ਜਿਹੜੇ ਅਕਾਲੀ ਉਮੀਦਵਾਰਾਂ ਨੂੰ ਮਜੀਠਾ ਦੇ ਈ ਓ ਨੇ ਐਨ ਓ ਸੀ ਨਹੀਂ ਦਿੱਤੀਆਂ, ਉਹਨਾਂ ਨੂੰ ਨਿਆਂ ਦੇਵੇ ਸੂਬਾ ਚੋਣ ਕਮਿਸ਼ਨ : ਅਕਾਲੀ ਦਲ
ਜਿਹੜੇ ਅਕਾਲੀ ਉਮੀਦਵਾਰਾਂ ਨੂੰ ਮਜੀਠਾ ਦੇ ਈ ਓ ਨੇ ਐਨ ਓ ਸੀ ਨਹੀਂ ਦਿੱਤੀਆਂ, ਉਹਨਾਂ ਨੂੰ ਨਿਆਂ ਦੇਵੇ ਸੂਬਾ ਚੋਣ ਕਮਿਸ਼ਨ : ਅਕਾਲੀ ਦਲ
ਬਿਕਰਮ ਸਿੰਘ ਮਜੀਠੀਆ ਨੇ ਈ ਓ ਖਿਲਾਫ ਦਰਜ ਕਰਵਾਈ ਸ਼ਿਕਾਇਤ, ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ’ਤੇ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਦਾ ਲਗਾਇਆ ਦੋਸ਼
ਇਹ ਵੀ ਦੱਸਿਆ ਕਿ ਕਿਵੇ ਮੰਤਰੀ ਸੰਜੀਵ ਅਰੋੜਾ ਨੇ ਸੀ ਬੀ ਆਈ ਦੇ ਛਾਪਿਆਂ ਤੋਂ ਪਹਿਲਾਂ ਅਫਸਰਾਂ ਨੂੰ ਸਵੇਰੇ 5.00 ਵਜੇ ਦਫਤਰ ਵਿਚ ਸੱਦਿਆ ਤਾਂ ਜੋ ਭ੍ਰਿਸ਼ਟਾਚਾਰ ਨਾਲ ਸਬੰਧਤ ਫਾਈਲਾਂ ਗਾਇਬ ਕੀਤੀਆਂ ਜਾ ਸਕਣ
ਚੰਡੀਗੜ੍ਹ 16 ਮਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾ ਚੋਣ ਕਮਿਸ਼ਨ (ਐਸ ਈ ਸੀ) ਨੂੰ ਆਖਿਆ ਕਿ ਪਾਰਟੀ ਦੇ ਉਹਨਾਂ ਉਮੀਦਵਾਰਾਂ ਨੂੰ ਨਿਆਂ ਦੇਵੇ ਜਿਹਨਾਂ ਨੂੰ ਮਜੀਠਾ ਨਗਰ ਕਮੇਟੀ ਦੇ ਕਾਰਜਕਾਰੀ ਅਫਸਰ (ਈ ਓ) ਨੇ ਇਤਰਾਜ਼ ਨਹੀਂ ਸਰਟੀਫਿਕੇਟ (ਐਨ ਓ ਸੀ) ਨਹੀਂ ਦਿੱਤੇ, ਨਹੀਂ ਤਾਂ ਫਿਰ ਪਾਰਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰੇਗੀ। ਅਕਾਲੀ ਦਲ ਦੇ ਇਕ ਵਫਦ ਨੇ ਅੱਜ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਸੂਬਾ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਪਾਰਟੀ ਦੇ ਕਿਸੇ ਵੀ ਉਮੀਦਵਾਰਾਂ ਨੂੰ ਪਿਛਲੇ ਲਗਾਤਾਰ ਚਾਰ ਦਿਨਾਂ ਤੋਂ ਚੋਣਾਂ ਲੜਨ ਵਾਸਤੇ ਐਨ ਓ ਸੀ ਜਾਰੀ ਨਹੀਂ ਕੀਤੀ ਗਈ। ਮਜੀਠੀਆ ਨੇ ਦੱਸਿਆ ਕਿ ਇਹਨਾਂ ਸਾਰੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਦਿਆਂ ਹਲਫੀਆ ਬਿਆਨ ਲਗਾਏ ਹਨ ਕਿ ਉਹਨਾਂ ਨੇ ਆਪਣੇ ਬਕਾਏ ਕਲੀਅਰ ਕਰ ਦਿੱਤੇ ਹਨ ਤੇ ਉਹਨਾਂ ਦੇ ਦਸਤਾਵੇਜ਼ ਸਹੀ ਤਰਤੀਬ ਅਨੁਸਾਰ ਹਨ। ਮਜੀਠੀਆ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਚੋਣ ਪ੍ਰਕਿਰਿਆ ਵਿਚ ਸਿੱਧੀ ਦਖਲਅੰਦਾਜ਼ੀ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਸਾਨੂੰ ਪਤਾ ਲੱਗਾ ਹੈ ਕਿ ਈ ਓ ਰਮਨਦੀਪ ਵੜੈਚ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਾਡੇ ਅੱਧੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਣ ਤਾਂ ਜੋ ਅਕਾਲੀ ਦਲ ਆਪਣਾ ਪ੍ਰਧਾਨ ਬਣਾਉਣ ਦੇ ਯੋਗ ਹੀ ਨਾ ਰਹੇ।
ਉਹਨਾਂ ਨੇ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਮਾਮਲੇ ਦਾ ਨੋਟਿਸ ਲਵੇ ਅਤੇ ਯਕੀਨੀ ਬਣਾਵੇ ਕਿ ਮਜੀਠਾ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਧੱਕੇਸ਼ਾਹੀ ਨਾਲ ਰੱਦ ਨਾ ਕੀਤੇ ਜਾਣ। ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੇ ਈ ਓ ਦੇ ਕੰਮ ਕਰਨ ਦੀ ਸ਼ੈਲੀ ’ਤੇ ਵੀ ਸੂਬਾ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਉਹਨਾਂ ਕਿਹਾ ਕਿ ਜੂਨ 2025 ਵਿਚ ਲੁਧਿਆਣਾ ਕੇਂਦਰੀ ਦੀ ਜ਼ਿਮਨੀ ਚੋਣ ਵੇਲੇ ਭਾਰਤੀ ਚੋਣ ਕਮਿਸ਼ਨ ਨੇ ਈ ਓ ਰਮਨਦੀਪ ਵੜੈਚ ਨੂੰ ਝਾੜ ਪਾਈ ਸੀ ਤੇ ਹਦਾਇਤ ਕੀਤੀ ਸੀ ਕਿ ਉਹਨਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਉਹਨਾਂ ਨੂੰ ਮਜੀਠਾ ਵਿਚ ਈ ਓ ਲਗਾ ਦਿੱਤਾ ਗਿਆ। ਮਜੀਠੀਆ ਨੇ ਦੱਸਿਆ ਕਿ ਕਿਵੇਂ ਈ ਓ ਨੇ ਅਕਾਲੀ ਉਮੀਦਵਾਰਾਂ ਨੂੰ ਐਨ ਓ ਸੀ ਦੇਣ ਤੋਂ ਇਨਕਾਰ ਕੀਤਾ ਅਤੇ 14 ਮਈ ਨੂੰ ਆਪਣੇ ਦਫਤਰ ਵਿਚੋਂ ਖਿਸਕ ਗਏ। ਉਹਨਾਂ ਕਿਹਾ ਕਿ ਜਦੋਂ ਅਕਾਲੀ ਲੀਡਰਸ਼ਿਪ ਨੇ ਐਸ ਡੀ ਐਮ ਜੋ ਕਿ ਚੋਣ ਦੇ ਰਿਟਰਨਿੰਗ ਅਫਸਰ ਹਨ, ਕੋਲ ਪਹੁੰਚ ਕੀਤੀ ਤਾਂ ਉਹਨਾਂ ਈ ਓ ਨੂੰ ਹਦਾਇਤ ਕੀਤੀ ਕਿ 15 ਮਈ ਨੂੰ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਨਿਰਧਾਰਿਤ ਸਮੇਂ ਵਿਚ ਐਨ ਓ ਸੀ ਦਿੱਤੀ ਜਾਵੇ ਪਰ ਇਸਦੇ ਬਾਵਜੂਦ ਈ ਓ ਦਫਤਰ ਨਹੀਂ ਆਇਆ। ਉਹਨਾਂ ਕਿਹਾ ਕਿ ਈ ਓ ਨੇ ਖੁਦ ਰਿਟਰਨਿੰਗ ਅਫਸਰ ਕੋਲ ਮੰਨਿਆ ਹੈ ਕਿ ਉਸ ’ਤੇ ਆਪ ਸਰਕਾਰ ਦਾ ਦਬਾਅ ਹੈ ਕਿ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਨ ਓ ਸੀ ਨਾ ਦਿੱਤੀ ਜਾਵੇ।ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਦੱਸਿਆ ਕਿ ਕਿਵੇਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ 16 ਅਪ੍ਰੈਲ ਨੂੰ ਉਦਯੋਗ, ਬਿਜਲੀ ਤੇ ਸਥਾਨਕ ਸਰਕਾਰ ਵਿਭਾਗ ਦੇ ਸਾਰੇ ਸਟਾਫ ਨੂੰ ਸਵੇਰੇ 5.00 ਵਜੇ ਆਪਣੇ ਦਫਤਰ ਵਿਚ ਸੱਦ ਲਿਆ ਤਾਂ ਜੋ ਪੰਜਾਬ ਵਿਚ ਉਹਨਾਂ ਦੇ ਠਿਕਾਣੇ ’ਤੇ ਸੀ ਬੀ ਆਈ ਦੇ ਛਾਪਿਆਂ ਤੋਂ ਪਹਿਲਾਂ ਹੀ ਭ੍ਰਿਸ਼ਟਾਚਾਰ ਨਾਲ ਸਬੰਧਤ ਫਾਈਲਾਂ ਗਾਇਬ ਕਰ ਦਿੱਤੀਆਂ ਜਾਣ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤਹਿ ਤੱਕ ਜਾਣ ਵਾਸਤੇ ਸਟਾਫ ਤੋਂ ਪੁੱਛ ਗਿੱਛ ਕੀਤੀ ਜਾਵੇ। ਉਹਨਾਂ ਮੁੱਖ ਸਕੱਤਰ ਕੇ ਏ ਪੀ ਸਿਨਹਾ ’ਤੇ ਵੀ ਦੋਸ਼ ਲਗਾਏ ਕਿ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪ੍ਰਾਈਵੇਟ ਡਵੈਲਪਰਾਂ ਨੂੰ ਸਸਤੀਆਂ ਦਰਾਂ ’ਤੇ ਜ਼ਮੀਨ ਦੀ ਵਰਤੋਂ ਬਦਲਣ ਵਾਸਤੇ ਸੀ ਐਲ ਯੂ ਦੀ ਪ੍ਰਵਾਨਗੀ ਦਿੱਤੀ। ਉਹਨਾਂ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਪ ਦੇ ਸੋਸ਼ਲ ਮੀਡੀਆ ਤੋਂ ਨਾਂਹ ਪੱਖੀ ਟਿੱਪਣੀਆਂ ਹਟਾਉਣ ਵਾਸਤੇ ਤੇ ਹੱਕ ਵਿਚ ਟਿੱਪਣੀਆਂ ਪਾਉਣ ਵਾਸਤੇ 10.59 ਕਰੋੜ ਰੁਪਏ ਮੁੱਲ ਦਾ ਇਕ ਇਕਰਾਰ ਪ੍ਰਾਈਵੇਟ ਕੰਪਨੀ ਨਾਲ ਕੀਤਾ ਹੈ। ਇਸ ਮੌਕੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੀ ਸਰਦਾਰ ਮਜੀਠੀਆ ਦੇ ਨਾਲ ਸਨ।

Comments
Post a Comment