ਸੰਯੁਕਤ ਕਿਸਾਨ ਮੋਰਚਾ ਵਲੋਂ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਦਿੱਤੇ ਗਏ ਵਿਸ਼ਾਲ ਧਰਨੇ-ਭਵਿੱਖੀ ਸੰਘਰਸ਼ ਲਈ ਕਿਸਾਨਾਂ ਨੂੰ ਜਨਤਕ ਲਾਮਬੰਦੀ ਦੀ ਮੁਹਿੰਮ ਜਾਰੀ ਰੱਖਣ ਦੀ ਕੀਤੀ ਅਪੀਲ
ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ,ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ ਨਹਿਰੀ ਪਾਣੀ ਦੇਣ ਲਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ-ਬੇਸਨ ਸਿਧਾਂਤ ਅਨੁਸਾਰ ਹੱਲ ਕਰਨ ਦੀ ਕੀਤੀ ਮੰਗ
ਪਾਣੀਆਂ ਦੇ ਮਸਲੇ ਤੇ ਸੂਬੇ ਨਾਲ ਹੋਏ ਗੈਰ-ਸੰਵਿਧਾਨਕ ਅਤੇ ਪੱਖਪਾਤੀ ਸਮਝੌਤੇ ਅਤੇ ਐਵਾਰਡ ਰੱਦ ਕੀਤੇ ਜਾਣ
ਅਮਰੀਕਾ ਦੇ ਦਬਾਅ ਹੇਠ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਸਮੇਤ ਬਿਜਲੀ ਸੋਧ ਅਤੇ ਬੀਜ ਬਿੱਲ ਰੱਦ ਕਰਨ ਲਈ ਜ਼ੋਰਦਾਰ ਆਵਾਜ਼ ਬੁਲੰਦ
ਜੰਗ ਕਾਰਨ ਪੈਦਾ ਹੋਈਆਂ ਹਾਲਤਾਂ ਕਾਰਨ ਖਾਦ ਅਤੇ ਤੇਲ ਦੇ ਪੈਦਾ ਹੋ ਰਹੇ ਗੰਭੀਰ ਸੰਕਟ ਸਬੰਧੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਢੁੱਕਵੇਂ ਕਦਮ ਚੁੱਕਣ ਦੀ ਲੋੜ ਤੇ ਜੋਰ
ਆਲੂ ਅਤੇ ਮਟਰ ਦੇ ਕਾਸ਼ਤਕਾਰਾਂ ਦੀ ਹੋਈ ਦੁਰਦਸ਼ਾ ਲਈ ਪੰਜਾਬ ਸਰਕਾਰ ਦੋਸ਼ੀ-ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ
ਬਰਸਾਤ ਅਤੇ ਗੜੇਮਾਰੀ ਨਾਲ ਬਰਬਾਦ ਹੋਈਆ ਫਸਲਾਂ ਦਾ 50000/ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ
ਆੜਤੀਆਂ ਦੀਆਂ ਮੰਗਾਂ ਦਾ ਹਮਦਰਦੀ ਪੂਰਨ ਢੰਗ ਨਾਲ ਹੱਲ ਕਰਕੇ ਕਣਕ ਦੀ ਨਿਰਵਿਘਨ ਖ੍ਰੀਦ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ
ਚੰਡੀਗੜ੍ਹ 06 ਅਪ੍ਰੈਲ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਵਿਸ਼ਾਲ ਧਰਨੇ ਦੇਕੇ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਮਸਲਿਆਂ ਨੂੰ ਹੱਲ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਜ਼ੋਰਦਾਰ ਗੁਹਾਰ ਲਗਾਈ ਗਈ। ਵਰਣਨਯੋਗ ਹੈ ਕਿ ਅੱਜ ਦੇ ਧਰਨੇ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ,ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ ਨਹਿਰੀ ਪਾਣੀ ਦੇਣ, ਅਮਰੀਕਾ ਦੇ ਦਬਾਅ ਹੇਠ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ, ਬਿਜਲੀ ਅਤੇ ਬੀਜ ਬਿਲ ਨੂੰ ਰੱਦ ਕਰਨ, ਸੂਬੇ ਦੇ ਕਿਸਾਨਾਂ ਲਈ ਲਾਭਕਾਰੀ, ਹੰਢਣਸਾਰ ਅਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕਰਨ ਅਤੇ ਐਮਐਸਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਪ੍ਰਮੁੱਖ ਮੰਗਾਂ ਸਮੇਤ 18 ਸੂਤਰੀ ਮੰਗ ਚਾਰਟਰ ਦੇ ਹੱਲ ਲਈ ਲਗਾਏ ਗਏ। ਧਰਨਿਆਂ ਦੌਰਾਨ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਬਰਬਾਦ ਹੋਈਆਂ ਫ਼ਸਲਾਂ ਦਾ 50000/- ਰੁਪਏ ਮੁਆਵਜ਼ਾ ਦੇਣ ਦੀ ਮੰਗ ਦੇ ਨਾਲ ਨਾਲ ਆੜਤੀਆਂ ਦੀਆਂ ਮੰਗਾਂ ਦਾ ਹੱਲ ਕਰਕੇ ਮੰਡੀਆਂ ਵਿੱਚ ਕਣਕ ਦੀ ਨਿਰਵਿਘਨ ਖ੍ਰੀਦ ਪ੍ਰਕਿਰਿਆਂ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਭਾਰੀ ਗਈ।
ਧਰਨਿਆਂ ਵਿੱਚ ਜੁੜੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਹਰੀਨੌ ਪਿੰਡ ਦੇ ਦੋ ਸਕੇ ਭਰਾਵਾਂ ਦੀ ਹਿਰਦੇਵੇਦਕ ਖੁਦਕੁਸ਼ੀ ਦੀ ਘਟਨਾ ਕੋਈ ਇਕੱਲੀ ਇਕਹਰੀ ਘਟਨਾ ਨਹੀਂ ਇਹ ਮੌਜੂਦਾ ਖੇਤੀ ਸੰਕਟ ਦੀ ਗੰਭੀਰਤਾ ਦਾ ਅਹਿਸਾਸ ਕਰਵਾਉਂਦੀ ਹੈ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਲਵਾਰਸ ਛੱਡ ਦਿੱਤਾ ਹੈ। ਉਨ੍ਹਾਂ ਖੇਤੀ ਸੰਕਟ ਦੇ ਹੱਲ ਲਈ ਬਹੁਪੱਖੀ ਕਦਮ ਚੁੱਕਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਕੇ ਫੌਰੀ ਰਾਹਤ ਦਿੱਤੀ ਜਾਵੇ ਅਤੇ ਸੂਬੇ ਵਿੱਚ ਕਿਸਾਨਾਂ ਲਈ ਲਾਭਕਾਰੀ, ਹੰਢਣਸਾਰ ਅਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਾਗੂ ਕੀਤੀ ਜਾਣੀ ਚਾਹੀਦੀ ਹੈ। ਆਲੂ ਅਤੇ ਮਟਰ ਦੇ ਕਾਸ਼ਤਕਾਰਾਂ ਦੀ ਹੋਈ ਦੁਰਦਸ਼ਾ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਦੱਸਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ ਲਾਭਕਾਰੀ ਕੀਮਤ ਦੇਣ ਲਈ ਸੀ2+50% ਫਾਰਮੂਲੇ ਅਨੁਸਾਰ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਲੋੜ ਤੇ ਜੋਰ ਦਿੱਤਾ ਗਿਆ।ਬੁਲਾਰਿਆਂ ਨੇ ਪੰਜਾਬ ਦੇ ਪਾਣੀਆਂ ਦੀ ਸਥਿਤੀ 'ਤੇ ਕੇਂਦਰੀ ਗਰਾਊਂਡ ਵਾਟਰ ਕਮਿਸ਼ਨ ਅਤੇ ਸੰਸਦ ਵਿੱਚ ਪੇਸ਼ ਰਿਪੋਰਟਾਂ ਦੇ ਹਵਾਲੇ ਨਾਲ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬੇ ਵਿੱਚ ਪਾਣੀ ਦਾ ਸੰਕਟ ਦਿਨੋਦਿਨ ਗੰਭੀਰ ਹੋ ਰਿਹਾ।ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ। ਐਸਕੇਐਮ ਲੰਬੇ ਸਮੇਂ ਤੋਂ ਮੰਗ ਕਰਦਾ ਆ ਰਿਹਾ ਕਿ ਹਰ ਖੇਤ ਨੂੰ ਨਹਿਰੀ ਪਾਣੀ ਤੇ ਪੀਣ ਵਾਸਤੇ ਸਾਫ ਨਹਿਰੀ ਪਾਣੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ 70% ਨਹਿਰੀ ਪਾਣੀ ਦੀ ਸਪਲਾਈ ਦੇਣ ਦਾ ਦਾਅਵਾ ਹਕੀਕਤ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਲੈਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੇਰੀਅਨ-ਬੇਸਨ ਸਿਧਾਂਤ ਅਨੁਸਾਰ ਹੱਲ ਕਰਨ, ਪੰਜਾਬ ਪੁਨਰਗਠਨ ਐਕਟ ਦੀਆਂ ਵਿਤਕਰੇ ਪੂਰਨ ਧਰਾਵਾਂ 78,79 ਅਤੇ 80 ਨੂੰ ਰੱਦ ਕਰਨ ਅਤੇ ਸੂਬੇ ਨਾਲ ਹੋਏ ਸਾਰੇ ਗੈਰ ਸੰਵਿਧਾਨਕ ਅਤੇ ਵਿਤਕਰੇਪੂਰਨ ਕਾਨੂੰਨੀ ਸਮਝੌਤੇ ਤੇ ਅਵਾਰਡ ਰੱਦ ਕਰਨ ਦੀ ਮੰਗ ਕਰਦਾ ਹੈ।
ਬੁਲਾਰਿਆਂ ਨੇ ਅਮਰੀਕਾ ਦੇ ਦਬਾਅ ਹੇਠ ਕੀਤੇ ਜਾ ਰਹੇ ਪ੍ਰਸਪਰ ਕਰ ਮੁਕਤ ਵਪਾਰ ਸਮਝੌਤੇ ਨੂੰ ਦੇਸ਼ ਅਤੇ ਲੋਕ ਵਿਰੋਧੀ ਸਮਝੌਤਾ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੁਣੇ ਹੁਣੇ ਭਾਰਤ ਆਏ ਅਮਰੀਕਨ ਵਫ਼ਦ ਵਲੋਂ ਦਾਲਾਂ ਸਮੇਤ ਮੋਟੇ ਅਨਾਜ ਉਪਰ ਜ਼ੀਰੋ ਟੈਰਿਫ ਕਰਨ ਲਈ ਦਬਾਅ ਪਾਇਆ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਇਹ ਬਰਾਬਰੀ ਦੇ ਅਧਾਰ ਦੀ ਥਾਂ ਤੇ ਥੋਪਿਆ ਜਾ ਰਿਹਾ ਸਮਝੌਤਾ ਹੈ ਜੋਕਿ ਖੇਤੀ ਅਤੇ ਕਿਸਾਨਾਂ ਨੂੰ ਤਬਾਹ ਕਰ ਦੇਵੇਗਾ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵਲੋਂ ਇਰਾਨ ਉੱਤੇ ਠੋਸੀ ਜੰਗ ਦੇ ਚੱਲਦਿਆਂ ਭਵਿੱਖ ਵਿੱਚ ਖਾਦ ਅਤੇ ਤੇਲ ਦੇ ਸੰਕਟ ਕਾਰਨ ਪੈਦਾ ਹੋਣ ਵਾਲੇ ਹਾਲਤਾਂ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਬਿਜਲੀ ਅਤੇ ਬੀਜ ਬਿੱਲ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਦੀ ਚਿਤਾਵਨੀ ਦਿੰਦਿਆਂ ਬੁਲਾਰਿਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਨਤਕ ਲਾਮਬੰਦੀ ਦੀ ਮੁਹਿੰਮ ਨੂੰ ਜਾਰੀ ਰੱਖਣ।
ਅੱਜ ਦੇ ਧਰਨਿਆਂ ਨੂੰ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ,ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜਗਿੱਲ, ਬਲਦੇਵ ਸਿੰਘ ਨਿਹਾਲਗੜ੍ਹ, ਮਨਜੀਤ ਸਿੰਘ ਧਨੇਰ, ਹਰਮੀਤ ਸਿੰਘ ਕਾਦੀਆਂ,ਰੁਲਦੂ ਸਿੰਘ ਮਾਨਸਾ ਜਸਕਰਨ ਸਿੰਘ ਗੋਲੇਵਾਲਾ,ਡਾ ਸਤਨਾਮ ਅਜਨਾਲਾ,ਫੁਰਮਾਨ ਸਿੰਘ ਸੰਧੂ, ਅਵਤਾਰ ਮਹਿਮਾ, ਬਲਵਿੰਦਰ ਸਿੰਘ ਰਾਜੂਔਲਖ, ਪ੍ਰੇਮ ਸਿੰਘ ਭੰਗੂ,ਨਛੱਤਰ ਸਿੰਘ ਜੈਤੋ, ਬਲਜੀਤ ਸਿੰਘ ਗਰੇਵਾਲ,ਹਰਬੰਸ ਸਿੰਘ ਸੰਘਾ, ਜੰਗਵੀਰ ਸਿੰਘ ਚੌਹਾਨ, ਮਲੂਕ ਸਿੰਘ ਹੀਰਕੇ, ਹਰਜਿੰਦਰ ਸਿੰਘ ਟਾਂਡਾ,ਹਰਦੇਵ ਸਿੰਘ ਸੰਧੂ, ਬਲਵਿੰਦਰ ਸਿੰਘ ਮੱਲੀਨੰਗਲ, ਕੰਵਲਜੀਤ ਸਿੰਘ ਪੰਨੂ,ਬੋਘ ਸਿੰਘ ਮਾਨਸਾ,ਸੁਖਦੇਵ ਸਿੰਘ ਅਰਾਈਆਂਵਾਲਾ, ਹਰਭਜਨ ਸਿੰਘ ਬੁੱਟਰ ਅਤੇ ਕਿਰਨਜੀਤ ਸਿੰਘ ਸੇਖੋਂ ਆਦਿ ਨੇ ਸੰਬੋਧਨ ਕੀਤਾ।

Comments
Post a Comment