ਅਕਾਲੀ ਦਲ ਨੇ ਪਾਰਟੀ ਐਮ ਐਲ ਏ ਨਾਲ ਬਦਸਲੂਕੀ ਕਰਨ ਵਾਲੇ ਮਜੀਠਾ ਦੇ ਡੀ ਐਸ ਪੀ ਕਮਲਮੀਤ ਸਿੰਘ ਦੇ ਖਿਲਾਫ ਕੀਤੀ ਸ਼ਿਕਾਇਤ
ਅਰਸ਼ਦੀਪ ਸਿੰਘ ਕਲੇਰ ਨੇ ਅਫਸਰ ਦੇ ਤੁਰੰਤ ਤਬਾਦਲੇ ਤੇ ਕਾਰਵਾਈ ਦੀ ਕੀਤੀ ਮੰਗ
ਚੰਡੀਗੜ੍ਹ 20 ਮਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾ ਚੋਣ ਕਮਿਸ਼ਨ ਕੋਲ ਮਜੀਠਾ ਦੇ ਡੀ ਐਸ ਪੀ ਕਮਲਮੀਤ ਸਿੰਘ ਵੱਲੋਂ ਪਾਰਟੀ ਦੇ ਐਮ ਐਲ ਏ ਸ੍ਰੀਮਤੀ ਗਨੀਵ ਕੌਰ ਮਜੀਠੀਆ ਨਾਲ ਬਦਸਲੂਕੀ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਮੰਗ ਕੀਤੀ ਕਿ ਉਸਦਾ ਫੌਰੀ ਤਬਾਦਲਾ ਕੀਤਾ ਜਾਵੇ ਤੇ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ। ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਸ਼ਿਕਾਇਤ ਦੇਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਡੀ ਐਸ ਪੀ ਨੇ ਹਲਕੇ ਦੇ ਚੁਣੇ ਹੋਏ ਐਮ ਐਲ ਏ ਨਾਲ ਬਦਸਲੂਕੀ ਕੀਤੀ ਤੇ ਆਪ ਦੇ ਹਲਕਾ ਇੰਚਾਰਜ ਦੇ ਏਜੰਟ ਵਜੋਂ ਕੰਮ ਕੀਤਾ। ਉਹਨਾਂ ਕਿਹਾ ਕਿ ਅਫਸਰ ਵੱਲੋਂ ਬਦਸਲੂਕੀ ਕਰਨ ਦੀ ਵੀਡੀਓ ਜਨਤਕ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਐਮ ਸੀ ਚੋਣਾਂ ਵਾਸਤੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਘੋਖ ਤੋਂ ਪਹਿਲਾਂ ਹੀ ਡੀ ਐਸ ਪੀ ਨੇ ਘੋਖ ਦਾ ਨਤੀਜਾ ਐਲਾਨ ਦਿੱਤਾ ਹਾਲਾਂਕਿ ਉਸਦਾ ਪ੍ਰਸ਼ਾਸਕੀ ਕੰਮ ਨਾਲ ਕੋਈ ਸਰੋਕਾਰ ਨਹੀਂ ਹੈ ਜੋ ਕਿ ਐਸ ਡੀ ਐਮ ਦੀ ਜ਼ਿੰਮੇਵਾਰੀ ਹੈ।
ਆਪਣੀ ਸ਼ਿਕਾਇਤ ਵਿਚ ਕਲੇਰ ਨੇ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਘੋਖ ਦੇ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਪ੍ਰਤੀਨਿਧਾਂ ਨੂੰ ਸਿਖ਼ਰ ਦੁਪਹਿਰੇ 2.00 ਵਜੇ ਤੱਕ ਧੁੱਪ ਵਿਚ ਖੜ੍ਹਾ ਰੱਖਿਆ ਗਿਆ ਤੇ ਐਸ ਡੀ ਐਮ ਨੇ ਘੋਖ ਦੇ ਨਤੀਜੇ 8.00 ਵਜੇ ਦੱਸੇ। ਉਹਨਾਂ ਕਿਹਾ ਕਿ ਦੂਜੇ ਪਾਸੇ ਆਪ ਦੇ ਉਮੀਦਵਾਰਾਂ ਨੇ ਸ਼ਾਮ 6.00 ਵਜੇ ਹੀ ਆਪਣੇ ਆਪ ਨੂੰ ’ਬਿਨਾ ਮੁਕਾਬਲਾ ਜੇਤੂ’ ਕਰਾਰ ਦੇ ਦਿੱਤਾ।
ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਡੀ ਐਸ ਪੀ ਆਪ ਦੇ ਹਲਕਾ ਇੰਚਾਰਜ ਦੇ ਹੁਕਮ ਵਜਾ ਰਿਹਾ ਹੈ ਤੇ ਸੂਬੇ ਦੇ ਹੋਰ ਭਾਗਾਂ ਵਾਂਗੂ ਮਜੀਠਾ ਵਿਚ ਵੀ ਚੋਣ ਮਸ਼ੀਨਰੀ ਢਹਿ ਢੇਰੀ ਹੋ ਗਈ ਹੈ। ਉਹਨਾਂ ਨੇ ਸੂਬਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਅਫਸਰਾਂ ਨੂੰ ਆਪ ਆਗੂਆਂ ਦੇ ਹੁਕਮਾਂ ’ਤੇ ਗੈਰ ਕਾਨੂੰਨੀ ਕੰਮ ਕਰਨ ਤੋਂ ਰੋਕਿਆ ਜਾਵੇ ਨਹੀਂ ਤਾਂ ਅਕਾਲੀ ਦਲ ਉਹਨਾਂ ਨੂੰ ਅਦਾਲਤਾਂ ਵਿਚ ਘੜੀਸੇਗਾ। ਮੀਡੀਆ ਦੇ ਸਵਾਲ ਦੇ ਜਵਾਬ ਵਿਚ ਅਕਾਲੀ ਆਗੂ ਨੇ ਕਿਹਾ ਕਿ ਆਪ ਆਗੂ ਮਨੀਸ਼ ਸਿਸੋਦੀਆ ਨੇ ਸ਼ਰ੍ਹੇਆਮ ਕਿਹਾ ਸੀ ਕਿ ’ਸਾਮ ਦਾਮ ਦੰਡ ਭੇਦ’ ਦੀ ਵਰਤੋਂ ਸੂਬੇ ਵਿਚ ਮੁੜ ਸੱਤਾ ਹਾਸਲ ਕਰਨ ਵਾਸਤੇ ਕੀਤੀ ਜਾਵੇਗੀ ਤੇ ਨਗਰ ਨਿਗਮ/ਨਗਰ ਕੌਂਸਲ ਚੋਣਾਂ ਵਿਚ ਇਹੀ ਨੀਤੀ ਲਾਗੂ ਕੀਤੀ ਜਾ ਰਹੀ ਹੈ।
Comments
Post a Comment