ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਐਮ-ਸਟਾਰ ਐਪ ਰਾਹੀਂ ਹਾਜ਼ਰੀ ਦਾ ਸਖ਼ਤ ਵਿਰੋਧ
ਮ੍ਰਿਤਕ ਅਧਿਆਪਕਾ ਲਈ 1 ਕਰੋੜ ਮੁਆਵਜ਼ੇ ਅਤੇ ਜ਼ਖਮੀ ਦੇ ਮੁਫ਼ਤ ਇਲਾਜ ਦੀ ਮੰਗ
ਐਸ.ਏ.ਐਸ.ਨਗਰ 15 ਅਪ੍ਰੈਲ ( ਰਣਜੀਤ ਧਾਲੀਵਾਲ ) : ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ , ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲ਼ਾਂ , ਪ੍ਰੈਸ ਸਕੱਤਰ ਬਲਜੀਤ ਚੁੰਬਰ ਸਹਾਇਕ ਪ੍ਰੈਸ ਸਕੱਤਰ ਰਾਜੇਸ਼ ਜੋਸ਼ੀ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਐਮ-ਸਟਾਰ ਐਪ ਰਾਹੀਂ ਅਧਿਆਪਕਾਂ ਦੀ ਹਾਜ਼ਰੀ ਲਗਾਉਣ ਦਾ ਫੈਸਲਾ ਸੰਵਿਧਾਨ ਦੀ ਧਾਰਾ ਤਹਿਤ ਮਿਲੇ ਨਿਜਤਾ ਦੇ ਅਧਿਕਾਰ ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਐਪ ਰਾਹੀਂ ਲੋਕੇਸ਼ਨ ਟਰੇਸ ਕਰਨਾ ਅਧਿਆਪਕਾਂ ਦੀ ਨਿੱਜੀ ਆਜ਼ਾਦੀ 'ਤੇ ਹਮਲਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਆਪਣੀ ਡਿਊਟੀ ਬੜੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ, ਪ੍ਰੰਤੂ ਵਿਭਾਗ ਉਨ੍ਹਾਂ 'ਤੇ ਇਤਬਾਰ ਕਰਨ ਦੀ ਬਜਾਏ ਅਜਿਹੇ ਗੁੰਝਲਦਾਰ ਤਰੀਕੇ ਥੋਪ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਪ੍ਰਿੰਸੀਪਲ, ਹੈੱਡਮਾਸਟਰ ਅਤੇ ਬੀ.ਪੀ.ਈ.ਓਜ਼ (BPEOs) ਦੀਆਂ ਪੋਸਟਾਂ ਖਾਲੀ ਹਨ, ਜਿਸ ਕਾਰਨ ਪ੍ਰਬੰਧਕੀ ਢਾਂਚਾ ਪਹਿਲਾਂ ਹੀ ਪ੍ਰਭਾਵਿਤ ਹੈ।ਆਗੂਆਂ ਨੇ ਕਿਹਾ ਜਿਹੜੇ ਕੰਪਿਊਟਰ ਅਧਿਆਪਕ ਡੈਪੂਟੇਸ਼ਨ 'ਤੇ ਇੱਕ ਤੋਂ ਦੂਸਰੇ ਸਕੂਲ ਵਿੱਚ ਜਾਂਦੇ ਹਨ, ਉਨ੍ਹਾਂ ਦੀ ਹਾਜ਼ਰੀ ਲਗਾਉਣ ਦਾ ਇਸ ਐਪ ਵਿੱਚ ਕੋਈ ਸਪੱਸ਼ਟ ਪ੍ਰਬੰਧ ਨਹੀਂ ਹੈ।ਇਸੇ ਤਰ੍ਹਾਂ ਬੀ.ਐਲ.ਓ. (BLO), ਜਨਗਣਨਾ (Census) ਅਤੇ ਹੋਰ ਬਾਹਰੀ ਡਿਊਟੀਆਂ 'ਤੇ ਤਾਇਨਾਤ ਅਧਿਆਪਕ ਆਪਣੀ ਹਾਜ਼ਰੀ ਕਿਵੇਂ ਲਗਾਉਣਗੇ, ਇਸ ਬਾਰੇ ਵੀ ਵਿਭਾਗ ਕੋਲ ਕੋਈ ਜਵਾਬ ਨਹੀਂ ਹੈ।ਅਜਿਹੀਆਂ ਖਾਮੀਆਂ ਕਾਰਨ ਅਧਿਆਪਕ ਭਾਰੀ ਮਾਨਸਿਕ ਪਰੇਸ਼ਾਨੀ ਅਤੇ ਉਲਝਣਾਂ ਵਿੱਚੋਂ ਗੁਜ਼ਰ ਰਹੇ ਹਨ।ਯੂਨੀਅਨ ਨੇ ਅੱਜ ਵਾਪਰੇ ਦਰਦਨਾਕ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਸ ਵਿੱਚ ਇੱਕ ਅਧਿਆਪਕਾ ਦੀ ਮੌਤ ਹੋ ਗਈ ਅਤੇ ਅਧਿਆਪਕ ਆਗੂ ਦੀਪਕ ਕੰਬੋਜ ਗੰਭੀਰ ਜ਼ਖਮੀ ਹੋਏ ਹਨ।
ਗੌਰਮਿੰਟ ਟੀਚਰਜ਼ ਯੂਨੀਅਨ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੀ ਹੈ ਕਿ: ਮ੍ਰਿਤਕ ਅਧਿਆਪਕਾ ਦੇ ਪਰਿਵਾਰ ਨੂੰ ਤੁਰੰਤ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਜ਼ਖਮੀ ਅਧਿਆਪਕ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇ।ਆਗੂਆਂ ਨੇ ਅਖੀਰ ਵਿੱਚ ਕਿਹਾ ਕਿ ਅਧਿਆਪਕਾਂ ਕੋਲ ਪਹਿਲਾਂ ਹੀ ਗੈਰ-ਵਿਦਿਅਕ ਕੰਮਾਂ ਦਾ ਬਹੁਤ ਜ਼ਿਆਦਾ ਬੋਝ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਕਨੀਕੀ ਅੜਿੱਕੇ ਪਾਉਣ ਦੀ ਬਜਾਏ ਸਕੂਲ ਮੁਖੀਆਂ ਅਤੇ ਅਧਿਕਾਰੀਆਂ 'ਤੇ ਵਿਸ਼ਵਾਸ ਕਰੇ। ਜੇਕਰ ਐਮ-ਸਟਾਰ ਰਾਹੀਂ ਹਾਜ਼ਰੀ ਦਾ ਇਹ ਫੈਸਲਾ ਵਾਪਸ ਨਾ ਲਿਆ ਗਿਆ, ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।

Comments
Post a Comment