ਸਿੱਖਿਆ ਮੰਤਰੀ ਦੇ ਹਲਕੇ ਵਿੱਚ ਰੋਸ ਪ੍ਰਦਰਸ਼ਨ ਲਈ ਭਾਰੀ ਉਤਸ਼ਾਹ
ਕੁਰਾਲੀ 5 ਮਈ ( ਪੀ ਡੀ ਐਲ ) : ਅੱਜ ਜਿਥੇ ਪੰਜਾਬ ਦੀ ਆਮ ਪਾਰਟੀ ਸਰਕਾਰ ਤੋਂ ਸਮਾਜ ਦੇ ਹਰ ਇੱਕ ਵਰਗ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਸਰਕਾਰ ਦੇ ਝੂਠੇ ਲਾਰੇ ਲੱਪੇ ਵਿੱਚ ਆਉਣ ਦੀ ਬਜਾਏ ਸਰਕਾਰ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰ ਰਿਹਾ ਹੈ ਠੀਕ ਉਸੇ ਹੀ ਸੇਧ ਵਿੱਚ ਪੰਜਾਬ ਦੇ ਸਕੂਲਾਂ ਵਿੱਚ ਛੋਟੇ ਛੋਟੇ ਮਸੂਮ ਬੱਚਿਆਂ ਲਈ ਖਾਣਾ ਤਿਆਰ ਕਰਨ ਵਾਲੀਆਂ ਮਿੱਡ ਡੇ ਮੀਲ ਭੈਣਾਂ ਨੇ ਮਿੱਤੀ 9/5/2026 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਆਨੰਦਪੁਰ ਸਾਹਿਬ ਅੰਦਰ ਪੂਰੇ ਪੰਜਾਬ ਤੋਂ ਬੀਬੀਆਂ ਨੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਇਥੇ ਮੀਟਿੰਗ ਉਪਰੰਤ ਸੂਬਾ ਆਗੂ ਕੁਲਵਿੰਦਰ ਕੌਰ ਅੰਧਹੇੜੀ ਨੇ ਦਿੱਤੀ।
ਇਥੇ ਇਹ ਦੱਸਣਯੋਗ ਹੈ ਕਿ ਗਰਮੀ,ਸਰਦੀ ਅਤੇ ਬਰਸਾਤ ਦੇ ਦਿਨਾਂ ਵਿੱਚ ਸਵੇਰ ਤੋਂ ਲੈਕੇ ਸਖ਼ਤ ਮਿਹਨਤ ਨਾਲ ਬੱਚਿਆਂ ਲਈ ਖਾਣਾ ਤਿਆਰ ਕਰਨ ਵਾਲੀਆਂ ਇੰਨਾ ਬੀਬੀਆਂ ਨੂੰ ਤਨਖਾਹ ਦੇ ਨਾਂ ਤੇ ਸਿਰਫ਼ ਇੱਕ ਸੌ ਰੁਪਏ ਰੋਜ਼ਾਨਾ ਹੀ ਦਿੱਤਾ ਜਾਂਦਾ ਹੈ ਜਾਨਿ ਕਿ ਮਹੀਨੇ ਦਾ ਤਿੰਨ ਹਜ਼ਾਰ ਰੁਪਏ ਮਾਣਭੱਤਾ।ਜੋ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਇੱਕ ਮਜ਼ਾਕ ਤੋਂ ਵੱਧ ਨਹੀਂ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਥੇ ਹੋਰਨਾਂ ਵਰਗਾਂ ਨਾਲ ਢੇਰ ਸਾਰੇ ਵਾਅਦੇ ਕੀਤੇ ਸਨ ਉਥੇ ਹੀ ਮਿੱਡ ਡੇ ਮੀਲ ਭੈਣਾਂ ਦਾ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਇਸ ਸਰਕਾਰ ਵਲੋਂ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਮਿੱਡ ਡੇ ਮੀਲ ਵਰਕਰਜ ਦੇ ਮਾਣਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
ਜਿਸ ਕਾਰਨ ਮਿੱਡ ਡੇ ਮੀਲ ਵਰਕਰਜ ਯੂਨੀਅਨ ਨੇ ਸੂਬਾ ਪ੍ਰਧਾਨ ਭੈਣ ਬਿਮਲਾ ਰਾਣੀ ਦੀ ਅਗਵਾਈ ਹੇਠ ਇਸ ਸਰਕਾਰ ਦੇ ਚਿਹਰੇ ਤੋਂ ਨਕਾਬ ਲਾਹੁਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਸਲੀਅਤ ਲੋਕਾਂ ਦੇ ਸਾਹਮਣੇ ਲਿਆਦੀ ਜਾ ਸਕੇ।ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਮੁੱਖ ਦਫਤਰ 1406/22-ਬੀ, ਚੰਡੀਗੜ੍ਹ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਪੰਜਾਬ ਸਰਕਾਰ ਤੋਂ ਮਾਣ ਭੱਤਾ ਵਰਕਰਾਂ ਦੇ ਭੱਤੇ ਨੂੰ ਦੁੱਗਣਾ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਮਨਜੀਤ ਕੌਰ ਝੰਡੇ ਮਾਜਰਾ, ਸਰਬਜੀਤ ਕੌਰ ਰੋੜਾ, ਬਿੰਦਰ ਝੰਜੇੜੀ, ਜਸਵਿੰਦਰ ਕੌਰ ਹੁਸ਼ਿਆਰਪੁਰ ਫੈਡਰੇਸ਼ਨ ਆਗੂ ਗੁਰਬਿੰਦਰ ਸਿੰਘ ਚੰਡੀਗੜ੍ਹ, ਅਜਮੇਰ ਸਿੰਘ ਲੌਂਗੀਆ ਅਮਨਦੀਪ ਛੱਤ ਬੀੜ ਤੇ ਜ਼ਿਲਾ ਪ੍ਰਧਾਨ ਸੁਲੱਖਣ ਸਿੰਘ ਸੀਸਵਾ ਹਾਜ਼ਰ ਸਨ।

Comments
Post a Comment