4600 ਗ੍ਰੇਡ ਪੇਅ ਦੀ ਮੰਗ: ਰਾਜਿੰਦਰਾ ਹਸਪਤਾਲ ’ਚ ਨਰਸਾਂ ਦਾ ਅਨੋਖਾ ਪ੍ਰਦਰਸ਼ਨ, ਮੱਝ ਅੱਗੇ ਬਜਾਈ 'ਬੀਨ'
ਪਟਿਆਲਾ 02 ਅਪ੍ਰੈਲ ( ਪੀ ਡੀ ਐਲ ) : ਯੂਨਾਈਟਡ ਨਰਸਿਜ਼ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਸਟਾਫ ਨਰਸਿਜ਼ ਦੀ 4600 ਗ੍ਰੇਡ ਪੇਅ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ ਦੇ ਸੱਤਵੇ ਦਿਨ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨਰਸਿੰਗ ਸਟਾਫ ਵੱਲੋਂ ਮੱਝ ਦੇ ਬੁੱਤ ਅੱਗੇ ਬੀਨ ਵਜਾ ਕੇ ਰੋਸ਼ ਪ੍ਰਦਰਸ਼ਨ ਕਰਦਿਆ ਆਪਣਾ ਵਿਰੋਧ ਦਰਜ ਕਰਵਾਇਆ ਗਿਆ।
ਹਸਪਤਾਲ ਦੇ ਵੱਡੀ ਗਿਣਤੀ ’ਚ ਇਕੱਠੇ ਹੋਏ ਨਰਸਿੰਗ ਸਟਾਫ ਨੇ ਰੋਸ ਪ੍ਰਦਰਸ਼ਨ ਕਰਦਿਆਂ ਆਖਿਆ ਕਿ 4600 ਰੁਪਏ ਗ੍ਰੇਡ ਪੇਅ ਉਨ੍ਹਾਂ ਦੀ ਹੱਕੀ ਮੰਗ ਹੈ, ਜਿਸਨੂੰ ਪੰਜਾਬ ਸਰਕਾਰ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਹੈ ਤੇ ਕਈ ਵਾਰ ਮੀਟਿੰਗਾਂ ਕਰਕੇ ਵੀ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸਨੂੰ ਪੂਰਾ ਕਰਵਾਉਣ ਲਈ ਸੰਘਰਸ ਵਿੱਢਿਆ ਹੋਇਆ ਹੈ।
ਇਸ ਮੌਕੇ ਯੂਨੀਅਨ ਨੁਮਾਇੰਦਿਆਂ ਨੇ ਦੱਸਿਆ ਕਿ ਹੜਤਾਲ ਦੌਰਾਨ ਹਰ ਰੋਜ਼ ਵੱਖੋਂ ਵੱਖਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਤੱਕ ਉਨ੍ਹਾਂ ਦੀ ਗੱਲ ਪਹੁੰਚਾਈ ਜਾ ਸਕੇ। ਆਗੂਆਂ ਨੇ ਦੱਸਿਆ ਕਿ ਅੱਜ ਮੱਝ ਅੱਗੇ ਬੀਨ ਵਜਾ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ ਕੀਤੀ ਗਈ ਹੈ ਕਿ ਨਰਸਿੰਗ ਸਟਾਫ ਦੀ ਮੰਗ ਸਬੰਧੀ ਗੱਲ ਉਨ੍ਹਾਂ ਨੂੰ ਸੁਣਾਈ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਇਆ ਗਿਆ।

Comments
Post a Comment