ਆਪ-ਕਾਂਗਰਸ ਨੂੰ SIR ਤੋਂ ਦਰਦ ਕਿਉਂ? — ਨਕਲੀ ਵੋਟਾਂ ਦਾ ਮੋਹ ਉਜਾਗਰ : ਤਰੁਣ ਚੁੱਗ
ਮਤਦਾਤਾ ਸੂਚੀ ਸ਼ੁੱਧੀਕਰਨ ਲੋਕਤੰਤਰ ਦੀ ਨੀਂਹ ਹੈ, BJP ਕਰੇਗੀ ਪੂਰਾ ਸਹਿਯੋਗ : ਤਰੁਣ ਚੁੱਗ
ਚੰਡੀਗੜ੍ਹ 15 ਮਈ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਗ ਨੇ ਚੋਣ ਕਮਿਸ਼ਨ ਵੱਲੋਂ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ — ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ — ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਗਹਿਨ ਪੁਨਰੀਖਣ (SIR) ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸੰਵਿਧਾਨਕ, ਪਾਰਦਰਸ਼ੀ ਅਤੇ ਲੋਕਤੰਤਰੀ ਪ੍ਰਕਿਰਿਆ ਹੈ ਜਿਸਦਾ ਮਕਸਦ ਹਰ ਅਸਲੀ ਮਤਦਾਤਾ ਦਾ ਨਾਮ ਸੂਚੀ ਵਿੱਚ ਜੋੜਨਾ ਅਤੇ ਫਰਜ਼ੀ, ਡੁਪਲੀਕੇਟ, ਮ੍ਰਿਤਕ ਅਤੇ ਘੁਸਪੈਠੀਆਂ ਦੇ ਨਾਮ ਕੱਟਣਾ ਹੈ। ਤਰੁਣ ਚੁੱਗ ਨੇ ਕਿਹਾ ਕਿ ਮਤਦਾਤਾ ਸੂਚੀ ਦਾ ਸ਼ੁੱਧੀਕਰਨ ਕਿਸੇ ਰਾਜਨੀਤਿਕ ਦਲ ਦਾ ਏਜੰਡਾ ਨਹੀਂ — ਇਹ ਲੋਕਤੰਤਰ ਦੀ ਵਿਸ਼ਵਸਨੀਤਾ ਅਤੇ ਕ੍ਰੈਡੀਬਿਲਟੀ ਦੀ ਨੀਂਹ ਹੈ।
ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਤਰੁਣ ਚੁੱਗ ਨੇ ਕਿਹਾ ਕਿ ਵਿਰੋਧੀ ਧਿਰ ਦਾ SIR ਵਿਰੁੱਧ ਰੌਲਾ ਪੂਰੀ ਤਰ੍ਹਾਂ ਪਖੰਡ ਅਤੇ ਝੂਠ ਹੈ। ਉਨ੍ਹਾਂ ਯਾਦ ਕਰਾਇਆ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ SIR ਦੀ ਪ੍ਰਕਿਰਿਆ 13 ਵਾਰ ਹੋ ਚੁੱਕੀ ਹੈ ਅਤੇ 13 ਦੀਆਂ 13 ਵਾਰੀ ਕਾਂਗਰਸ ਦੇ ਰਾਜ ਵਿੱਚ ਹੋਈ। ਉਨ੍ਹਾਂ ਕਿਹਾ ਕਿ ਜੋ ਪ੍ਰਕਿਰਿਆ ਦਹਾਕਿਆਂ ਤੱਕ ਕਾਂਗਰਸ ਨੂੰ ਮਨਜ਼ੂਰ ਸੀ, ਉਹੀ ਅੱਜ ਉਨ੍ਹਾਂ ਨੂੰ "ਖ਼ਤਰਨਾਕ" ਲੱਗਣ ਲੱਗੀ ਹੈ — ਕਿਉਂਕਿ ਪੰਜਾਬ ਵਿੱਚ ਹਾਰ ਦਾ ਡਰ ਸਤਾ ਰਿਹਾ ਹੈ।
ਤਰੁਣ ਚੁੱਗ ਨੇ ਕਿਹਾ ਕਿ ਦੇਸ਼ ਜਾਣਨਾ ਚਾਹੁੰਦਾ ਹੈ ਕਿ ਆਖਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਇਸ ਪਾਰਦਰਸ਼ੀ ਮਤਦਾਤਾ ਸਤਿਆਪਨ ਪ੍ਰਕਿਰਿਆ ਤੋਂ ਇੰਨਾ ਦਰਦ ਕਿਉਂ ਹੋ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਵਿਰੋਧ ਹਾਰ ਦੀ ਹਤਾਸ਼ਾ ਹੈ, ਕੁੰਠਾ ਹੈ, ਜਾਂ ਨਕਲੀ ਵੋਟਾਂ ਦਾ ਮੋਹ? ਉਨ੍ਹਾਂ ਕਿਹਾ ਕਿ ਜੋ ਦਲ ਮਤਦਾਤਾ ਸਤਿਆਪਨ ਤੋਂ ਡਰ ਰਹੇ ਹਨ, ਉਨ੍ਹਾਂ ਨੂੰ ਜਨਤਾ ਨੂੰ ਦੱਸਣਾ ਪਵੇਗਾ ਕਿ ਉਹ ਪਾਰਦਰਸ਼ਿਤਾ ਅਤੇ ਸਵੱਛਤਾ ਤੋਂ ਕਿਉਂ ਘਬਰਾਉਂਦੇ ਹਨ — ਕਿਉਂਕਿ ਚੋਣ ਉਦੋਂ ਹੀ ਨਿਰਪੱਖ ਹੁੰਦੀ ਹੈ ਜਦੋਂ ਵੋਟਰ ਸੂਚੀ ਸ਼ੁੱਧ ਹੋਵੇ।
ਤਰੁਣ ਚੁੱਗ ਨੇ ਸਪੱਸ਼ਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਇੱਕ ਜ਼ਿੰਮੇਦਾਰ ਅਤੇ ਰਾਸ਼ਟਰਵਾਦੀ ਰਾਜਨੀਤਿਕ ਦਲ ਵਜੋਂ SIR ਦੀ ਪ੍ਰਕਿਰਿਆ ਵਿੱਚ ਪਹਿਲਾਂ ਵੀ ਸ਼ਾਮਲ ਹੁੰਦੀ ਰਹੀ ਹੈ ਅਤੇ ਇਸ ਵਾਰ ਵੀ ਪੂਰੀ ਸਰਗਰਮੀ ਅਤੇ ਇਮਾਨਦਾਰੀ ਨਾਲ ਭਾਗ ਲਵੇਗੀ। ਉਨ੍ਹਾਂ ਸਾਰੀਆਂ ਰਾਜਨੀਤਿਕ ਦਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕਤੰਤਰੀ ਪ੍ਰਕਿਰਿਆ ਦਾ ਸਮਰਥਨ ਕਰਨ ਅਤੇ ਹਰ ਬੂਥ 'ਤੇ ਬੈਠ ਕੇ ਇਹ ਯਕੀਨੀ ਬਣਾਉਣ ਕਿ ਵੋਟਰ ਸੂਚੀ ਸ਼ੁੱਧ, ਵਿਸ਼ਵਸਨੀ ਅਤੇ ਨਿਰਪੱਖ ਬਣੇ — ਕਿਉਂਕਿ ਮਜ਼ਬੂਤ ਲੋਕਤੰਤਰ ਦੀ ਸ਼ੁਰੂਆਤ ਇੱਕ ਇਮਾਨਦਾਰ ਵੋਟਰ ਸੂਚੀ ਤੋਂ ਹੁੰਦੀ ਹੈ।

Comments
Post a Comment