂ ਨੂੰ ਰੋਜਾਨਾ ਦੇ ਕੰਮਾਂ ਵਾਸਤੇ ਵੱਡੀਆਂ ਰਿਸ਼ਵਤਾਂ ਦੇਣ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਗੱਲ ਹੁਣ ਸਭ ਨੂੰ ਪਤਾ ਹੈ ਕਿ ਇਸ ਸਰਕਾਰ ਹੇਠ ਹਰ ਚੀਜ਼ ਦੀ ਕੀਮਤ ਹੈ ਅਤੇ ਹਰ ਸਰਕਾਰੀ ਕੰਮ ਲਈ ਫਿਕਸ ਰੇਟ ਤੈਅ ਹਨ, ਜਿਹੜੇ ਆਮ ਤੌਰ ‘ਤੇ ਰੁਟੀਨ ਵਿੱਚ ਹੋਣੇ ਚਾਹੀਦੇ ਸਨ।
ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਇਹੀ ਅਸਲੀ ਆਪ ਵੱਲੋਂ ਪੰਜਾਬ ਵਿੱਚ ਲਿਆਂਦਾ ਗਿਆ ਅਸਲੀ ਬਦਲਾਅ ਹੈ, ਜਿੱਥੇ ਹਰ ਚੀਜ਼ ਲਈ ਤੈਅ ਰੇਟ ਹੈ, ਕੋਈ ਭਾਅ-ਤਾਅ ਨਹੀਂ, ਜਿਵੇਂ ਕੋਈ ਉਚਿਤ ਮੂਲ ਦੀ ਦੁਕਾਨ ਹੋਵੇ। ਇੱਥੇ ਜਾਰੀ ਇੱਕ ਬਿਆਨ ਵਿੱਚ, ਪੰਜਾਬ ਕੌਮੀ ਪੱਧਰੀ ਕ੍ਰਿਕਟਰ ਪੁਲਕਿਤ ਸ਼ਰਮਾ ਵੱਲੋਂ ਕੀਤੇ ਗਏ ਖੁਲਾਸਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਕਿਹਾ ਕਿ ਆਪ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀ ਮਹਾਮਾਰੀ ਫੈਲਾਉਣ ਵਿੱਚ ਸਭ ਤੋਂ ਅੱਗੇ ਨਿਕਲ ਕੇ ਸਾਹਮਣੇ ਆਈ ਹੈ। ਜਿਸ ਖੁਲਾਸੇ ਰਾਹੀਂ ਕ੍ਰਿਕਟਰ ਨੇ ਦੱਸਿਆ ਹੈ ਕਿ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਉਨ੍ਹਾਂ ਨੂੰ ਰਿਸ਼ਵਤ ਦੇਣੀ ਪਈ। ਵੜਿੰਗ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲਕਿਤ ਦੇ ਸੋਸ਼ਲ ਮੀਡੀਆ ਖਾਤੇ ਅਚਾਨਕ ਗਾਇਬ ਹੋ ਗਏ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਪੁਲਕਿਤ ਨੂੰ ਭ੍ਰਿਸ਼ਟਾਚਾਰ ਬੇਨਕਾਬ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਜ਼ਾਰਾਂ ਲੋਕ ਇਸੇ ਤਜਰਬੇ ਵਿੱਚੋਂ ਲੰਘ ਰਹੇ ਹਨ ਅਤੇ ਅਧਿਕਾਰੀਆਂ ਨੂੰ ਵੱਡੀ ਪੱਧਰ ਦੀ ਰਿਸ਼ਵਤ ਦੇਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਤਾਂ ਛੱਡੋ, ਇਸ ਸਰਕਾਰ ਵੱਲੋਂ ਇਨ੍ਹਾਂ ਨੂੰ ਇਨਾਮ ਦਿੱਤਾ ਜਾ ਰਿਹਾ ਹੈ। ਇਸ ਸੰਬੰਧ ਦੇ ਵਿੱਚ ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਮੁਅੱਤਲ ਅਤੇ ਚਾਰਜਸ਼ੀਟ ਹੋਏ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਤਰੱਕੀਆਂ ਦਿੱਤੇ ਜਾਣ ਵੱਲ ਇਸ਼ਾਰਾ ਕੀਤਾ। ਵੜਿੰਗ ਨੇ ਕਿਹਾ ਕਿ ਆਪ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਖੁੱਲ੍ਹ ਕੇ ਕਹਿ ਰਹੇ ਹਨ ਕਿ ਹਰ ਸਰਕਾਰੀ ਕੰਮ ਲਈ “ਫਿਕਸ ਰੇਟ” ਤੈਅ ਹਨ, ਜਿਹੜੇ ਆਮ ਤੌਰ ‘ਤੇ ਰੁਟੀਨ ਵਜੋਂ ਹੋਣੇ ਚਾਹੀਦੇ ਹਨ।

Comments
Post a Comment