ਪੰਜਾਬ ਵਿੱਚ ਗਰੀਬ ਬੱਚਿਆਂ ਦੇ ਦਾਖ਼ਲੇ ਲਈ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਮੰਗ ਪੱਤਰ, ਏਡੀਸੀ ਨੂੰ ਸੌਂਪਿਆ ਗਿਆ
ਸਿੱਖਿਆ ਅਧਿਕਾਰ ਐਕਟ 2009 ਲਾਗੂ ਕਰਨ ਲਈ ਅੱਜ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਹੇਠ ਵਫ਼ਦ ਵੱਲੋਂ ਡੀਸੀ ਮੋਹਾਲੀ ਨੂੰ ਮੰਗ ਪੱਤਰ ਸੌਂਪਿਆ ਗਿਆ
ਪ੍ਰਾਈਵੇਟ ਸਕੂਲਾਂ ਦੇ ਮਾਲਕ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।
ਐਸ.ਏ.ਐਸ.ਨਗਰ 20 ਅਪ੍ਰੈਲ ( ਰਣਜੀਤ ਧਾਲੀਵਾਲ ) : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੰਗ ਪੱਤਰ ਡੀਸੀ ਸਾਹਿਬ ਦੀ ਗੈਰਹਾਜ਼ਰੀ ਵਿੱਚ ਏਡੀਸੀ ਮੈਡਮ ਗੀਤਿਕਾ ਸਿੰਘ ਨੂੰ ਸੌਂਪਿਆ ਗਿਆ। ਇਸ ਮੰਗ ਪੱਤਰ ਵਿੱਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਐਸਸੀ ਵਰਗ ਅਤੇ ਗਰੀਬ ਵਰਗ ਦੇ ਬੱਚਿਆਂ ਨੂੰ ਕਾਨੂੰਨੀ ਐਕਟ, ਹਾਈ ਕੋਰਟ ਦੇ ਹੁਕਮਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਾਖ਼ਲਾ ਅਤੇ ਮੁਫਤ ਸਿੱਖਿਆ ਦੇਣ ਦੀ ਮੰਗ ਕੀਤੀ ਗਈ।
ਪ੍ਰਧਾਨ ਕੁੰਬੜਾ ਨੇ ਦੱਸਿਆ ਕਿ ਪੰਜਾਬ ਦੇ ਲਗਭਗ 97 ਪ੍ਰਾਈਵੇਟ ਸਕੂਲਾਂ ਵਿੱਚ ਗਰੀਬ ਵਰਗ ਦੇ ਬੱਚਿਆਂ ਨੂੰ ਕਿਤੇ ਵੀ ਮੁਫਤ ਸਿੱਖਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦੋਂ ਆਪਣੇ ਪੱਧਰ ’ਤੇ ਬੱਚਿਆਂ ਨੂੰ ਦਾਖ਼ਲੇ ਲਈ ਭੇਜਿਆ ਗਿਆ ਤਾਂ ਕਈ ਸਕੂਲ ਪ੍ਰਬੰਧਕਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਵੀ ਪਾਲਣਾ ਨਹੀਂ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਬੱਚਿਆਂ ਦੇ ਦਾਖ਼ਲੇ ਲਈ ਨਿਰਧਾਰਤ ਮਿਆਦ ਨੂੰ ਹਟਾ ਕੇ ਘੱਟੋ-ਘੱਟ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ, ਕਿਉਂਕਿ ਇਸ ਸਮੇਂ ਦੌਰਾਨ ਜ਼ਿਆਦਾਤਰ ਮਾਪੇ ਕਣਕ ਦੀ ਕਟਾਈ ਵਿੱਚ ਰੁੱਝੇ ਹੁੰਦੇ ਹਨ।ਇਸ ਤੋਂ ਇਲਾਵਾ, ਉਨ੍ਹਾਂ ਨੇ ਆਨਲਾਈਨ ਦਾਖ਼ਲਾ ਪ੍ਰਕਿਰਿਆ ਨੂੰ ਬੰਦ ਕਰਕੇ ਮਾਪਿਆਂ ਦੇ ਦਸਤਾਵੇਜ਼ ਸਿੱਧੇ ਤੌਰ ’ਤੇ ਲੈ ਕੇ ਬੱਚਿਆਂ ਨੂੰ ਆਸਾਨ ਤਰੀਕੇ ਨਾਲ ਦਾਖ਼ਲਾ ਦੇਣ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਾਈਵੇਟ ਸਕੂਲਾਂ ਵੱਲੋਂ ਕਾਨੂੰਨ ਅਨੁਸਾਰ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਨਹੀਂ ਦਿੱਤੀ ਗਈ ਤਾਂ ਨੇਪਾਲ ਵਾਂਗ ਇਨ੍ਹਾਂ ਸਕੂਲਾਂ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਕੁੰਬੜਾ (ਪ੍ਰਧਾਨ ਐਸਸੀ ਬੀਸੀ ਮੋਰਚਾ ਪੰਜਾਬ), ਕਰਮ ਸਿੰਘ ਕੁਰੜੀ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਸੁਰਿੰਦਰ ਕੁਮਾਰ, ਲਖਵੀਰ ਸਿੰਘ ਬਡਾਲਾ (ਸਾਂਝਾ ਐਕਸ਼ਨ ਫਰੰਟ ਪੰਜਾਬ), ਮਨਦੀਪ ਸਿੰਘ, ਮਲਵਿੰਦਰ ਸੈਣੀ, ਬਿਕਰਮ ਸਿੰਘ, ਸਤਨਾਮ ਸਿੰਘ ਬਡਾਲਾ ਅਤੇ ਓਮ ਪ੍ਰਕਾਸ਼ ਜੀ ਹਾਜ਼ਰ ਸਨ।

Comments
Post a Comment