ਚੋਣ ਕਮਿਸ਼ਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪਾ, ਭਗਵੰਤ ਮਾਨ ਨੇ ਦਿੱਤਾ ਬਿਆਨ
ਚੰਡੀਗੜ੍ਹ 30 ਜਨਵਰੀ ( ਰਣਜੀਤ ਧਾਲੀਵਾਲ ) : ਚੋਣ ਕਮਿਸ਼ਨ ਨੇ ਅੱਜ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ‘ਤੇ ਛਾਪਾ ਮਾਰਿਆ। ਕਮਿਸ਼ਨ ਦੀ ਟੀਮ ਤਲਾਸ਼ੀ ਲਈ ਕਪੂਰਥਲਾ ਹਾਊਸ ਪਹੁੰਚ ਗਈ ਹੈ। ਇਸ ਕਾਰਵਾਈ ‘ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਟਵਿੱਟਰ ‘ਤੇ ਲਿਖਿਆ ਕਿ ਦਿੱਲੀ ਪੁਲਿਸ ਭਗਵੰਤ ਮਾਨ ਦੇ ਦਿੱਲੀ ਵਾਲੇ ਘਰ ‘ਤੇ ਛਾਪਾ ਮਾਰਨ ਪਹੁੰਚ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਵਾਲੇ ਦਿਨ ਦਿਹਾੜੇ ਪੈਸੇ, ਜੁੱਤੀਆਂ, ਚਾਦਰਾਂ ਵੰਡ ਰਹੇ ਹਨ, ਇਹ ਦਿਖਾਈ ਨਹੀਂ ਦੇ ਰਹੇ। ਸਗੋਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਦੇ ਘਰ ਛਾਪਾ ਮਾਰਨ ਪਹੁੰਚ ਜਾਂਦੇ ਹਨ। ਵਾਹ ਭਾਜਪਾ! 5 ਨੂੰ ਦਿੱਲੀ ਵਾਲੇ ਜਵਾਬ ਦੇਣਗੇ।ਉਥੇ ਹੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਦਿੱਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪਾ ਮਾਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ ‘ਚ ਬੀਜੇਪੀ ਵਾਲੇ ਸ਼ਰ੍ਹੇਆਮ ਪੈਸੇ ਵੰਡ ਰਹੇ ਨੇ ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁੱਝ ਵੀ ਨਹੀਂ ਦਿਖ ਰਿਹਾ। ਇਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਬੀਜੇਪੀ ਦੇ ਇਸ਼ਾਰੇ ‘ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਹੈ।‘
Comments
Post a Comment