ਭਾਰਤ-ਅਮਰੀਕਾ ਸਮਝੌਤਾ ਦੇਸ਼ ਨੂੰ ਤਬਾਹੀ ਵੱਲ ਤੋਰਨ ਦਾ ਮੁੱਢ ਬੰਨ੍ਹਦੈ : ਕਾਮਰੇਡ ਸੇਖੋਂ
ਪ੍ਰਧਾਨ ਮੰਤਰੀ ਸੰਸਦ 'ਚ ਹਾਜ਼ਰ ਹੋ ਕੇ ਸਮਝੌਤੇ ਦੇ ਲਾਭ ਬਾਰੇ ਸਪੱਸ਼ਟ ਕਰਨ
ਚੰਡੀਗੜ੍ਹ/ਬਠਿੰਡਾ 10 ਫਰਵਰੀ ( ਰਣਜੀਤ ਧਾਲੀਵਾਲ ) : ਭਾਰਤ ਤੇ ਅਮਰੀਕਾ ਸਮਝੌਤਾ ਦੇਸ਼ ਦੀ ਆਰਥਿਕ ਵਿਵਸਥਾ ਨੂੰ ਧੱਕ ਕੇ ਤਬਾਹੀ ਵੱਲ ਤੋਰਨ ਦਾ ਮੁੱਢ ਬੰਨ੍ਹਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀਪੀਆਈ(ਐਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਵਿੱਚੋਂ ਗ਼ੈਰਹਾਜ਼ਰ ਰਹਿਣ ਦੀ ਬਜਾਏ ਸੰਸਦ ਵਿੱਚ ਇਸ ਸਮਝੌਤੇ ਦੇ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਸ ਦਾ ਕੀ ਲਾਭ ਹੋਵੇਗਾ?
ਕਾਮਰੇਡ ਸੇਖੋਂ ਨੇ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਸਾਮਰਾਜੀ ਤਾਕਤਾਂ ਮੂਹਰੇ ਗੋਡੇ ਟੇਕ ਕੇ ਦੇਸ਼ ਨੂੰ ਗ਼ੁਲਾਮੀ ਵੱਲ ਧੱਕਣ ਵਾਲਾ ਹੈ, ਕਿਉਂਕਿ ਇਸ ਦਾ ਦੇਸ਼ ਦੀ ਅਰਥਵਿਵਸਥਾ 'ਤੇ ਸਿੱਧਾ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਅਮਰੀਕਾ, ਭਾਰਤ ਤੋਂ ਆਯਾਤ ਕੀਤੇ ਸਾਮਾਨ 'ਤੇ ਅਠਾਰਾਂ ਫੀਸਦੀ ਟੈਰਿਫ ਲਾਵੇਗਾ, ਜਦ ਕਿ ਭਾਰਤ, ਅਮਰੀਕਾ ਤੋਂ ਆਯਾਤ ਹੋਣ ਵਾਲੇ ਸਾਮਾਨ 'ਤੇ ਜ਼ੀਰੋ ਟੈਰਿਫ ਦੀ ਸ਼ਰਤ ਦਾ ਪਾਬੰਦ ਹੋਵੇਗਾ। ਇਸ ਦਾ ਸਿੱਧਾ ਅਰਥ ਹੈ ਕਿ ਇਸ ਸਮਝੌਤੇ ਦਾ ਅਮਰੀਕੀ ਉਦਯੋਗਪਤੀਆਂ ਨੂੰ ਫਾਇਦਾ ਹੋਵੇਗਾ ਅਤੇ ਭਾਰਤ ਦੀ ਅਰਥਵਿਵਸਥਾ 'ਤੇ ਸੱਟ ਵੱਜੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕੇਂਦਰ ਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸਮੇਂ ਵੀ ਅਜਿਹੇ ਸਮਝੌਤੇ ਲਈ ਯਤਨ ਅਰੰਭੇ ਸਨ ਪਰ ਉਨ੍ਹਾਂ ਸਪੱਸ਼ਟ ਇਨਕਾਰ ਕਰ ਦਿੱਤਾ ਸੀ। ਹੁਣ ਮੋਦੀ ਸਰਕਾਰ ਨੇ ਦੇਸ਼ ਨਾਲੋਂ ਸਾਮਰਾਜੀ ਅਮਰੀਕਾ ਦੇ ਹਿੱਤਾਂ ਨੂੰ ਵਧੇਰੇ ਤਰਜ਼ੀਹ ਦਿੰਦਿਆਂ ਇਸ ਸਮਝੌਤੇ 'ਤੇ ਦਸਖ਼ਤ ਕਰ ਦਿੱਤੇ ਹਨ।
ਸੂਬਾ ਸਕੱਤਰ ਨੇ ਕਿਹਾ ਕਿ ਸਮਝੌਤੇ ਅਨੁਸਾਰ ਦੂਜੀ ਮੱਦ ਤੇਲ ਖ਼ਰੀਦ ਬਾਰੇ ਹੈ, ਜਿਸ ਤਹਿਤ ਭਾਰਤ ਰੂਸ ਜਾਂ ਈਰਾਨ ਤੋਂ ਤੇਲ ਨਹੀਂ ਖ਼ਰੀਦ ਸਕੇਗਾ, ਉਸ ਨੂੰ ਤੇਲ ਅਮਰੀਕਾ ਤੋਂ ਹੀ ਖ਼ਰੀਦਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦਾ ਸਿੱਧਾ ਅਸਰ ਦੇਸ਼ ਦੀ ਖੇਤੀ 'ਤੇ ਪਵੇਗਾ ਅਤੇ ਵੱਡਾ ਖੇਤੀ ਸੰਕਟ ਖੜ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਹਿਲਾਂ ਵੀ ਤਿੰਨ ਖੇਤੀ ਕਾਲੇ ਕਾਨੂੰਨ ਲਿਆ ਕੇ ਕਿਸਾਨੀ ਨੂੰ ਤਬਾਹ ਕਰਨ ਦੇ ਰਾਹ ਤੁਰੀ ਸੀ, ਜਿਸ ਨੂੰ ਦੇਸ਼ ਦੇ ਕਿਸਾਨਾਂ ਨੇ ਸੰਘਰਸ਼ ਨਾਲ ਬਚਾਅ ਲਿਆ ਸੀ। ਪਰ ਹੁਣ ਭਾਰਤ ਤੇ ਅਮਰੀਕੀ ਸਮਝੌਤੇ ਨਾਲ ਦੇਸ਼ ਦੀ ਕਿਸਾਨੀ ਨੂੰ ਖ਼ਤਮ ਕਰਨ ਦਾ ਰਾਹ ਫੜ ਲਿਆ ਗਿਆ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਸਮਝੌਤਾ ਸਾਮਰਾਜੀ ਤਾਕਤਾਂ ਮੂਹਰੇ ਝੁਕ ਕੇ ਦੇਸ਼ ਨੂੰ ਗ਼ੁਲਾਮੀ ਵੱਲ ਧੱਕਣ ਵਾਲਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿੱਚੋਂ ਗ਼ੈਰਹਾਜ਼ਰ ਰਹਿਣ ਦੀ ਬਜਾਏ ਲੋਕ ਸਭਾ ਵਿੱਚ ਹਾਜ਼ਰ ਹੋ ਕੇ ਇਹ ਸਪੱਸ਼ਟ ਕਰਨ ਕਿ ਇਸ ਸਮਝੌਤੇ ਦਾ ਦੇਸ਼ ਨੂੰ ਕੀ ਲਾਭ ਹੋਵੇਗਾ।

Comments
Post a Comment