ਪੰਜਾਬ ਭਰ ਚ ਫੂਕੇ ਗਏ ਭਾਜਪਾ ਅਤੇ ਗਵਰਨਰ ਪੰਜਾਬ ਦੇ ਪੁਤਲੇ
ਗਵਰਨਰ ਭਵਨ ਵੱਲ ਮਾਰਚ ਕਰ ਰਹੇ ਕਿਸਾਨਾਂ ਤੇ ਪੁਲਿਸ ਜਬਰ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਵਲੋਂ ਪੁਤਲੇ ਫੂਕਣ ਦਾ ਦਿੱਤਾ ਗਿਆ ਸੀ ਸੱਦਾ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਅਤੇ ਹੱਦ ਕਰਜ਼ਿਆਂ ਸਬੰਧੀ ਕੇਂਦਰ ਸਰਕਾਰ ਵੱਲੋਂ ਨਾਬਾਰਡ ਦੇ ਰੋਕੇ 2400 ਕਰੋੜ ਰੁਪਏ ਜਾਰੀ ਕਰਨ ਦੀ ਮੰਗ
ਪੰਜਾਬ ਸਰਕਾਰ ਹੱਦ ਕਰਜ਼ਿਆਂ ਦੇ ਵਾਧੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰੇ
ਚੰਡੀਗੜ੍ਹ 16 ਮਈ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਸਮੇਤ ਪਾਣੀ ਦੀਆਂ ਹੋਰ ਮੰਗਾਂ ਨੂੰ ਲੈਕੇ ਬੀਤੀ ਕੱਲ ਗਵਰਨਰ ਭਵਨ ਵੱਲ ਮਾਰਚ ਕਰ ਰਹੇ ਕਿਸਾਨਾਂ ਉੱਤੇ ਕੀਤੇ ਜਬਰ ਵਿਰੁੱਧ ਭਾਜਪਾ ਅਤੇ ਗਵਰਨਰ ਪੰਜਾਬ ਦੇ ਪੁਤਲੇ ਫੂਕਣ ਦੇ ਦਿੱਤੇ ਸੱਦੇ ਤਹਿਤ ਅੱਜ ਸੂਬੇ ਭਰ ਵਿੱਚ ਸੈਂਕੜੇ ਥਾਵਾਂ ਤੇ ਕਿਸਾਨਾਂ ਨੇ ਪੂਤਲੇ ਫੂਕ ਕੇ ਪੁਲਿਸ ਜਬਰ ਵਿਰੁੱਧ ਸਖਤ ਰੋਹ ਜਾਹਰ ਕੀਤਾ। ਕਿਸਾਨਾਂ ਵਿੱਚ ਇਸ ਗੱਲ ਨੂੰ ਲੈਕੇ ਬੇਹੱਦ ਨਰਾਜ਼ਗੀ ਪਾਈ ਜਾ ਰਹੀ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੰਜਾਬ ਵਾਸੀਆਂ ਨੂੰ ਹੀ ਵੜਣ ਤੋਂ ਰੋਕਿਆ ਗਿਆ।ਉਹ ਇਸ ਗੱਲ ਲਈ ਭਾਜਪਾ ਅਤੇ ਉਸਦੇ ਗਵਰਨਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨ ਰਹੇ ਹਨ। ਵਰਣਨਯੋਗ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਤਾਕਤਾਂ ਦਾ ਲਗਾਤਾਰ ਕੇਂਦਰੀਕਰਨ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਕਮਜ਼ੋਰ ਕਰ ਰਹੀ ਹੈ ਇਸੇ ਦੀ ਕੜੀ ਵਜੋਂ ਡੈਮ ਸੇਫਟੀ ਐਕਟ ਤਹਿਤ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰੂਲਜ 'ਚ ਸੋਧ ਕਰਕੇ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ। ਹੁਣ ਪੰਜਾਬ ਤੋਂ ਬਾਹਰੋ ਇੰਜੀਨੀਅਰ ਲਾਉਣ ਲਈ ਅਰਜ਼ੀਆਂ ਮੰਗ ਲਈਆ ਗਈਆ ਹਨ। ਜਦੋਂ ਕਿ ਸਾਉਣੀ ਦੀਆਂ ਫ਼ਸਲਾਂ ਲਈ ਨਾਬਾਰਡ ਬੈਂਕ ਰਾਹੀਂ ਦਿੱਤੀ ਜਾਣ ਵਾਲੀ ਰਕਮ ਵਿਚੋਂ 2400 ਕਰੋੜ ਰੁਪਏ ਦੀ ਰਕਮ ਸਬੰਧੀ ਵੀ ਕੇਂਦਰ ਸਰਕਾਰ ਵੱਲੋਂ ਹੱਥ ਘੁੱਟ ਲਏ ਗਏ ਹਨ। ਕਿਸਾਨਾਂ ਵਿੱਚ ਇਨ੍ਹਾਂ ਗੱਲਾਂ ਨੂੰ ਲੈਕੇ ਭਾਜਪਾ ਵਿਰੁੱਧ ਸਖਤ ਨਰਾਜ਼ਗੀ ਪਾਈ ਜਾ ਰਹੀ ਹੈ।
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵੀ ਹੱਦ ਕਰਜ਼ਿਆਂ ਦੇ ਵਾਧੇ ਸੰਬੰਧੀ ਨੋਟੀਫਿਕੇਸ਼ਨ ਵਾਪਸ ਲੈਣ ਕਾਰਨ ਕਿਸਾਨ ਪੰਜਾਬ ਸਰਕਾਰ ਤੋਂ ਵੀ ਖਫਾ ਹਨ।ਹਾਲਾਂਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਵਫ਼ਦ ਨੂੰ ਹੱਦ ਕਰਜ਼ਿਆਂ ਦੇ ਵਾਧੇ ਵਾਲਾ ਨੋਟੀਫਿਕੇਸ਼ਨ 15 ਮਈ ਤੱਕ ਜਾਰੀ ਕਰਨ ਦਾ ਵਿਸ਼ਵਾਸ ਦਵਾਇਆ ਸੀ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਪੰਜਾਬ ਦਾ ਖੇਤੀ ਅਤੇ ਪਾਣੀ ਸੰਕਟ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ। ਤੇਲ ਕੀਮਤਾਂ ਵਿਚ ਵਾਧੇ ਅਤੇ ਲਾਗਤ ਵਸਤਾਂ ਦੀ ਮਹਿੰਗਾਈ ਨੇ ਰਹੀ ਸਹੀ ਕਸਰ ਵੀ ਕੱਢ ਦੇਣੀ ਹੈ।ਪਹਿਲਾਂ ਹੀ ਕਰਜ਼ੇ ਦੀ ਭੰਨੀ ਕਿਸਾਨੀ ਇਸੇ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਤਕਰੇ ਅਤੇ ਲਾਰੇ ਲੱਪਿਆ ਤੋਂ ਤੰਗ ਆ ਕੇ ਬੀਤੇ ਕੱਲ ਚੰਡੀਗੜ੍ਹ ਮੁਜ਼ਾਹਰੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਈ। ਸੰਯੁਕਤ ਕਿਸਾਨ ਮੋਰਚਾ ਨੇ ਦੋਵੇਂ ਸਰਕਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਸਾਨਾਂ ਦਾ ਹੋਰ ਇਮਤਿਹਾਨ ਨਾ ਲੈਣ ਵਰਨਾ ਉਨ੍ਹਾਂ ਨੂੰ ਇਸਦੀ ਮਹਿੰਗੀ ਕੀਮਤ ਚੁਕਾਉਣੀ ਪਵੇਗੀ।
ਅੱਜ ਦੇ ਪ੍ਰਦਰਸ਼ਨਾਂ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਨਿਰਭੈ ਸਿੰਘ ਢੁੱਡੀਕੇ, ਬੂਟਾ ਸਿੰਘ ਬੁਰਜਗਿੱਲ,ਮਨਜੀਤ ਸਿੰਘ ਧਨੇਰ, ਬਲਦੇਵ ਸਿੰਘ ਨਿਹਾਲਗੜ੍ਹ,ਰੁਲਦੂ ਸਿੰਘ ਮਾਨਸਾ,ਡਾ ਸਤਨਾਮ ਅਜਨਾਲਾ,ਅਵਤਾਰ ਮਹਿਮਾ, ਬਲਵਿੰਦਰ ਸਿੰਘ ਰਾਜੂਔਲਖ, ਜੰਗਵੀਰ ਸਿੰਘ ਚੌਹਾਨ,ਪ੍ਰੇਮ ਸਿੰਘ ਭੰਗੂ, ਹਰਜਿੰਦਰ ਸਿੰਘ ਟਾਂਡਾ, ਬੂਟਾ ਸਿੰਘ ਸ਼ਾਦੀਪੁਰ,ਬਲਵਿੰਦਰ ਸਿੰਘ ਮੱਲੀਨੰਗਲ, ਕੰਵਲਜੀਤ ਸਿੰਘ ਪੰਨੂ,ਹਰਭਜਨ ਸਿੰਘ ਬੁੱਟਰ,ਵੀਰ ਸਿੰਘ ਬੜਵਾ,ਮੇਜਰ ਸਿੰਘ ਭਿੱਖੀਵਿੰਡ, ਲੱਖਣਪਾਲ ਸ਼ਰਮਾ, ਤਰਸੇਮ ਸਿੰਘ ਹੀਰਕੇ, ਨਛੱਤਰ ਸਿੰਘ ਜੈਤੋ,ਗੁਰਵਿੰਦਰ ਸਿੰਘ ਢਿੱਲੋ , ਸੁਖਦੇਵ ਸਿੰਘ ਅਰਾਈਆਂਵਾਲਾ,ਨਿਰਵੈਲ ਸਿੰਘ ਡਾਲੇਕੇ ਅਤੇ ਹਰਦੇਵ ਸਿੰਘ ਸੰਧੂ ਆਦਿ ਨੇ ਕੀਤੀ।

Comments
Post a Comment