29 ਮਈ ਦੀ ਜਲੰਧਰ ਰੈਲੀ ਦੀਆਂ ਤਿਆਰੀਆਂ ਜ਼ੋਰਾਂ ’ਤੇ: ਕਾਮਰੇਡ ਸੇਖੋਂ
ਪੰਜਾਬ ਦੇ ਜ਼ਿਲ੍ਹਾ ਸਕੱਤਰੇਤ ਮੈਂਬਰਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ 15 ਮਈ ( ਰਣਜੀਤ ਧਾਲੀਵਾਲ ) : ਪੰਜਾਬ ’ਚ ਹੋ ਰਹੀਆਂ ਨਗਰ ਨਿਗਮਾਂ , ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਜ਼ਿਲ੍ਹਾ ਸਕੱਤਰੇਤ ਮੈਂਬਰਾਂ ਨਾਲ ਆਨਲਾਈਨ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਸੂਬਾ ਸਕੱਤਰੇਤ ਮੈਂਬਰ ਸੁਖਪ੍ਰੀਤ ਸਿੰਘ ਜੌਹਲ ਨੇ ਕੀਤੀ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਚੋਣਾਂ ’ਚ ਸੀਪੀਆਈ (ਐਮ) ਉਨ੍ਹਾਂ ਉਮੀਦਵਾਰਾਂ ਦਾ ਸਮਰਥਨ ਕਰੇਗੀ ਜੋ ਸੂਬੇ ਦੇ ਵਿਕਾਸ ਮੁਖੀ, ਅਗਾਂਹਵਧੂ ਅਤੇ ਈਮਾਨਦਾਰੀ ਦੇ ਏਜੰਡੇ ਨੂੰ ਲੈ ਕੇ ਚੱਲਣਗੇ। ਇਨ੍ਹਾਂ ਚੋਣਾਂ ’ਚ ਸੀਪੀਆਈ (ਐਮ) ਖ਼ੁਦ ਅੱਠ ਵੱਖ-ਵੱਖ ਸੀਟਾਂ ਤੋਂ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਲ ਬਾਡੀ ਚੋਣਾਂ ’ਚ ਅਸੀਂ ਉਸ ਹਰੇਕ ਉਮੀਦਵਾਰ ਦਾ ਸਮਰਥਨ ਕਰਾਂਗੇ ਜੋ ਸਥਾਨਕ ਲੋਕਾਂ ਦੇ ਜਮਹੂਰੀ ਹੱਕਾਂ ਅਤੇ ਧਰਮ ਨਿਰਪੱਖਤਾ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਫ਼ਿਰਕਾਪ੍ਰਸਤਾਂ ਅਤੇ ਵੰਡਪਾਊ ਤਾਕਤਾਂ ਨੂੰ ਸੱਤਾ ’ਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੀਟ ਪ੍ਰੀਖਿਆਵਾਂ ਦੇ ਪੇਪਰਾਂ ਦੇ ਵਾਰ ਵਾਰ ਲੀਕ ਹੋਣ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰਾਂ ਨੌਜਵਾਨਾਂ ਦੇ ਭਵਿੱਖ ਲਈ ਬਿਲਕੁਲ ਵੀ ਸੰਜੀਦਾ ਨਜ਼ਰ ਨਹੀਂ ਆਉਂਦੀ, ਕਿਉਂਕਿ ਇਨ੍ਹਾਂ ਪੇਪਰਾਂ ਦੇ ਲੀਕ ਹੋਣ ਨਾਲ ਜਿੱਥੇ ਨੌਜਵਾਨਾਂ ਦਾ ਕੀਮਤੀ ਸਮਾਂ ਜ਼ਾਇਆ ਜਾਂਦਾ ਹੈ, ਉਸ ਦੇ ਨਾਲ ਹੀ ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ ਹੈ। ਇਸ ਲਈ ਇਨ੍ਹਾਂ ਪੇਪਰਾਂ ਦੇ ਲੀਕੇਜ਼ ਸੰਬੰਧੀ ਸਖ਼ਤ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਕਾਮਰੇਡ ਸੇਖੋਂ ਨੇ ਤੇਲ ਦੀਆਂ ਕੀਮਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਜਿਸ ਕਰਕੇ ਉਹ ਰੂਸ ਅਤੇ ਈਰਾਨ ਤੋਂ ਆ ਰਹੇ ਪੈਟਰੋਲੀਅਮ ਸੌਦਿਆਂ ਨੂੰ ਬੰਦ ਕਰਕੇ ਅਮਰੀਕਾ ਨਾਲ ਹੱਥ ਮਿਲਾ ਕੇ ਤੇਲ ਖ਼ਰੀਦ ਦੀ ਵਿਉਂਤਬੰਦੀ ਕਰ ਰਹੀ ਹੈ। ਜਿਸ ਨਾਲ ਭਾਰਤੀਆਂ ਨੂੰ ਪੈਟ?ਰੋਲੀਅਮ ਪਦਾਰਥ ਹੋਰ ਮਹਿੰਗੇ ਭਾਅ ’ਤੇ ਖ਼ਰੀਦਣੇ ਪੈਣਗੇ। ਕੇਂਦਰ ਸਰਕਾਰ ਦੀ ਇਹ ਲੋਕ ਮਾਰੂ ਨੀਤੀ ਨਿਖੇਧੀਯੋਗ ਹੈ। ਉਨ੍ਹਾਂ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨੂੰ ਭਾਰਤੀਆਂ ਲਈ ਨੁਕਸਾਨਦੇਹ ਦੱਸਿਆ, ਖ਼ਾਸ ਕਰਕੇ ਸੋਨੇ ਅਤੇ ਚਾਂਦੀ ਦੇ ਸੰਬੰਧ ’ਚ ਜੋ ਇਸ ਵਕਤ ਬਣਾਈ ਗਈ ਹੈ।
ਉਨ੍ਹਾਂ 29 ਮਈ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ’ਚ ਕੇਂਦਰੀ ਲੀਡਰਸ਼ਿਪ ਸ਼ਿਰਕਤ ਕਰੇਗੀ, ਜਿਸ ਨੂੰ ਲੈ ਕੇ ਪਾਰਟੀ ਵਰਕਰਾਂ ’ਚ ਪੂਰਾ ਜੋਸ਼ ਹੈ। ਉਨ੍ਹਾਂ ਬਿਜਲੀ ਕਾਮਿਆਂ ਅਤੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਸਰਕਾਰ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰੇ ਅਤੇ ਮੁਲਾਜ਼ਮਾਂ ਦੀ ਡੀਏ ਦੀ ਬਣਦੀ ਕਿਸ਼ਤ ਜਲਦ ਜਾਰੀ ਕਰੇ। ਉਨ੍ਹਾਂ ਐਮਐਸਪੀ ’ਚ ਕੀਤੇ ਗਏ ਵਾਧੇ ਨੂੰ ਨਿਗੂਣਾ ਦਸਦਿਆਂ ਕਿਹਾ ਕਿ ਝੋਨੇ ’ਚ 72 ਰੁਪਏ ਅਤੇ ਮੂੰਗੀ ਦੇ ਭਾਅ ’ਚ ਮਾਤਰ 13 ਰੁਪਏ ਦਾ ਵਾਧਾ ਬਹੁਤ ਘੱਟ ਹੈ। ਸਰਕਾਰ ਸਵਾਮੀਨਾਥਨ ਦੀ ਰਿਪੋਰਟ ਨੂੰ ਧਿਆਨ ’ਚ ਰੱਖ ਕੇ ਵਾਜ਼ਬ ਭਾਅ ਤੈਅ ਕਰੇ।

Comments
Post a Comment