ਸਿਰਫ਼ 7 ਸੰਸਦ ਮੈਂਬਰ ਨਹੀਂ, ਸਗੋਂ 50 ਵਿਧਾਇਕ ਵੀ ਆਪ ਨੂੰ ਛੱਡ ਸਕਦੇ ਹਨ : ਵੜਿੰਗ
ਕਿਹਾ: ਜਦੋਂ ਪੈਸਾ ਵਿਚਾਰਧਾਰਾ ’ਤੇ ਹਾਵੀ ਹੋ ਜਾਵੇ, ਤਾਂ ਇਹੀ ਹੁੰਦਾ ਹੈ
ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਕਾਂਗਰਸ ਦੇ ਵਿਚਾਰਧਾਰਾ ਵਾਲੇ ਉਮੀਦਵਾਰਾਂ ਦਾ ਜ਼ਿਕਰ ਕੀਤਾ
ਭਾਜਪਾ ਨੂੰ ਕਿਹਾ, ਅਜਿਹੇ ਲੋਕਾਂ ਦਾ ਜਸ਼ਨ ਨਾ ਮਨਾਏ, ਕਿਉਂਕਿ ਪੰਜਾਬ ਵਿੱਚ ਇਨ੍ਹਾਂ ਦੀ ਕੋਈ ਅਹਿਮਅਤ
ਚੰਡੀਗੜ੍ਹ 24 ਅਪ੍ਰੈਲ ( ਰਣਜੀਤ ਸਿੰਘ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਦਾ ਭਾਜਪਾ ਵਿੱਚ ਜਾਣਾ ਪੰਜਾਬ ਵਿੱਚ ਕਿਸੇ ਲਈ ਵੀ ਕੋਈ ਵੱਡਾ ਫਰਕ ਨਹੀਂ ਪਾਏਗਾ, ਕਿਉਂਕਿ ਇਹ ਸਾਰੇ ਸੰਸਦ ਮੈਂਬਰ ਬਿਨਾਂ ਜੜਾਂ ਵਾਲੇ ਹਨ ਅਤੇ ਇਨ੍ਹਾਂ ਦਾ ਸੂਬੇ ਵਿੱਚ ਕੋਈ ਮਜ਼ਬੂਤ ਅਧਾਰ ਨਹੀਂ ਹੈ।
ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਆਪ ਕੋਲ ਕੋਈ ਪੱਕੀ ਵਿਚਾਰਧਾਰਾ ਨਹੀਂ ਹੈ ਅਤੇ ਇਸਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਵਿੱਚ ਵੀ ਕੋਈ ਵਿਚਾਰਧਾਰਕ ਵਚਨਬੱਧਤਾ ਨਹੀਂ ਹੈ। ਇਸ ਲਈ ਅੱਜ ਇਨ੍ਹਾਂ ਦਾ ਭਾਜਪਾ ਵਿੱਚ ਜਾਣਾ ਹੈਰਾਨੀ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਸਿਰਫ਼ 7 ਸੰਸਦ ਮੈਂਬਰ ਹਨ, ਕੱਲ੍ਹ ਨੂੰ 50 ਵਿਧਾਇਕ ਵੀ ਆਪ ਛੱਡ ਸਕਦੇ ਹਨ। ਆਪ ਨੇ ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਕਿਵੇਂ ਵੰਡੀਆਂ ਹਨ, ਇਹ ਸਭ ਨੂੰ ਪਤਾ ਹੈ।
ਉਨ੍ਹਾਂ ਨੇ ਰਾਜ ਸਭਾ ਮੈਂਬਰਾਂ ਬਾਰੇ ਵਿਸ਼ੇਸ਼ ਤੌਰ ’ਤੇ ਗੱਲ ਕਰਦੇ ਹੋਏ, ਕਿਹਾ ਕਿ ਇਹ ਟਿਕਟਾਂ ਵੱਡੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਨੇ ਆਪ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕੀਤੀ ਸੀ। ਅੱਜ ਜਦੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ, ਤਾਂ ਆਪ ਨੂੰ ਹੈਰਾਨ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਕਦੇ ਵੀ ਆਪ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨਹੀਂ ਸਨ ਅਤੇ ਸਿਰਫ਼ ਆਪਣੇ ਕਾਰੋਬਾਰੀ ਹਿਤਾਂ ਲਈ ਪਾਰਟੀ ਵਿੱਚ ਆਏ ਸਨ।
ਇਸ ਸਬੰਧ ਵਿੱ, ਅਸ਼ੋਕ ਮਿੱਤਲ ਦਾ ਹਵਾਲਾ ਦਿੰਦਿਆਂ, ਜਿਨ੍ਹਾਂ ਉੱਪਰ ਹਾਲ ਹੀ ਵਿੱਚ ਈਡੀ ਦੀਆਂ ਛਾਪੇਮਾਰੀਆਂ ਹੋਈਆਂ ਸਨ, ਵੜਿੰਗ ਨੇ ਕਿਹਾ ਕਿ ਅੱਜ-ਕੱਲ੍ਹ ਇਹ ਆਮ ਗੱਲ ਬਣ ਗਈ ਹੈ ਕਿ ਲੋਕ ਜਾਂਚ ਤੋਂ ਬਚਣ ਲਈ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕਿਵੇਂ ਵੱਡੇ ਕਾਰੋਬਾਰੀ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਨੂੰ ਆਪ ਵੱਲੋਂ ਰਾਜ ਸਭਾ ਲਈ ਭੇਜਿਆ ਗਿਆ, ਜਦਕਿ ਪਾਰਟੀ ਦੇ ਵਰਕਰਾਂ ਅਤੇ ਵਲੰਟੀਅਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਕਾਂਗਰਸ ਅਤੇ ਆਪ ਦੀ ਤੁਲਨਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਜਿੱਥੇ ਆਪ ਨੇ ਪੈਸੇ ਵਾਲਿਆਂ ਨੂੰ ਤਰਜੀਹ ਦਿੱਤੀ, ਜਿਹੜੇ ਆਖਿਰਕਾਰ ਉਸਨੂੰ ਛੱਡ ਗਏ, ਉੱਥੇ ਹੀ ਕਾਂਗਰਸ ਨੇ ਹਮੇਸ਼ਾਂ ਤੋਂ ਪਾਰਟੀ ਦੇ ਵਰਕਰਾਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਹਾਲ ਹੀ ਵਿੱਚ ਕੀਤੀਆਂ ਨਾਮਜ਼ਦਗੀਆਂ ਦਾ ਜ਼ਿਕਰ ਕੀਤਾ, ਜਿੱਥੇ ਹਿਮਾਚਲ ਵਿੱਚ ਪਾਰਟੀ ਨੇ ਇੱਕ ਜ਼ਿਲ੍ਹਾ ਪ੍ਰਧਾਨ ਨੂੰ ਅਤੇ ਹਰਿਆਣਾ ਵਿੱਚ ਇੱਕ ਟਰੇਡ ਯੂਨੀਅਨ ਆਗੂ ਨੂੰ ਟਿਕਟ ਦੇ ਕੇ ਜਿਤਾਇਆ ਸੀ। ਉਨ੍ਹਾਂ ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਜਨਰਲ ਸਕੱਤਰ ਭੂਪੇਸ਼ ਬਘੇਲ ਦਾ ਵੀ ਜ਼ਿਕਰ ਕੀਤਾ ਕਿ ਕਿਵੇਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਡਰਾਇਆ ਗਿਆ, ਇੱਥੋਂ ਤੱਕ ਕਿ ਉਨ੍ਹਾਂ ਦੇ ਬੇਟੇ ਨੂੰ ਜੇਲ੍ਹ ਭੇਜਿਆ ਗਿਆ ਅਤੇ ਫਿਰ ਵੀ ਉਹ ਕਾਂਗਰਸ ਦੀ ਵਿਚਾਰਧਾਰਾ ਨਾਲ ਡਟੇ ਰਹੇ।

Comments
Post a Comment